ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਅਹੁਦਿਆਂ 'ਤੇ ਵੀ ਜਿੱਤ ਦਰਜ
ਚੰਡੀਗੜ੍ਹ, 29 ਜਨਵਰੀ (ਸੰਦੀਪ ਕੁਮਾਰ ਮਾਹਨਾ)-ਨਗਰ ਨਿਗਮ ਚੰਡੀਗੜ੍ਹ ਦੇ ਮੇਅਰ ਚੋਣ 'ਚ ਭਾਰਤੀ ਜਨਤਾ ਪਾਰਟੀ ਨੇ ਇੱਕਤਰਫ਼ਾ ਜਿੱਤ ਦਰਜ ਕਰਦੇ ਹੋਏ ਆਪਣੇ ਉਮੀਦਵਾਰ ਸੌਰਭ ਜੋਸ਼ੀ ਨੂੰ ਨਵਾਂ ਮੇਅਰ ਬਣਾ ਲਿਆ ਹੈ | ਭਾਜਪਾ ਦੇ ਸੌਰਭ ਜੋਸ਼ੀ ਨੂੰ ਕੁੱਲ 18 ਵੋਟਾਂ ਮਿਲੀਆਂ, ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਯੋਗੇਸ਼ ਢੀਂਗਰਾ ਨੂੰ 11 ਅਤੇ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਗਾਬੀ ਨੂੰ 7 ਵੋਟਾਂ ਹੀ ਪਈਆਂ | ਇਸ ਵਾਰ ਮੇਅਰ ਚੋਣ ਬੈਲਟ ਪੇਪਰਾਂ ਦੀ ਥਾਂ ਕੌਂਸਲਰਾਂ ਦੇ ਹੱਥ ਖੜੇ ਕਰਕੇ ਕਰਵਾਈ ਗਈ, ਜੋ ਪਿਛਲੇ ਸਾਲਾਂ ਤੋਂ ਵੱਖਰਾ ਤਰੀਕਾ ਰਿਹਾ | ਖਾਸ ਗੱਲ ਇਹ ਰਹੀ ਕਿ ਪਹਿਲੀ ਵਾਰ ਭਾਜਪਾ, 'ਆਪ' ਅਤੇ ਕਾਂਗਰਸ ਤਿੰਨਾਂ ਪਾਰਟੀਆਂ ਨੇ ਆਪਣੇ-ਆਪਣੇ ਉਮੀਦਵਾਰ ਮੇਅਰ ਦੀ ਚੋਣ ਲਈ ਦੌੜ 'ਚ ਉਤਾਰੇ | ਇਸ ਤੋਂ ਪਹਿਲਾਂ ਹੋਈਆਂ ਦੋ ਚੋਣਾਂ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਗਠਜੋੜ ਕਰ ਕੇ ਚੋਣ ਮੈਦਾਨ ਵਿਚ ਉੱਤਰਦੀਆਂ ਰਹੀਆਂ ਹਨ | ਮੇਅਰ ਦੀ ਚੋਣ ਤੋਂ ਤੁਰੰਤ ਬਾਅਦ ਕਾਂਗਰਸੀ ਕੌਂਸਲਰ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਅਗਵਾਈ 'ਚ ਸਦਨ ਦੀ ਕਾਰਵਾਈ ਨੂੰ ਵਿਚਾਲੇ ਛੱਡ ਕੇ ਚਲੇ ਗਏ | ਜਿਸ ਦੇ ਚੱਲਦਿਆਂ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਅਹੁਦੇ ਲਈ ਮੁੱਖ ਮੁਕਾਬਲਾ ਭਾਜਪਾ ਅਤੇ ਆਮ ਆਦਮੀ ਪਾਰਟੀ ਵਿਚਕਾਰ ਹੀ ਰਹਿ ਗਿਆ | ਮੇਅਰ ਚੋਣ ਦੇ ਨਾਲ-ਨਾਲ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਚੋਣ ਕਰਵਾਈ ਗਈ | ਇਨ੍ਹਾਂ ਅਹੁਦਿਆਂ 'ਤੇ ਵੀ ਭਾਜਪਾ ਨੇ ਜਿੱਤ ਹਾਸਲ ਕੀਤੀ | ਕੌਂਸਲਰ ਜਸਮਨਪ੍ਰੀਤ ਸਿੰਘ ਨੇ 'ਆਪ' ਉਮੀਦਵਾਰ ਮੁੱਨਵਰ ਨੂੰ ਹਰਾ ਕੇ ਸੀਨੀਅਰ ਡਿਪਟੀ ਮੇਅਰ ਅਤੇ ਕੁੱਝ ਸਮਾਂ ਪਹਿਲਾਂ ਹੀ 'ਆਪ' ਛੱਡ ਭਾਜਪਾ 'ਚ ਸ਼ਾਮਿਲ ਹੋਈ ਸੁਮਨ ਸ਼ਰਮਾ ਨੇ 'ਆਪ' ਦੀ ਜਸਵਿੰਦਰ ਕੌਰ ਨੂੰ ਹਰਾ ਕੇ ਡਿਪਟੀ ਮੇਅਰ ਅਹੁਦੇ 'ਤੇ ਜਿੱਤ ਦਰਜ ਕੀਤੀ | ਮੇਅਰ ਬਣਨ ਤੋਂ ਬਾਅਦ ਸੌਰਭ ਜੋਸ਼ੀ ਭਾਵੁਕ ਹੋ ਗਏ | ਉਨ੍ਹਾਂ ਆਪਣੇ ਸੰਬੋਧਨ 'ਚ ਕਿਹਾ 'ਮੇਰੇ ਪਿਤਾ ਜੀ ਕਹਿੰਦੇ ਸਨ ਕਿ ਹਮੇਸ਼ਾ ਸਹੀ ਰਸਤੇ 'ਤੇ ਚੱਲੋ, ਸਭ ਕੁਝ ਆਪਣੇ-ਆਪ ਬਿਹਤਰ ਹੋ ਜਾਂਦਾ ਹੈ | ਅੱਜ ਇਹ ਗੱਲ ਸੱਚ ਸਾਬਤ ਹੋਈ ਹੈ ਤੇ ਉਹ ਚੰਡੀਗੜ੍ਹ ਦੇ ਵਿਕਾਸ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ | ਭਾਜਪਾ ਨੇ ਇਸ ਜਿੱਤ ਨੂੰ ਚੰਡੀਗੜ੍ਹ 'ਚ ਆਪਣੀ ਨੀਤੀ ਅਤੇ ਸੰਗਠਨ ਦੀ ਮਜ਼ਬੂਤੀ ਦੀ ਜਿੱਤ ਕਰਾਰ ਦਿੱਤਾ ਹੈ, ਜਦਕਿ ਵਿਰੋਧੀ ਪਾਰਟੀਆਂ ਨੇ ਨਤੀਜਿਆਂ ਦੀ ਸਮੀਖਿਆ ਕਰਨ ਦੀ ਗੱਲ ਕਹੀ ਹੈ |
ਚੰਡੀਗੜ੍ਹ ਨਗਰ ਨਿਗਮ 'ਚ ਭਾਜਪਾ ਦੀ ਵੱਡੀ ਜਿੱਤ, ਸੌਰਭ ਜੋਸ਼ੀ ਬਣੇ ਮੇਅਰ
ਅਜੀਤ ਡੈਸਕ
30-01-2026