ਰਾਵੀ 'ਤੇ ਭਾਰਤ ਦਾ ਹੱਕ, ਅਸੀਂ ਇਸ ਵਿਰੁੱਧ ਕੌਮਾਂਤਰੀ ਅਦਾਲਤ 'ਚ ਨਹੀਂ ਜਾ ਸਕਦੇ-ਤਰਾਰ
ਪਾਣੀ ਦੀ ਸਪਲਾਈ ਘਟਣ ਨਾਲ ਹੇਠਲੇ ਖੇਤਰਾਂ 'ਚ ਬਣ ਸਕਦੀ ਹੈ ਪਾਣੀ ਦੀ ਗੰਭੀਰ ਕਮੀ
ਅੰਮਿ੍ਤਸਰ, 17 ਫਰਵਰੀ (ਸੁਰਿੰਦਰ ਕੋਛੜ)-ਭਾਰਤ ਵਲੋਂ ਰਾਵੀ ਨਦੀ ਦੇ ਪਾਣੀ ਨੂੰ ਪਾਕਿਸਤਾਨ 'ਚ ਵਹਿਣ ਤੋਂ ਰੋਕਣ ਲਈ ਪੰਜਾਬ ਅਤੇ ਜੰਮੂ-ਕਸ਼ਮੀਰ ਦੀ ਸਰਹੱਦ 'ਤੇ ਸ਼ਾਹਪੁਰ ਕੰਢੀ ਡੈਮ 'ਤੇ ਸ਼ੁਰੂ ਕੀਤੇ ਪ੍ਰੋਜੈਕਟ ਦੇ ਆਪਣੇ ਆਖ਼ਰੀ ਪੜਾਅ 'ਚ ਪਹੁੰਚਣ ਨਾਲ ਗੁਆਂਢੀ ਮੁਲਕ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ | ਇਸ ਪ੍ਰੋਜੈਕਟ ਦੇ 31 ਮਾਰਚ ਤੱਕ ਪੂਰਾ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ | ਪਾਕਿ ਪਹਿਲਾਂ ਹੀ ਪਾਣੀ ਦੇ ਸੰਕਟ ਨਾਲ ਜੂਝ ਰਿਹਾ ਹੈ | ਰਾਵੀ ਦੇ ਪਾਣੀ ਦੀ ਸਪਲਾਈ ਘਟਣ ਨਾਲ ਇਸ ਦੇ ਹੇਠਲੇ ਖੇਤਰਾਂ 'ਚ ਪਾਣੀ ਦੀ ਹੋਰ ਗੰਭੀਰ ਕਮੀ ਬਣ ਸਕਦੀ ਹੈ | ਦੱਸਿਆ ਜਾ ਰਿਹਾ ਹੈ ਕਿ 1960 ਦੀ ਸਿੰਧੂ ਜਲ ਸੰਧੀ ਦੇ ਤਹਿਤ ਭਾਰਤ ਕੋਲ ਰਾਵੀ ਦਰਿਆ 'ਤੇ ਪੂਰਾ ਅਧਿਕਾਰ ਹੈ, ਪਰ ਅਜੇ ਤੱਕ ਤਕਨੀਕੀ ਕਮੀਆਂ ਅਤੇ ਡੈਮਾਂ ਦੀ ਘਾਟ ਕਾਰਨ ਰਾਵੀ ਦਾ ਬਹੁਤ ਸਾਰਾ ਪਾਣੀ ਪਾਕਿ ਨੂੰ ਜਾ ਰਿਹਾ ਸੀ | ਦੱਸਿਆ ਜਾ ਰਿਹਾ ਹੈ ਕਿ ਹੁਣ ਰਾਵੀ ਤੋਂ 1,150 ਕਿਊਸਿਕ ਪਾਣੀ ਜੰਮੂ-ਕਸ਼ਮੀਰ ਦੇ ਕਠੂਆ ਅਤੇ ਸਾਂਬਾ ਜ਼ਿਲਿ੍ਹਆਂ ਅਤੇ ਪੰਜਾਬ ਦੇ ਸੋਕੇ ਵਾਲੇ ਖੇਤਰਾਂ 'ਚ ਸਿੰਚਾਈ ਕਰਨ ਲਈ ਵਰਤਿਆ ਜਾਵੇਗਾ | ਇਹ ਪ੍ਰੋਜੈਕਟ ਇਨ੍ਹਾਂ ਖੇਤਰਾਂ ਲਈ ਜੀਵਨ ਰੇਖਾ ਸਾਬਤ ਹੋਵੇਗਾ | ਇਸ ਪ੍ਰੋਜੈਕਟ ਨਾਲ ਕਠੂਆ ਅਤੇ ਸਾਂਬਾ ਜ਼ਿਲਿ੍ਹਆਂ 'ਚ 32,173 ਹੈਕਟੇਅਰ ਜ਼ਮੀਨ ਸਿੰਚਾਈ ਕੀਤੀ ਜਾਵੇਗੀ ਅਤੇ ਪੰਜਾਬ 'ਚ ਲਗਭਗ 5,000 ਹੈਕਟੇਅਰ ਵਾਧੂ ਜ਼ਮੀਨ ਨੂੰ ਪਾਣੀ ਮਿਲੇਗਾ | ਕੁੱਲ ਮਿਲਾ ਕੇ 37,000 ਹੈਕਟੇਅਰ ਤੋਂ ਵੱਧ ਖੇਤੀਬਾੜੀ ਜ਼ਮੀਨ ਨੂੰ ਲਾਭ ਹੋਵੇਗਾ ਅਤੇ ਬਿਜਲੀ ਵੀ ਪੈਦਾ ਹੋਵੇਗੀ | ਦੱਸਣਯੋਗ ਹੈ ਕਿ ਰਾਵੀ ਨਦੀ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਦੱਰੇ ਤੋਂ ਨਿਕਲਦੀ ਹੈ | ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਪੰਜਾਬ 'ਚੋਂ ਵਗਦੀ ਹੋਈ ਫਿਰ ਪਾਕਿ 'ਚ ਘੁੰਮ ਜਾਂਦੀ ਹੈ | ਉੱਥੋਂ ਇਹ ਝੰਗ ਜ਼ਿਲ੍ਹੇ ਦੀ ਸਰਹੱਦ 'ਤੇ ਚਨਾਬ ਨਦੀ 'ਚ ਸ਼ਾਮਿਲ ਹੁੰਦੀ ਹੈ | ਦੱਸਿਆ ਜਾ ਰਿਹਾ ਹੈ ਕਿ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਪਾਕਿ ਦੇ ਕਾਨੂੰਨ ਮੰਤਰੀ ਆਜ਼ਮ ਨਜ਼ੀਰ ਤਰਾਰ ਪਹਿਲਾਂ ਹੀ ਆਪਣੇ ਦੇਸ਼ ਦੀ ਸੰਸਦ 'ਚ ਕਹਿ ਚੁੱਕੇ ਹਨ ਕਿ ਦਰਿਆ ਰਾਵੀ 'ਤੇ ਭਾਰਤ ਦਾ ਹੱਕ ਹੈ ਅਤੇ ਅਸੀਂ ਇਸ ਵਿਰੁੱਧ ਕੌਮਾਂਤਰੀ ਅਦਾਲਤ 'ਚ ਨਹੀਂ ਜਾ ਸਕਦੇ | ਪਾਕਿ ਕਾਨੂੰਨ ਮੰਤਰੀ ਨੇ ਇਹ ਵੀ ਕਿਹਾ ਕਿ ਕਾਨੂੰਨੀ ਮੁੱਦਿਆਂ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ ਅਤੇ ਸੱਚਾਈ ਨੂੰ ਛੁਪਾਇਆ ਨਹੀਂ ਜਾ ਸਕਦਾ | ਦੱਸਣਯੋਗ ਹੈ ਕਿ ਪਾਕਿ ਅਤੇ ਭਾਰਤ ਨੇ ਸੰਨ 1960 'ਚ ਸਿੰਧੂ ਜਲ ਸੰਧੀ 'ਤੇ ਦਸਤਖ਼ਤ ਕੀਤੇ ਸਨ | ਇਸ ਸੰਧੀ ਦੇ ਤਹਿਤ ਤਿੰਨ ਪਾਕਿਸਤਾਨ ਨੂੰ ਸਿੰਧੂ, ਜਿਹਲਮ ਅਤੇ ਚਨਾਬ ਨਦੀਆਂ ਦੇ ਪਾਣੀ 'ਤੇ ਅਧਿਕਾਰ ਦਿੱਤਾ ਗਿਆ, ਜਦੋਂ ਕਿ ਭਾਰਤ ਨੂੰ ਰਾਵੀ, ਸਤਲੁਜ ਅਤੇ ਬਿਆਸ ਦਰਿਆਵਾਂ ਦੇ ਪਾਣੀ 'ਤੇ ਅਧਿਕਾਰ ਪ੍ਰਾਪਤ ਹੋਇਆ | ਭਾਰਤ ਨੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਅਪ੍ਰੈਲ 2025 'ਚ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰ ਦਿੱਤਾ |
ਸ਼ਾਹਪੁਰ ਕੰਢੀ ਡੈਮ 'ਤੇ ਸ਼ੁਰੂ ਕੀਤੇ ਪ੍ਰਾਜੈਕਟ ਕਾਰਨ ਪਾਕਿ ਦੀਆਂ ਧੜਕਣਾਂ ਹੋਈਆਂ ਤੇਜ਼
ਅਜੀਤ ਡੈਸਕ
18-02-2026