20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਕਪਿਲ ਦੇਵ ਤੇ ਗਾਵਸਕਰ ਸਮੇਤ 14 ਸਾਬਕਾ ਕਪਤਾਨਾਂ ਵਲੋਂ ਇਮਰਾਨ ਖ਼ਾਨ ਨੂੰ ਉਚਿਤ ਮੈਡੀਕਲ ਸੁਵਿਧਾ ਮੁਹੱਈਆ ਕਰਵਾਉਣ ਦੀ ਅਪੀਲ

ਅਜੀਤ ਡੈਸਕ 18-02-2026

ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਲਿਖੀ ਚਿੱਠੀ
ਨਵੀਂ ਦਿੱਲੀ, 17 ਫਰਵਰੀ (ਉਪਮਾ ਡਾਗਾ ਪਾਰਥ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਕ੍ਰਿਕਟਰ ਇਮਰਾਨ ਖ਼ਾਨ ਦੀ ਹਮਾਇਤ 'ਚ ਆਉਂਦਿਆਂ ਅੰਤਰਰਾਸ਼ਟਰੀ ਕ੍ਰਿਕਟ ਦੇ 14 ਸਾਬਕਾ ਕਪਤਾਨਾਂ, ਜਿਨ੍ਹਾਂ 'ਚ ਕਪਿਲ ਦੇਵ, ਸੁਨੀਲ ਗਾਵਸਕਰ ਵੀ ਸ਼ਾਮਿਲ ਹਨ, ਨੇ ਪਾਕਿਸਤਾਨੀ ਸਰਕਾਰ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਚਿੱਠੀ ਲਿਖ ਕੇ ਇਮਰਾਨ ਖ਼ਾਨ ਨੂੰ ਜੇਲ੍ਹ 'ਚ ਫੌਰੀ ਅਤੇ ਪੂਰੀ ਮੈਡੀਕਲ ਸੁਵਿਧਾ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ | ਚਿੱਠੀ 'ਚ ਭਾਰਤ ਦੇ ਸਾਬਕਾ ਕਪਤਾਨਾਂ ਸੁਨੀਲ ਗਾਵਸਕਰ ਅਤੇ ਕਪਿਲ ਦੇਵ ਤੋਂ ਇਲਾਵਾ ਗ੍ਰੇਗ ਚੈਪਲ, ਬੇਲਿੰਡਾ ਕਲਾਰਕ, ਮਾਈਕ ਏਥਰਟਨ, ਨਾਸਿਰ ਹੁਸੈਨ, ਇਯਾਨ ਚੈਪਲ, ਐਲਨ ਬਾਰਡਰ, ਮਾਈਕਲ ਬ੍ਰੇਯਰਲੀ, ਡੇਵਿਡ ਗਾਵਰ, ਕਲਾਈਵ ਲਾਯਡ, ਸਟੀਵ ਵਾਗ, ਕਿਮ ਹਥੂਜ਼ ਅਤੇ ਜਾੱਨ ਰਾਈਟ ਦੇ ਦਸਤਖ਼ਤ ਹਨ | ਸਾਬਕਾ ਕਪਤਾਨਾਂ ਨੇ ਆਪਣੀ ਚਿੱਠੀ 'ਚ ਲਿਖਿਆ ਕਿ ਇਮਰਾਨ ਖ਼ਾਨ ਦੀ ਸਿਹਤ ਸੰਬੰਧੀ ਖ਼ਬਰਾਂ ਚਿੰਤਾਜਨਕ ਹਨ | ਹਾਸਿਲ ਜਾਣਕਾਰੀ ਮੁਤਾਬਿਕ ਉਨ੍ਹਾਂ ਦੀ ਸੱਜੀ ਅੱਖ ਦੀ ਰੌਸ਼ਨੀ ਕਾਫ਼ੀ ਹੱਦ ਤੱਕ ਪ੍ਰਭਾਵਿਤ ਹੈ | 17 ਫਰਵਰੀ, 2026 ਨੂੰ ਇਨ੍ਹਾਂ ਕ੍ਰਿਕਟਰਾਂ ਨੇ ਇਮਰਾਨ ਖ਼ਾਨ ਦੀ ਜੇਲ੍ਹ 'ਚ ਉਨ੍ਹਾਂ ਦੇ ਭਰੋਸੇਮੰਦ ਡਾਕਟਰ ਤੋਂ ਇਲਾਜ ਕਰਵਾਉਣ, ਪਰਿਵਾਰ ਨਾਲ ਨਿਸਚਿਤ ਮੁਲਾਕਾਤ ਅਤੇ ਬਿਨਾਂ ਕਿਸੇ ਦੇਰੀ ਤੋਂ ਨਿਰਪੱਖ ਅਤੇ ਪਾਰਦਰਸ਼ੀ ਕਾਨੂੰਨੀ ਅਮਲ ਦਾ ਅਧਿਕਾਰ ਦੇਣ ਦੀ ਮੰਗ ਕੀਤੀ ਹੈ | ਰਿਪੋਰਟਾਂ ਮੁਤਾਬਿਕ ਕਿਸੇ ਵੀ ਸਾਬਕਾ ਪਾਕਿਸਤਾਨੀ ਕਪਤਾਨ ਨੇ ਇਸ ਚਿੱਠੀ 'ਤੇ ਦਸਤਖ਼ਤ ਨਹੀਂ ਕੀਤੇ | ਚਿੱਠੀ 'ਚ ਇਮਰਾਨ ਖ਼ਾਨ ਨੂੰ ਉੱਚਿਤ ਅਤੇ ਮਨੁੱਖੀ ਇਲਾਜ ਦਿਵਾਉਣ ਦੀ ਮੰਗ ਕੀਤੀ ਗਈ ਹੈ | ਚਿੱਠੀ 'ਚ ਇਹ ਵੀ ਜ਼ੋਰ ਦਿੱਤਾ ਗਿਆ ਕਿ ਉਨ੍ਹਾਂ ਦੀ ਦਰਖ਼ਾਸਤ ਖੇਡ ਭਾਵਨਾ ਅਤੇ ਸਾਂਝੀ ਮਨੁੱਖਤਾ 'ਤੇ ਆਧਾਰਿਤ ਹੈ ਅਤੇ ਇਸ 'ਚ ਕੁਝ ਵੀ ਸਿਆਸੀ ਨਹੀਂ ਹੈ | ਸਾਬਕਾ ਕਪਤਾਨਾਂ ਨੇ ਕਿਹਾ ਕਿ ਅਸੀਂ ਅਧਿਕਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਵੀ ਤਹਿਜ਼ੀਬ ਅਤੇ ਇਨਸਾਫ਼ ਦੇ ਅਸੂਲਾਂ ਨੂੰ ਬਣਾਏ ਰੱਖ ਕੇ ਇਸ ਦਾ ਸਨਮਾਨ ਕਰਨ | ਜ਼ਿਕਰਯੋਗ ਹੈ ਕਿ 1992 'ਚ ਪਾਕਿਸਤਾਨ ਨੂੰ ਵਿਸ਼ਵ ਕੱਪ ਜਿਤਾਉਣ ਵਾਲੇ ਕਪਤਾਨ ਇਮਰਾਨ ਖ਼ਾਨ ਸਤੰਬਰ 2023 ਤੋਂ ਜੇਲ੍ਹ 'ਚ ਕੈਦ ਹਨ | ਹਾਲ 'ਚ ਸਾਹਮਣੇ ਆਈਆਂ ਰਿਪੋਰਟਾਂ 'ਚ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ 85 ਫ਼ੀਸਦੀ ਤੱਕ ਖ਼ਤਮ ਹੋਣ ਦੀ ਖ਼ਬਰ ਸਾਹਮਣੇ ਆਈ ਹੈ |

ਪਿਛਲੀ ਖ਼ਬਰ ਸ਼ਾਹਪੁਰ ਕੰਢੀ ਡੈਮ 'ਤੇ ਸ਼ੁਰੂ ਕੀਤੇ ਪ੍ਰਾਜੈਕਟ ਕਾਰਨ ਪਾਕਿ ਦੀਆਂ ਧੜਕਣਾਂ ਹੋਈਆਂ ਤੇਜ਼ ਅਗਲੀ ਖ਼ਬਰ ਬੰਗਲਾਦੇਸ਼ ਦੀ ਬੀ.ਐੱਨ.ਪੀ. ਸਰਕਾਰ ਦਾ ਸਮਰਥਨ ਕਰਨ ਲਈ ਤਿਆਰ ਹੈ ਭਾਰਤ-ਬਿਰਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।