ਬਰੇਟਾ, 31 ਅਗਸਤ (ਪਾਲ ਸਿੰਘ ਮੰਡੇਰ) - ਪੂਰੇ ਪੰਜਾਬ 'ਚ ਹੜ੍ਹਾਂ ਦੀ ਸਥਿਤੀ ਬੇਹੱਦ ਗੰਭੀਰ ਹੈ ਪਰ ਸੂਬਾ ਸਰਕਾਰ ਇਸ ਮਸਲੇ 'ਤੇ ਸੰਜੀਂਦਾ ਨਹੀਂ, ਸਗੋਂ ਡਰਾਮੇਬਾਜ਼ੀ ਕਰ ਰਹੀ ਹੈ | ਮੁੱਖ ਮੰਤਰੀ ਪੰਜਾਬ ਦੀ ਜਨਤਾ ਨੂੰ ਛੱਡ ਕੇ ਬਾਹਰਲੇ ਰਾਜਾਂ ਵਿਚ ਘੁੰਮਦਾ ਰਿਹਾ ਹੈ | ਇਹ ਦੋਸ਼ ਸਾਬਕਾ ਕੇਂਦਰੀ ਮੰਤਰੀ ਤੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਬਰੇਟਾ ਇਲਾਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਮੌਕੇ ਲਗਾਏ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ੍ਹ ਸਾਬਤ ਹੋ ਰਹੀ ਹੈ, ਜਿਸ ਦਾ ਖਮਿਆਜ਼ਾ ਲੋਕ ਭੁਗਤ ਰਹੇ ਹਨ | ਉਨ੍ਹਾਂ ਪਿੰਡ ਜਲਵੇੜਾ, ਮੁਕੰਦ ਬਸਤੀ ਤੇ ਵਾਰਡ ਨੰਬਰ 4 ਬਰੇਟਾ, ਖੁਡਾਲ ਕਲਾਂ, ਕਾਹਨਗੜ੍ਹ, ਜੁਗਲਾਣ, ਕੁੱਲਰੀਆਂ ਅਤੇ ਭਖੜਿਆਲ ਦਾ ਦੌਰਾ ਕਰਨ ਸਮੇਂ ਕਿਹਾ ਕਿ ਸਭ ਤੋਂ ਜ਼ਰੂਰੀ ਜਾਨ ਮਾਲ ਦੀ ਰਾਖੀ ਹੈ, ਜਦੋਂ ਵੀ ਇਹਨਾਂ ਪ੍ਰਭਾਵਿਤ ਪਿੰਡਾਂ ਵਿਚੋਂ ਹੜ੍ਹਾਂ ਦਾ ਪਾਣੀ ਘਟਦਾ ਹੈ ਤਾਂ ਇਸ ਮਸਲੇ ਦਾ ਪੱਕਾ ਹੱਲ ਕੀਤਾ ਜਾਵੇਗਾ | ਹਰਸਿਮਰਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਸਬੰਧੀ ਹਾਲੇ ਤੱਕ ਹੈਲਪ ਲਾਈਨ ਨੰਬਰ ਵੀ ਨਹੀਂ ਜਾਰੀ ਕੀਤਾ, ਜੋ ਅਤਿ ਜ਼ਰੂਰੀ ਹੈ | ਉਨ੍ਹਾਂ ਕਿਹਾ ਸਰਕਾਰ ਵੱਲੋਂ ਬਹੁਤ ਥੋੜੀ ਮਾਤਰਾ ਵਿਚ ਲੋੜੀਂਦੀ ਸਮੱਗਰੀ ਪੀੜਤਾਂ ਤੱਕ ਪੁੱਜੀ ਹੈ | ਉਨ੍ਹਾਂ ਕਿਹਾ ਕਿ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਗਠਿਤ ਹੋਣ ਉਪਰੰਤ ਸਮੱਸਿਆਵਾਂ ਦਾ ਪੱਕਾ ਹੱਲ ਕਰ ਦਿੱਤਾ ਜਾਵੇਗਾ | ਉਨ੍ਹਾਂ ਬਰੇਟਾ ਦੇ ਵਾਰਡ ਨੰਬਰ 4 ਲਈ ਦੋ ਟਿਊਬਵੈੱਲਾਂ ਦੀ ਮੰਗ ਮੌਕੇ 'ਤੇ ਹੀ ਪੂਰੀ ਕੀਤੀ | ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੀਰੋਕੇ, ਡਾ. ਨਿਸ਼ਾਨ ਸਿੰਘ, ਗੁਰਮੇਲ ਸਿੰਘ ਫਫੜੇ, ਗੁਰਦੀਪ ਸਿੰਘ ਟੋਡਰਪੁਰ, ਬਲਵਿੰਦਰ ਸਿੰਘ ਪਟਵਾਰੀ, ਬਲਦੇਵ ਸਿੰਘ ਸਿਰਸੀਵਾਲਾ, ਸਿਕੰਦਰ ਸਿੰਘ ਜ਼ੈਲਦਾਰ, ਅਜੈਬ ਸਿੰਘ ਖੁਡਾਲ਼, ਜਸਵੀਰ ਸਿੰਘ ਜੱਸੂ ਕੁਲਰੀਆਂ, ਬਲਵਿੰਦਰ ਸਿੰਘ ਭਖੜਿਆਲ, ਕੁਲਬੀਰ ਸਿੰਘ ਜੁਗਲਾਣ, ਜਗਜੀਤ ਸਿੰਘ ਗੋਬਿੰਦਪੁਰਾ, ਰਣਜੀਤ ਸਿੰਘ ਗੋਬਿੰਦਪੁਰਾ, ਗਮਦੂਰ ਸਿੰਘ ਸਰਪੰਚ ਜਲਵੇੜਾ, ਬਲਵਿੰਦਰ ਸਿੰਘ ਸੋਨੀ, ਰਾਮਪਾਲ ਸਿੰਘ ਸੇਖੋਂ, ਅਮਰੀਕ ਸਿੰਘ ਖੁਡਾਲ ਨੰਬਰਦਾਰ ਆਦਿ ਹਾਜ਼ਰ ਸਨ |
ਹਰਸਿਮਰਤ ਕੌਰ ਬਾਦਲ ਵਲੋਂ ਬਰੇਟਾ ਇਲਾਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ <br/>
ਅਜੀਤ ਡੈਸਕ
01-09-2025