ਭੁਲੱਥ, 21 ਅਕਤੂਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਥਾਣਾ ਭੁਲੱਥ ਪੁਲਿਸ ਦੇ ਐੱਸ.ਐੱਚ.ਓ. ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ, ਕਿ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਜਦੋਂ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਰਾਮਗੜ੍ਹ ਦੇ ਅੱਡੇ 'ਤੇ ਮੌਜੂਦ ਸੀ | ਇਸ ਦੌਰਾਨ ਇਕ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਦੇਸ ਰਾਜ ਪੁੱਤਰ ਚੂਹੜ ਸਿੰਘ ਵਾਸੀ ਗੁਰਪੁਰ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਜੋ ਪਿੰਡ ਮੂਸਾ ਖੇਲ ਦੇ ਠੇਕੇ ਤੇ ਸੇਲਜ਼ਮੈਨ ਲੱਗਾ ਹੈ ਜੋ ਕਿ ਬਾਹਰਲੀ ਸਟੇਟ ਹਿਮਾਚਲ ਪ੍ਰਦੇਸ਼ ਦੀ ਸ਼ਰਾਬ ਲਿਆ ਕੇ ਪਿੰਡ ਮੂਸਾ ਖੇਲ ਦੇ ਠੇਕੇ ਦੇ ਸਾਹਮਣੇ ਇੱਕ ਮੋਟਰ ਦੀ ਸਾਈਡ 'ਤੇ ਆਪਣੇ ਗਾਹਕਾਂ ਨੂੰ ਵੇਚ ਰਿਹਾ ਹੈ | ਪੁਲਿਸ ਪਾਰਟੀ ਭੁਲੱਥ ਵੱਲੋਂ ਉਕਤ ਜਗ੍ਹਾ ਤੇ ਰੇਡ ਕਰਕੇ ਦੇਸ ਰਾਜ ਪੁੱਤਰ ਚੂਹੜ ਸਿੰਘ ਨੂੰ ਤਿੰਨ ਪੇਟੀਆਂ ਹਿਮਾਚਲ ਪ੍ਰਦੇਸ਼ ਦੀ ਸ਼ਰਾਬ ਸਮੇਤ ਕਾਬੂ ਕਰਕੇ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ |