19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਨਿਤਿਨ ਨਬੀਨ ਨੇ ਭਾਜਪਾ ਦੇ 12ਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਅਜੀਤ ਡੈਸਕ 21-01-2026

• ਭਾਜਪਾ 'ਚ ਪ੍ਰਧਾਨ ਬਦਲਦੇ ਹਨ, ਆਦਰਸ਼ ਨਹੀਂ-ਮੋਦੀ • ਕਿਹਾ, ਹੁਣ ਮੇਰੇ ਬੌਸ ਹਨ ਨਿਤਿਨ ਨਬੀਨ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 20 ਜਨਵਰੀ-ਨਿਤਿਨ ਨਬੀਨ ਨੂੰ ਮੰਗਲਵਾਰ ਨੂੰ ਰਸਮੀ ਤੌਰ 'ਤੇ ਭਾਜਪਾ ਦਾ ਨਵਾਂ ਪ੍ਰਧਾਨ ਐਲਾਨ ਦਿੱਤਾ ਗਿਆ | ਨਿਤਿਨ ਨਬੀਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਸਾਰੀ ਸੀਨੀਅਰ ਲੀਡਰਸ਼ਿਪ ਦੀ ਮੌਜੂਦਗੀ 'ਚ ਪਾਰਟੀ ਦੇ 12ਵੇਂ ਅਤੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਵਜੋਂ ਕਾਰਜਭਾਰ ਸੰਭਾਲਿਆ | ਜਿਥੇ ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ ਆਪਣੇ ਤਕਰੀਬਨ ਇਕ ਘੰਟੇ ਦੇ ਭਾਸ਼ਨ 'ਚ ਨਿਤਿਨ ਨਬੀਨ ਨੂੰ ਆਪਣਾ ਬੌਸ ਕਹਿ ਕੇ ਸੰਬੋਧਨ ਕੀਤਾ ਉਥੇ ਨਿਤਿਨ ਨੇ ਵੀ ਪ੍ਰਧਾਨ ਮੰਤਰੀ ਨੂੰ ਪ੍ਰੇਰਨਾਸਰੋਤ ਦੱਸਿਆ, ਉਨ੍ਹਾਂ ਦੀ ਖੁੱਲ੍ਹੇ ਦਿਲ ਨਾਲ ਸ਼ਲਾਘਾ ਕੀਤੀ |
ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ 'ਤੇ ਕੀਤੇ ਸੰਬੋਧਨ 'ਚ ਭਾਜਪਾ ਨੂੰ ਲੋਕਤੰਤਰਿਕ ਪਾਰਟੀ ਦੱਸਦਿਆਂ ਕਿਹਾ ਕਿ ਬੀਤੇ ਕਈ ਮਹੀਨਿਆਂ ਤੋਂ ਪਾਰਟੀ ਦੇ ਛੋਟੇ ਜਿਹੇ ਯੂਨਿਟ ਤੋਂ ਲੈ ਕੇ ਪ੍ਰਧਾਨ ਚੁਣਨ ਦਾ ਅਮਲ ਲੋਕਤੰਤਰਿਕ ਤਰੀਕੇ ਨਾਲ ਚੱਲ ਰਿਹਾ ਸੀ | ਇਸ ਅਮਲ ਨੂੰ ਸੰਗਠਨ ਪਰਵ ਦੱਸਦਿਆਂ ਮੋਦੀ ਨੇ ਕਿਹਾ ਕਿ ਇਹ ਅਮਲ ਭਾਜਪਾ ਦੀ ਲੋਕਤੰਤਰਿਕ ਆਸਥਾ ਅਤੇ ਕਾਰਜਕਰਤਾ ਕੇਂਦਰਿਤ ਸੋਚ ਦਾ ਪ੍ਰਤੀਕ ਹੈ | ਮੋਦੀ ਨੇ ਪਾਰਟੀ ਦੀ ਵਿਚਾਰਧਾਰਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਥੇ ਮੈਂਬਰਸ਼ਿਪ ਤੋਂ ਵੀ ਵਧੇਰੇ ਰਿਲੇਸ਼ਨਸ਼ਿਪ ਹੁੰਦੀ ਹੈ | ਸਾਡੇ (ਭਾਜਪਾ) ਇਥੇ ਪ੍ਰਧਾਨ ਬਦਲਦੇ ਹਨ ਪਰ ਆਦਰਸ਼ ਨਹੀਂ | ਉਨ੍ਹਾਂ ਕਿਹਾ ਕਿ ਸਾਡਾ ਸਵਰੂਪ ਰਾਸ਼ਟਰੀ ਹੈ ਕਿਉਂਕਿ ਜੁੜਾਵ ਸਥਾਨਕ ਹੈ | ਲੀਡਰਸ਼ਿਪ ਬਦਲਦੀ ਹੈ, ਪਰ ਦਿਸ਼ਾ ਨਹੀਂ ਬਦਲਦੀ |
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾ ਸਿਰਫ ਨਵੇਂ ਚੁਣੇ ਭਾਜਪਾ ਪ੍ਰਧਾਨ ਨੂੰ ਆਪ ਬਾਂਹ ਫੜ ਕੇ ਕੁਰਸੀ 'ਤੇ ਬਿਠਾਇਆ, ਸਗੋਂ ਮੰਚ 'ਤੇ ਇਹ ਵੀ ਐਲਾਨ ਕੀਤਾ ਕਿ ਨਿਤਿਨ ਨਬੀਨ ਹੀ ਉਨ੍ਹਾਂ ਦੇ ਬੌਸ ਹਨ | ਉਨ੍ਹਾਂ ਕਿਹਾ ਕਿ ਉਹ ਵੀ ਇਕ ਕਾਰਜਕਰਤਾ ਦੇ ਤੌਰ 'ਤੇ ਆਪਣੇ ਕੰਮ ਦਾ ਹਿਸਾਬ ਦੇ ਰਹੇ ਸਨ ਅਤੇ ਹੁਣ ਉਹ (ਨਿਤਿਨ) ਉਨ੍ਹਾਂ ਦੇ ਕੰਮ ਦੀ ਸਮੀਖਿਆ ਕਰਨਗੇ | ਮੋਦੀ ਨੇ ਇਹ ਵੀ ਕਿਹਾ ਕਿ ਪਾਰਟੀ ਪ੍ਰਧਾਨ ਦਾ ਫਰਜ਼ ਸਿਰਫ ਭਾਜਪਾ ਨੂੰ ਸੰਭਾਲਣਾ ਹੀ ਨਹੀਂ ਸਗੋਂ ਐਨ.ਡੀ.ਏ. (ਭਾਜਪਾ ਦੇ ਗਠਜੋੜ ਭਾਈਵਾਲ) ਦੇ ਸਾਥੀਆਂ ਦਰਮਿਆਨ ਤਾਲਮੇਲ ਬਣਾਉਣਾ ਵੀ ਹੈ | ਮੋਦੀ ਨੇ ਸਾਬਕਾ ਪ੍ਰਧਾਨਾਂ ਦਾ ਵੀ ਜ਼ਿਕਰ ਕੀਤਾ | ਉਨ੍ਹਾਂ ਕਿਹਾ ਕਿ ਅਟਲ, ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਦੀ ਅਗਵਾਈ ਹੇਠ ਭਾਜਪਾ ਨੇ ਸਿਫਰ ਤੋਂ ਸਿਖਰ ਤੱਕ ਦਾ ਸਫਰ ਤੈਅ ਕੀਤਾ | ਇਸ ਸਦੀ 'ਚ ਐਮ. ਵੈਕੰਈਆ ਨਾਇਡੂ ਅਤੇ ਨਿਤਿਨ ਗਡਕਰੀ ਜਿਹੇ ਨੇਤਾਵਾਂ ਦੇ ਨਾਲ-ਨਾਲ ਸਾਡੇ ਕਈ ਸੀਨੀਅਰ ਸਾਥੀਆਂ ਨੇ ਵੀ ਸੰਗਠਨ ਦਾ ਵਿਸਥਾਰ ਕੀਤਾ | ਮੋਦੀ ਨੇ ਰਾਜਨਾਥ ਅਤੇ ਅਮਿਤ ਸ਼ਾਹ ਦੀ ਭਾਜਪਾ ਪ੍ਰਧਾਨ ਵਜੋਂ ਭੂਮਿਕਾ ਦੀ ਵੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਰਾਜਨਾਥ ਦੀ ਅਗਵਾਈ ਹੇਠ ਭਾਜਪਾ ਨੇ ਪਹਿਲੀ ਵਾਰ ਆਪਣੇ ਬਲਬੂਤੇ 'ਤੇ ਪੂਰਨ ਬਹੁਮਤ ਹਾਸਿਲ ਕੀਤਾ | ਫਿਰ ਅਮਿਤ ਸ਼ਾਹ ਦੀ ਅਗਵਾਈ ਹੇਠ ਭਾਜਪਾ ਨੇ ਕਈ ਸੂਬਿਆਂ 'ਚ ਸਰਕਾਰਾਂ ਬਣਾਈਆਂ ਅਤੇ ਕੇਂਦਰ 'ਚ ਲਗਾਤਾਰ ਦੂਜੀ ਵਾਰ ਸੱਤਾ 'ਚ ਆਈ | ਇਸ ਤੋਂ ਬਾਅਦ ਜੇ.ਪੀ. ਨੱਢਾ ਦੀ ਅਗਵਾਈ ਹੇਠ ਭਾਜਪਾ ਪੰਚਾਇਤ ਤੋਂ ਲੈ ਕੇ ਸੰਸਦ ਤੱਕ ਹਰ ਪੱਧਰ 'ਤੇ ਮਜ਼ਬੂਤ ਹੋਈ ਹੈ |
ਮੋਦੀ ਨੇ ਆਪਣੇ ਸੰਬੋਧਨ 'ਚ ਪਰਿਵਾਰਵਾਦ ਅਤੇ ਕਾਂਗਰਸ 'ਤੇ ਜੰਮ ਕੇ ਸ਼ਬਦੀ ਹਮਲੇ ਕੀਤੇ | ਉਨ੍ਹਾਂ ਕਿਹਾ ਕਿ ਦੇਸ਼ ਲਈ ਪਰਿਵਾਰਵਾਦ ਬਹੁਤ ਵੱਡਾ ਸਰਾਪ ਹੈ | ਉਨ੍ਹਾਂ ਕਿਹਾ ਕਿ ਜਦੋਂ ਉਹ ਇਹ ਕਹਿੰਦੇ ਹਨ ਤਾਂ ਅਬਰਨ ਨਕਸਲ ਮੈਦਾਨ 'ਚ ਆ ਕੇ ਦਲੀਲਾਂ ਦੇਣ ਲਗਦੇ ਹਨ | ਮੋਦੀ ਨੇ ਕਿਹਾ ਕਿ ਅਸੀਂ ਕਿਸੇ ਦੀ ਪ੍ਰਤਿਭਾ ਦੇ ਵਿਰੋਧੀ ਨਹੀਂ ਹਾਂ | ਪ੍ਰਧਾਨ ਮੰਤਰੀ ਨੇ ਉਚੇਚੇ ਤੌਰ 'ਤੇ ਕਾਂਗਰਸ ਦਾ ਨਾਂਅ ਲੈਂਦਿਆਂ ਕਿਹਾ ਕਿ ਕਾਂਗਰਸ 'ਚ ਇਕ ਤੋਂ ਬਾਅਦ ਇਕ ਉਨ੍ਹਾਂ ਦੇ ਪਰਿਵਾਰ ਦੇ ਹੀ ਪ੍ਰਧਾਨ ਬਣਦੇ ਹਨ | ਪਾਰਟੀ ਦੇ ਕਾਰਜਕਰਤਾ ਨੂੰ ਉਨ੍ਹਾਂ ਦੇ ਵਿਚਾਰ ਨਾਲ ਕੋਈ ਲੈਣਾ ਦੇਣਾ ਨਹੀਂ | ਮੋਦੀ ਨੇ ਅਜਿਹੇ ਵਤੀਰੇ ਨੂੰ ਲੋਕਤੰਤਰ ਲਈ ਖਤਰਨਾਕ ਦੱਸਦਿਆਂ ਕਿਹਾ ਕਿ ਪਰਿਵਾਰਵਾਦ ਦੀ ਸਿਆਸਤ ਨੇ ਦੇਸ਼ ਦੇ ਨੌਜਵਾਨਾਂ ਲਈ ਸਿਆਸਤ 'ਚ ਆਉਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ | ਪ੍ਰਧਾਨ ਮੰਤਰੀ ਨੇ ਐਲਾਨ ਕਰਦਿਆਂ ਕਿਹਾ ਕਿ ਉਹ ਇਕ ਲੱਖ ਅਜਿਹੇ ਨੌਜਵਾਨਾਂ ਨੂੰ ਸਿਆਸਤ 'ਚ ਲਿਆਉਣਾ ਚਾਹੁੰਦੇ ਹਨ ਜਿਨ੍ਹਾਂ ਦੇ ਪਰਿਵਾਰ 'ਚੋਂ ਉਹ ਪਹਿਲੀ ਵਾਰ ਸਿਆਸਤ 'ਚ ਆਉਣਗੇ | ਮੋਦੀ ਨੇ ਅਸਿੱਧੇ ਤੌਰ 'ਤੇ ਵਿਸ਼ੇਸ਼ ਵਿਆਪਕ ਮੁੜ ਨਿਰੀਖਣ (ਐਸ.ਆਈ.ਆਰ.) ਕਵਾਇਦ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੁਨੀਆ ਦੇ ਵੱਡੇ ਦੇਸ਼ ਆਪਣੇ ਮੁਲਕ 'ਚ ਘੁਸਪੈਠੀਆਂ ਦੀ ਜਾਂਚ ਕਰ ਰਹੇ ਹਨ | ਭਾਰਤ ਵੀ ਘੁਸਪੈਠੀਆਂ ਨੂੰ ਦੇਸ਼ ਨੂੰ ਲੁੱਟਣ ਨਹੀਂ ਦੇ ਸਕਦਾ | ਘੁਸਪੈਠੀਆਂ ਨੂੰ ਦੇਸ਼ ਲਈ ਖਤਰਾ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਭੇਜਣਾ ਜ਼ਰੂਰੀ ਹੈ ਅਤੇ ਜੋ ਸਿਆਸੀ ਪਾਰਟੀਆਂ ਉਨ੍ਹਾਂ ਨੂੰ ਬਚਾਅ ਰਹੀਆਂ ਹਨ ਉਨ੍ਹਾਂ ਦੀ ਅਸਲੀਅਤ ਜਨਤਾ ਅੱਗੇ ਲਿਆਉਣੀ ਜ਼ਰੂਰੀ ਹੈ |
ਮੋਦੀ ਨੂੰ ਦੇਸ਼ ਸੇਵਾ ਦਾ ਕੰਮ ਕਰਦਿਆਂ ਵੇਖਿਆ-ਨਿਤਿਨ ਨਬੀਨ
ਭਾਜਪਾ ਪ੍ਰਧਾਨ ਵਜੋਂ ਆਪਣੇ ਪਹਿਲੇ ਸੰਬੋਧਨ 'ਚ ਨਿਤਿਨ ਨਬੀਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਸੀਂ ਕਾਰਜਕਰਤਾ ਦੇ ਤੌਰ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਕੰਮ ਕਰਦਿਆਂ ਵੇਖਿਆ | ਉਨ੍ਹਾਂ ਕਿਹਾ ਕਿ ਅਸੀਂ 'ਰਾਸ਼ਟਰ ਪਹਿਲਾਂ, ਪਾਰਟੀ ਬਾਅਦ 'ਚ ਅਤੇ ਖੁਦ ਸਭ ਤੋਂ ਅਖੀਰ 'ਚ' ਦੇ ਆਦਰਸ਼ 'ਤੇ ਕੰਮ ਕਰਦੇ ਹਾਂ | ਪ੍ਰਧਾਨ ਮੰਤਰੀ ਮੋਦੀ ਨੇ ਸਾਨੂੰ ਇਸੇ ਸੋਚ ਦੇ ਨਾਲ ਜੋੜਿਆ ਹੈ | ਭਾਜਪਾ ਪ੍ਰਧਾਨ ਬਣਨ ਤੋਂ ਬਾਅਦ ਕੇਂਦਰ ਨੇ ਨਿਤਿਨ ਨਬੀਨ ਨੂੰ ਜ਼ੈੱਡ ਕੈਟੇਗਰੀ ਸੁਰੱਖਿਆ ਮੁਹੱਈਆ ਕੀਤੀ | ਇਹ ਐਲਾਨ ਮੰਗਲਵਾਰ ਸਵੇਰੇ ਉਨ੍ਹਾਂ ਦੇ ਕਾਰਜਭਾਰ ਸੰਭਾਲਣ ਤੋਂ ਪਹਿਲਾਂ ਕੀਤਾ ਗਿਆ | ਜ਼ੈੱਡ ਕੈਟੇਗਰੀ ਸੁਰੱਖਿਆ ਦਾ ਜ਼ਿੰਮਾ ਸੀ.ਆਰ.ਪੀ.ਐਫ. ਵੀ.ਆਈ.ਪੀ. ਸੁਰੱਖਿਆ ਵਿੰਗ ਵਿਵਸਥਾ ਸੰਭਾਲਦੀ ਹੈ | ਕੇਂਦਰੀ ਸੁਰੱਖਿਆ ਸੂਚੀ ਤਹਿਤ ਸਭ ਤੋਂ ਉੱਚ ਪੱਧਰ ਦਾ ਵੀ.ਆਈ.ਪੀ. ਸੁਰੱਖਿਆ ਕਵਰ ਜ਼ੈੱਡ ਪਲੱਸ (ਏ.ਐਸ.ਐਲ.) ਤੋਂ ਲੈ ਕੇ ਜ਼ੈੱਡ ਪਲੱਸ, ਜ਼ੈੱਡ.ਵਾਈ.ਵਾਈ. ਪਲੱਸ ਅਤੇ ਐਕਸ ਕੈਟੇਗਰੀ ਦਾ ਹੁੰਦਾ ਹੈ |
ਨਿਤਿਨ ਨਬੀਨ ਬੰਗਲਾ ਸਾਹਿਬ ਹੋਏ ਨਤਮਸਤਕ
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਦਾ ਅਹੁੱਦਾ ਸੰਭਾਲਣ ਤੋਂ ਪਹਿਲਾਂ ਨਿਤਿਨ ਨਬੀਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ | ਉਨ੍ਹਾਂ ਦੇ ਨਾਲ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ, ਦਿੱਲੀ ਸਰਕਾਰ 'ਚ ਕੈਬਨਿਟ ਮੰਤਰੀ ਪ੍ਰਵੇਸ਼ ਵਰਮਾ ਅਤੇ ਮਨਜਿੰਦਰ ਸਿੰਘ ਸਿਰਸਾ ਵੀ ਮੌਜੂਦ ਸਨ | ਨਿਤਿਨ ਨਬੀਨ ਨੇ ਤਿੰਨ ਮੰਦਰਾਂ ਦੇ ਵੀ ਦਰਸ਼ਨ ਕੀਤੇ | ਸਭ ਤੋਂ ਪਹਿਲਾਂ ਸਵੇਰੇ 8 ਵਜੇ ਉਹ ਝੰਡੇਵਾਲਾਨ ਮੰਦਰ 'ਚ ਦਰਸ਼ਨ ਕੀਤੇ | ਉਸ ਤੋਂ ਬਾਅਦ ਉਨ੍ਹਾਂ ਵਾਲਮੀਕਿ ਮੰਦਰ 'ਚ ਮੱਥਾ ਟੇਕਿਆ | ਫਿਰ ਉਨ੍ਹਾਂ ਕਨਾਟ ਪਲੇਸ ਸਥਿਤ ਹਨੂੰਮਾਨ ਮੰਦਰ 'ਚ ਪੂਜਾ ਕੀਤੀ |
45 ਸਾਲ ਦੇ ਨਿਤਿਨ ਭਾਜਪਾ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ
ਬਿਹਾਰ ਤੋਂ 5 ਵਾਰ ਵਿਧਾਇਕ ਰਹਿ ਚੁੱਕੇ ਨਿਤਿਨ ਨਬੀਨ ਭਾਜਪਾ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਬਣੇ ਹਨ | ਭਾਜਪਾ 'ਚ ਹੁਣ ਤੱਕ 11 ਨੇਤਾ ਰਾਸ਼ਟਰੀ ਪ੍ਰਧਾਨ ਰਹਿ ਚੁੱਕੇ ਹਨ | ਇਨ੍ਹਾਂ 'ਚ ਲਾਲ ਕ੍ਰਿਸ਼ਨ ਅਡਵਾਨੀ 3 ਵਾਰ ਪ੍ਰਧਾਨ ਬਣੇ ਜਦਕਿ ਰਾਜਨਾਥ ਸਿੰਘ ਦੋ ਵਾਰ ਪ੍ਰਧਾਨ ਬਣੇ |
ਬਿਨਾਂ ਵਿਰੋਧ ਦੇ ਚੁਣੇ ਗਏ ਪ੍ਰਧਾਨ
ਰਾਸ਼ਟਰੀ ਚੋਣ ਅਧਿਕਾਰੀ ਡਾ. ਲਕਸ਼ਮਣ ਨੇ ਨਿਤਿਨ ਨਬੀਨ ਦੇ ਰਾਸ਼ਟਰੀ ਪ੍ਰਧਾਨ ਵਜੋਂ ਨਾਂਅ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਅਹੁਦੇ ਲਈ ਸਿਰਫ ਨਿਤਿਨ ਨਬੀਨ ਦਾ ਨਾਂਅ ਹੀ ਪ੍ਰਸਤਾਵਿਤ ਹੋਇਆ ਹੈ | ਇਸ ਲਈ ਉਹ ਬਿਨਾਂ ਵਿਰੋਧ ਰਾਸ਼ਟਰੀ ਪ੍ਰਧਾਨ ਚੁਣੇ ਗਏ | ਰਾਸ਼ਟਰੀ ਪ੍ਰਧਾਨ ਦੇ ਅਹੁਦੇ ਲਈ ਦਾਖਲ ਕੁੱਲ 37 ਸੈਟ ਨਾਮਜ਼ਦਗੀ ਕਾਗਜ਼ਾਂ 'ਚੋਂ 36 ਸੈਟ ਵੱਖ-ਵੱਖ ਸੂਬਿਆਂ ਤੋਂ ਸੀ, ਜਿਸ 'ਚ ਹਰ ਸੈਟ 'ਤੇ 20 ਨੇਤਾਵਾਂ ਦੇ ਦਸਤਖਤ ਸਨ | ਇਕ ਵਖਰਾ ਨਾਮਜ਼ਦਗੀ ਕਾਗਜ਼ਾਂ ਦਾ ਸੈਟ ਭਾਜਪਾ ਦੇ ਸੰਸਦੀ ਬੋਰਡ ਮੈਂਬਰਾਂ ਵਲੋਂ ਪ੍ਰਸਤਾਵਿਤ ਸੀ, ਜਿਸ 'ਤੇ ਪ੍ਰਧਾਨ ਮੰਤਰੀ ਸਮੇਤ 37 ਸੰਸਦ ਮੈਂਬਰਾਂ ਦੇ ਦਸਤਖਤ ਸਨ |

ਪਿਛਲੀ ਖ਼ਬਰ ਸੂਬੇ ਨੂੰ ਗੈਂਗਸਟਰ ਮੁਕਤ ਬਣਾਉਣ ਲਈ ਪੰਜਾਬ ਸਰਕਾਰ ਵਲੋਂ 'ਗੈਂਗਸਟਰਾਂ 'ਤੇ ਵਾਰ' ਦੀ ਸ਼ੁਰੂਆਤ <br/> ਅਗਲੀ ਖ਼ਬਰ ਪੰਜਾਬ 'ਚ ਗੈਂਗਸਟਰਵਾਦ ਲਈ ਕੋਈ ਥਾਂ ਨਹੀਂ-ਮੁੱਖ ਮੰਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।