20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਮੁਹਾਲੀ ਦੇ ਫੋਰਟਿਸ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਅਫ਼ਵਾਹ ਨਿਕਲੀ

ਅਜੀਤ ਡੈਸਕ 18-02-2026

ਮੁੱਖ ਮੰਤਰੀ ਹਸਪਤਾਲ 'ਚ ਹਨ ਦਾਖ਼ਲ
ਐੱਸ. ਏ. ਐੱਸ. ਨਗਰ, 17 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਅੱਜ ਫੋਰਟਿਸ ਹਸਪਤਾਲ ਤੇ ਮੁਹਾਲੀ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਵਾਲੀਆਂ ਈ. ਮੇਲ ਪ੍ਰਾਪਤ ਹੋਈਆਂ | ਧਮਕੀ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਵਿਚ ਆ ਗਿਆ ਅਤੇ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ | ਜਾਂਚ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ, ਜਿਸ ਨਾਲ ਬੰਬ ਦੀ ਧਮਕੀ ਅਫ਼ਵਾਹ ਸਾਬਤ ਹੋਈ | ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਮੋਗਾ ਰੈਲੀ ਉਪਰੰਤ ਬੀਤੀ ਦੇਰ ਰਾਤ ਸਿਹਤ ਖ਼ਰਾਬ ਹੋਣ ਦੇ ਚਲਦਿਆਂ ਮੁੜ ਫੋਰਟਿਸ ਹਸਪਤਾਲ ਵਿਖੇ ਦਾਖ਼ਲ ਹੋਏ ਸਨ, ਜਿਸ ਕਾਰਨ ਇਸ ਧਮਕੀ ਨੂੰ ਸਥਾਨਕ ਪ੍ਰਸ਼ਾਸਨ ਤੇ ਸੁਰੱਖਿਆ ਏਜੰਸੀਆਂ ਵਲੋਂ ਬਹੁਤ ਜ਼ਿਆਦਾ ਗੰਭੀਰਤਾ ਨਾਲ ਲਿਆ ਗਿਆ |
ਹਸਪਤਾਲ ਵਲੋਂ ਮੁੱਖ ਮੰਤਰੀ ਦੀ ਸਿਹਤ ਬਾਰੇ ਬੁਲਿਟਨ ਜਾਰੀ
ਦੂਜੇ ਪਾਸੇ ਫੋਰਟਿਸ ਹਸਪਤਾਲ ਵਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਜਾਰੀ ਮੈਡੀਕਲ ਅੱਪਡੇਟ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਫੋਰਟਿਸ ਹਸਪਤਾਲ ਮੁਹਾਲੀ ਦਾ ਰੁਟੀਨ ਡਾਕਟਰੀ ਮੁਲਾਂਕਣ ਲਈ ਦੌਰਾ ਕੀਤਾ ਸੀ | ਇਸ ਦੇ ਚਲਦਿਆਂ ਹਸਪਤਾਲ ਵਲੋਂ ਉਨ੍ਹਾਂ ਦੀਆਂ ਵਿਆਪਕ ਕਲੀਨੀਕਲ ਮੁਲਾਂਕਣ ਅਤੇ ਮਿਆਰੀ ਡਾਇਗਨੋਸਟਿਕ ਜਾਂਚਾਂ ਕੀਤੀਆਂ ਗਈਆਂ ਸਨ | ਇਸ ਦੌਰਾਨ ਸਾਰੇ ਮਹੱਤਵਪੂਰਨ ਮਾਪਦੰਡ ਸਥਿਰ ਤੇ ਸਹੀ ਪਾਏ ਗਏ | ਉਹ ਥਕਾਵਟ ਮਹਿਸੂਸ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਨਿਗਰਾਨੀ ਅਤੇ ਸਹਾਇਕ ਦੇਖਭਾਲ ਲਈ ਹਸਪਤਾਲ ਵਿਖੇ ਦਾਖ਼ਲ ਕੀਤਾ ਗਿਆ ਸੀ | ਫ਼ਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਹ ਸੀਨੀਅਰ ਮੈਡੀਕਲ ਡਾਕਟਰੀ ਟੀਮ ਦੀ ਨਿਗਰਾਨੀ ਹੇਠ ਜ਼ੇਰੇ ਇਲਾਜ ਹਨ |
ਇਸ ਦੌਰਾਨ ਫੋਰਟਿਸ ਹਸਪਤਾਲ ਦੇ ਅੱਗੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐੱਸ. ਪੀ. ਸਿਟੀ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਪੁਰਾਣੇ ਪੈਟਰਨ ਅਨੁਸਾਰ ਇਕ ਨਿੱਜੀ ਸਕੂਲ ਦੀ ਈ. ਮੇਲ 'ਤੇ ਕਈ ਸਕੂਲਾਂ ਸਮੇਤ ਫੋਰਟਿਸ ਹਸਪਤਾਲ ਮੁਹਾਲੀ ਨੂੰ ਬੰਬ ਨਾਲ ਉਡਾਉਣ ਸੰਬੰਧੀ ਧਮਕੀ ਮਿਲਣ ਤੋਂ ਬਾਅਦ ਪੁਲਿਸ ਵਲੋਂ ਤੁਰੰਤ ਸੰਬੰਧਿਤ ਸਕੂਲਾਂ ਤੇ ਫੋਰਟਿਸ ਹਸਪਤਾਲ ਦੇ ਅੰਦਰ ਤੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਕੇ ਸਾਬੋਟੇਜ ਦੀਆਂ 5 ਟੀਮਾਂ ਸੱਦ ਕੇ ਚੈਕਿੰਗ ਮੁਹਿੰਮ ਚਲਾਈ ਗਈ | ਉਨ੍ਹਾਂ ਦੱਸਿਆ ਕਿ ਜਾਂਚ ਟੀਮਾਂ ਵਲੋਂ ਹਸਪਤਾਲ ਦੀਆਂ ਐਮਰਜੈਂਸੀ ਸੇਵਾਵਾਂ ਵਾਲੇ ਖੇਤਰ ਨੂੰ ਛੱਡ ਕੇ ਬਾਕੀ ਸੇਵਾਵਾਂ ਨੂੰ ਰੋਕ ਕੇ ਚੰਗੀ ਤਰ੍ਹਾਂ ਜਾਂਚ ਕੀਤੀ ਗਈ | ਐੱਸ. ਪੀ. ਸਿਟੀ ਨੇ ਦੱਸਿਆ ਕਿ ਜਾਂਚ ਤੇ ਤਲਾਸ਼ੀ ਮੁਹਿੰਮ ਦੌਰਾਨ ਹਸਪਤਾਲ ਜਾਂ ਕਿਸੇ ਵੀ ਸਕੂਲ ਵਿਚੋਂ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ | ਉਨ੍ਹਾਂ ਕਿਹਾ ਕਿ ਇਹ ਧਮਕੀ ਅਫ਼ਵਾਹ ਜਾਪਦੀ ਹੈ | ਉਨ੍ਹਾਂ ਕਿਹਾ ਕਿ ਮੁਹਾਲੀ ਪੁਲਿਸ ਸਕੂਲਾਂ ਤੇ ਹਸਪਤਾਲ ਦੀ ਸੁਰੱਖਿਆ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਉਨ੍ਹਾਂ ਦੱਸਿਆ ਕਿ ਕੇਵਲ ਉਨ੍ਹਾਂ ਹੀ ਸਕੂਲਾਂ ਨੂੰ ਨਿਸ਼ਾਨਾ ਬਣਾ ਕੇ ਈ. ਮੇਲ. ਭੇਜੀ ਗਈ ਹੈ, ਜਿਨ੍ਹਾਂ ਨੂੰ ਪਿਛਲੇ ਬੁੱਧਵਾਰ ਵੀ ਅਜਿਹੀ ਹੀ ਧਮਕੀ ਮਿਲੀ ਸੀ | ਉਨ੍ਹਾਂ ਕਿਹਾ ਕਿ ਪਿਛਲੀ ਵਾਰ ਸਾਈਬਰ ਜਾਂਚ ਦੌਰਾਨ ਧਮਕੀ ਵਾਲੀ ਈ. ਮੇਲ ਦਾ ਆਈ. ਪੀ. ਐਡਰੈੱਸ ਅਮਰੀਕਾ ਦਾ ਆਇਆ ਸੀ ਅਤੇ ਰਿਕਵਰੀ ਈ. ਮੇਲ. ਬੰਗਲਾਦੇਸ਼ ਦੀ ਪਾਈ ਗਈ ਸੀ | ਇਹ ਈ. ਮੇਲ ਵੀ ਪਿਛਲੇ ਵਾਲੇ ਆਈ. ਪੀ. ਐਡਰੈੱਸ ਤੋਂ ਹੀ ਆਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜਿਹੜੀ ਈ. ਮੇਲ ਸਕੂਲਾਂ ਵਿਚ ਆਈ ਹੈ, ਉਸ ਵਿਚ ਮੁੱਖ ਮੰਤਰੀ ਪੰਜਾਬ ਨੂੰ ਵੀ ਧਮਕੀ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ਮੁਹਾਲੀ ਅਤੇ ਚੰਡੀਗੜ੍ਹ ਵਿਚ ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਧਮਕੀਆਂ ਦੇ ਮਾਮਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ | ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ 15 ਫਰਵਰੀ ਦਿਨ ਐਤਵਾਰ ਨੂੰ ਬਾਅਦ ਦੁਪਹਿਰ ਫੋਰਟਿਸ ਹਸਪਤਾਲ ਵਿਖੇ ਦਾਖ਼ਲ ਹੋਏ ਸਨ | ਉਹ 16 ਫਰਵਰੀ ਨੂੰ ਦੁਪਹਿਰ ਸਮੇਂ ਖ਼ੁਦ ਮੋਗਾ ਨੇੜੇ ਆਮ ਆਦਮੀ ਪਾਰਟੀ ਵਲੋਂ ਕੀਤੀ ਗਈ ਸੂਬਾ ਪੱਧਰੀ ਨਸ਼ਾ ਵਿਰੋਧੀ ਰੈਲੀ ਵਿਚ ਸ਼ਾਮਿਲ ਹੋਣ ਲਈ ਹਸਪਤਾਲ 'ਚੋਂ ਛੁੱਟੀ ਲੈ ਕੇ ਚਲੇ ਗਏ ਸਨ ਤੇ ਦੇਰ ਸ਼ਾਮ ਮੁੜ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਮੁੜ ਦਾਖ਼ਲ ਹੋ ਗਏ ਸਨ |

ਪਿਛਲੀ ਖ਼ਬਰ ਏ.ਆਈ. ਸਿਖ਼ਰ ਸੰਮੇਲਨ 'ਚ ਪਹਿਲੇ ਦਿਨ ਹੋਈਆਂ ਬਦਇੰਤਜ਼ਾਮੀਆਂ ਲਈ ਵੈਸ਼ਨਵ ਨੇ ਮੰਗੀ ਮੁਆਫ਼ੀ ਅਗਲੀ ਖ਼ਬਰ ਪੰਜਾਬ ਟਰੇਡ ਕਮਿਸ਼ਨ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।