ਭੀਖੀ, 31 ਅਗਸਤ (ਬਲਕਾਰ ਸਿੰਘ ਸਹੋਤਾ)- ਭੀਖੀ ਇਲਾਕੇ ਵਿਚ ਬੀਤੀ ਸ਼ਾਮ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਨੇ ਮੁੜ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ | ਜ਼ਿਕਰਯੋਗ ਹੈ ਕਿ ਭੀਖੀ ਤੋਂ ਇਲਾਵਾ ਨੇੜਲੇ ਪਿੰਡ ਜੱਸੜਵਾਲਾ, ਮੋਹਰ ਸਿੰਘ ਵਾਲਾ, ਹਮੀਰਗੜ੍ਹ ਢੈਪਈ, ਖੀਵਾ ਕਲਾ, ਖੀਵਾ ਖ਼ੁਰਦ ਦੀ ਸੈਂਕੜੇ ਏਕੜ ਫ਼ਸਲਾਂ ਬਾਰਿਸ਼ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ | ਕਿਸਾਨਾਂ ਨੇ ਕੁਝ ਹੱਦ ਤੱਕ ਵਰਮੀਆਂ ਅਤੇ ਨਾਲੀਆਂ ਦੀ ਪਟੜੀ ਨੂੰ ਤੋੜ ਕੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰ ਲਿਆ ਸੀ ਤੋਂ ਇਲਾਵਾ ਇਨ੍ਹਾਂ ਪਿੰਡਾਂ ਵਿਚੋਂ ਗੁਜ਼ਰਦੇ ਦੋ ਨਾਲੀਆਂ ਵਿਚ ਪਾਣੀ ਦਾ ਪੱਧਰ ਵੀ ਕਾਫ਼ੀ ਹੇਠਾਂ ਚਲਾ ਗਿਆ ਸੀ, ਜਿਸ ਨਾਲ ਕੁਝ ਰਾਹਤ ਮਹਿਸੂਸ ਹੋਈ ਸੀ | ਮੀਹਾਂ ਦੌਰਾਨ ਪਿੰਡਾਂ 'ਚ ਦਰਜਨਾਂ ਮਕਾਨ ਵੀ ਡਿੱਗੇ ਜਾਂ ਨੁਕਸਾਨੇ ਜਾ ਰਹੇ ਹਨ | ਪਿੰਡ ਸਮਾਉਂ ਦੇ ਮਜ਼ਦੂਰ ਜੰਗੀਰ ਸਿੰਘ ਦਾ ਮਕਾਨ ਡਿੱਗਣ ਨਾਲ ਜਿੱਥੇ ਪਰਿਵਾਰ ਵਾਲ-ਵਾਲ ਬਚ ਗਿਆ ਉੱਥੇ 4 ਲੱਖ ਤੋਂ ਵੱਧ ਦਾ ਮਾਲੀ ਨੁਕਸਾਨ ਹੋ ਗਿਆ ਹੈ ਅਤੇ ਧੀਰਾ ਸਿੰਘ ਦਾ ਮਕਾਨ ਵੀ ਨੁਕਸਾਨਿਆ ਗਿਆ ਹੈ | | ਭੀਖੀ ਦੇ ਵਾਰਡ ਨੰਬਰ:2 ਦੇ ਅਤਿ ਲੋੜਵੰਦ ਪਰਿਵਾਰ ਜਗਮੇਲ ਸਿੰਘ ਪੁੱਤਰ ਜੀਤ ਸਿੰਘ, ਬੀਰੋਂ ਸਿੰਘ ਪੁੱਤਰ ਦਰਸ਼ਨ ਸਿੰਘ, ਸਿੰਦਰ ਕੌਰ ਪੁੱਤਰ ਬੁੱਧ ਰਾਮ, ਲੱਖੋਂ ਪਤਨੀ ਗੁਰਪ੍ਰੀਤ ਸਿੰਘ ਆਦਿ ਦੇ ਮਕਾਨਾਂ ਦੀ ਵੀ ਹਾਲਤ ਖਸਤਾ ਹੈ ਅਤੇ ਕਿਸੇ ਵੀ ਸਮੇਂ ਅਣਹੋਣੀ ਵਾਪਰ ਸਕਦੀ ਹੈ | ਮੋਹਰ ਸਿੰਘ ਵਾਲਾ ਦੇ ਮਜ਼ਦੂਰ ਮਹਿੰਦਰ ਸਿੰਘ ਪੁੱਤਰ ਭੂਰਾ ਸਿੰਘ ਦੇ ਘਰ ਦੀ ਛੱਤ ਡਿੱਗ ਚੁੱਕੀ ਹੈ ਜਦਕਿ ਸੁਖਵਿੰਦਰ ਸਿੰਘ, ਭੀਮਾ ਸਿੰਘ, ਸਤਨਾਮ ਸਿੰਘ, ਜੱਸੜ ਵਾਲਾ ਦੇ ਚਤਰਾ ਖਾਂ ਪੁੱਤਰ ਬੁੱਧੂ ਖਾਂ ਆਦਿ ਦੇ ਮਕਾਨ ਵੀ ਨੁਕਸਾਨੇ ਗਏ ਹਨ | ਭੀਖੀ-ਮੋਹਰ ਸਿੰਘ ਵਾਲਾ ਸੜਕ 'ਤੇ ਰਹਿ ਰਹੇ ਪਰਵਾਸੀਆਂ ਦੇ ਕਈ ਮਕਾਨ ਨੁਕਸਾਨੇ ਗਏ ਹਨ | ਮੱਤੀ ਦੇ ਬੱਸ ਅੱਡੇ 'ਤੇ ਟਰੈਕਟਰ ਮਕੈਨਿਕ ਦੀ ਵਰਕਸ਼ਾਪ ਵੀ ਡਿੱਗੀ ਹੈ | ਕਾ. ਜਸਵੰਤ ਚਹਿਲ ਮੱਤੀ ਨੇ ਦੱਸਿਆ ਕਿ ਬਾਰਿਸ਼ ਕਾਰਨ ਪਿੰਡ ਦੇ ਕਈ ਦਲਿਤ ਪਰਿਵਾਰਾਂ ਦੇ ਮਕਾਨ ਵੀ ਨੁਕਸਾਨੇ ਗਏ ਹਨ | ਆਪ ਆਗੂ ਗੁਰਮੇਜ ਸਿੰਘ ਸਮਾਉਂ ਨੇ ਦੱਸਿਆ ਕਿ ਪਿੰਡ ਦੇ 100 ਏਕੜ ਦੇ ਕਰੀਬ ਫ਼ਸਲ ਵਿਚ ਪਾਣੀ ਖੜ੍ਹਾ ਹੈ, ਜਿਸ ਦੀ ਨਿਕਾਸੀ ਕਿਸੇ ਵੀ ਪਾਸੇ ਕਰਨਾ ਸੰਭਵ ਨਹੀਂ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਖੇਤਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ | ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ ਨੇ ਕਿਹਾ ਕਿ ਪਿੰਡ ਸਮਾਉਂ ਵਿਖੇ ਦਰਜਨ ਤੋਂ ਵੱਧ ਮਕਾਨਾਂ ਨੂੰ ਨੁਕਸਾਨ ਪੁੱਜਿਆ ਹੈ, ਲਈ ਪ੍ਰਭਾਵਿਤ ਲੋਕਾਂ ਦੀ ਤੁਰੰਤ ਮਦਦ ਕੀਤੀ ਜਾਵੇ |
ਰਾਜਸੀ ਪਾਰਟੀਆਂ ਦੇ ਆਗੂਆਂ ਵਲੋਂ ਪਿੰਡਾਂ ਦਾ ਦੌਰਾ
ਭਾਜਪਾ ਦੇ ਸੂਬਾਈ ਉਪ ਪ੍ਰਧਾਨ ਜਗਦੀਪ ਸਿੰਘ ਨਕੱਈ, ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ, ਅਕਾਲੀ ਆਗੂ ਤੇ ਕੌਂਸਲਰ ਹਰਪ੍ਰੀਤ ਸਿੰਘ ਚਹਿਲ, ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਰਸ਼ਦੀਪ ਸਿੰਘ ਗਾਗੋਵਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਚੁੱਕੇ ਹਨ ਅਤੇ ਉਨ੍ਹਾਂ ਵਿੱਤ ਮੁਤਾਬਕ ਕਿਸਾਨਾਂ ਦੀ ਮਦਦ ਵੀ ਕੀਤੀ ਹੈ | ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਦੀ ਗੈਰ ਹਾਜ਼ਰੀ ਇਲਾਕੇ 'ਚ ਚਰਚਾ ਦਾ ਵਿਸ਼ਾ ਬਣੀ ਰਹੀ |
ਰੁਕ-ਰੁਕ ਕੇ ਹੋ ਰਹੀ ਬਾਰਿਸ਼ ਨੇ ਭੀਖੀ ਖੇਤਰ ਦੇ ਕਿਸਾਨਾਂ ਦੀ ਚਿੰਤਾ ਵਧਾਈ <br/>
ਅਜੀਤ ਡੈਸਕ
01-09-2025