ਕਪੂਰਥਲਾ, 21 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਬੰਦੀ ਛੋੜ ਦਿਵਸ ਤੇ ਮੱਸਿਆ ਦੇ ਦਿਹਾੜੇ ਸੰਬੰਧੀ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ | 11 ਸ੍ਰੀ ਆਖ਼ੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਜੇ ਧਾਰਮਿਕ ਦੀਵਾਨ ਵਿਚ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਜਿੰਦਰ ਸਿੰਘ ਮੋਨੀ ਨੇ ਰਸ-ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ | ਬਾਅਦ ਵਿਚ ਭਾਈ ਗੁਰਵਿੰਦਰ ਸਿੰਘ ਗੋਪੀਪੁਰ ਵਾਲੇ, ਕਥਾਵਾਚਕ ਗਿਆਨੀ ਪ੍ਰੇਮ ਸਿੰਘ, ਦਮਦਮੀ ਟਕਸਾਲ ਤੋਂ ਕਥਾਵਾਚਕ ਡਾ. ਮੁਖ਼ਤਾਰ ਸਿੰਘ, ਉੱਘੇ ਕਵੀਸ਼ਰ ਗੁਰਮੁਖ ਸਿੰਘ ਐੱਮ.ਏ., ਗਿਆਨੀ ਨਿਸ਼ਾਨ ਸਿੰਘ ਝਬਾਲ, ਗਿਆਨੀ ਹੀਰਾ ਸਿੰਘ, ਗਿਆਨੀ ਅਵਤਾਰ ਸਿੰਘ ਦੂਲੋਵਾਲ ਦੇ ਜਥਿਆਂ ਨੇ ਸੰਗਤਾਂ ਨਾਲ ਗੁਰਇਤਿਹਾਸ ਸਾਂਝਾ ਕੀਤਾ ਤੇ ਬੰਦੀ ਛੋੜ ਦਿਵਸ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਧਾਰਮਿਕ ਦੀਵਾਨ ਵਿਚ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰਦੁਆਰਾ ਗੁਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਤੇ ਗੁਰਦੁਆਰਾ ਟਾਹਲੀ ਸਾਹਿਬ ਬਲੇਰਖਾਨਪੁਰ ਦੇ ਮੁੱਖ ਸੇਵਾਦਾਰ ਬਾਬਾ ਲੀਡਰ ਸਿੰਘ ਨੇ ਸੰਬੋਧਨ ਕੀਤਾ ਤੇ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੁੜਣ ਤੇ ਖੰਡੇ ਬਾਟੇ ਦਾ ਅੰਮਿ੍ਤਪਾਨ ਕਰਕੇ ਗੁਰ ਲੜ ਲੱਗਣ ਲਈ ਪ੍ਰੇਰਿਤ ਕੀਤਾ | ਸਮਾਗਮ ਵਿਚ ਸੰਤ ਮਹਾਂਪੁਰਸ਼ਾਂ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |