27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਮੇਅਰ ਦੇ ਯਤਨਾਂ ਨਾਲ 10 ਸਾਲ ਬਾਅਦ ਇਸ਼ਤਿਹਾਰੀ ਬੋਰਡਾਂ ਦਾ ਸਿਰੇ ਚੜਿ੍ਹਆ ਟੈਂਡਰ

ਅਜੀਤ ਡੈਸਕ 30-12-2025
ਜਲੰਧਰ, 29 ਦਸੰਬਰ (ਸ਼ਿਵ)-ਮੇਅਰ ਵਨੀਤ ਧੀਰ ਦੇ ਯਤਨਾਂ ਕਰਕੇ ਨਗਰ ਨਿਗਮ ਦਾ ਸਭ ਤੋਂ ਅਹਿਮ ਇਸ਼ਤਿਹਾਰੀ ਬੋਰਡਾਂ ਦਾ ਟੈਂਡਰ ਅਜੇ ਸਿਰੇ ਚੜ ਗਿਆ ਕਿਉਂਕਿ ਪਿਛਲੇ 10 ਸਾਲਾਂ ਤੋਂ ਇਹ ਟੈਂਡਰ ਸਿਰੇ ਨਾ ਚੜ੍ਹਨ ਕਰਕੇ ਨਿਗਮ ਦਾ ਹੁਣ ਤੱਕ 100 ਕਰੋੜ ਦਾ ਨੁਕਸਾਨ ਹੋ ਚੁੱਕਾ ਸੀ ਤਾਂ ਨਿਗਮ ਲਈ ਟੈਂਡਰ ਸਿਰੇ ਚੜ੍ਹਨਾ ਵੱਡੀ ਪ੍ਰਾਪਤੀ ਹੈ | ਨਗਰ ਨਿਗਮ ਜਲੰਧਰ ਵਲੋਂ ਆਊਟਡੋਰ ਇਸ਼ਤਿਹਾਰਬਾਜ਼ੀ ਦੇ ਪ੍ਰਬੰਧ ਡੀ. ਬੀ. ਓ. ਐਮ. ਟੀ. ਆਧਾਰ (ਡਿਜ਼ਾਈਨ, ਬਿਲਡ, ਓਪਰੇਟਰ, ਮੇਨਟੇਨ ਤੇ ਟਰਾਂਸਫ਼ਰ) ਹੇਠ ਕਰਵਾਇਆ ਗਿਆ ਈ-ਬੋਲੀ ਸੱਤ ਸਾਲਾਂ ਦੇ ਲੰਮੇ ਅੰਤਰਾਲ ਤੋਂ ਬਾਅਦ ਸਫਲਤਾਪੂਰਵਕ ਸੰਪੰਨ ਹੋਣਾ ਨਿਗਮ ਲਈ ਇਕ ਇਤਿਹਾਸਕ ਮੀਲ ਪੱਥਰ ਹੈ | ਨਿਗਮ ਦਾ ਕਹਿਣਾ ਸੀ ਕਿ ਇਹ ਮਹੱਤਵਪੂਰਨ ਉਪਲਬਧੀ ਮੇਅਰ ਵਨੀਤ ਧੀਰ ਤੇ ਕਮਿਸ਼ਨਰ ਸੰਦੀਪ ਰਿਸ਼ੀ, ਆਈ. ਏ. ਐੱਸ. ਦੀ ਦੂਰ-ਦਰਸ਼ੀ ਅਗਵਾਈ ਤੇ ਲਗਾਤਾਰ ਯਤਨਾਂ ਦਾ ਨਤੀਜਾ ਹੈ, ਜਿਨ੍ਹਾਂ ਦੀ ਪਾਰਦਰਸ਼ਤਾ, ਸੁਚੱਜੇ ਪ੍ਰਸ਼ਾਸਨਿਕ ਸੁਧਾਰਾਂ ਤੇ ਮਾਲੀਏ ਦੇ ਵਾਧੇ 'ਤੇ ਕੇਂਦਰਿਤ ਨੀਤੀਆਂ ਨਾਲ ਨਗਰ ਨਿਗਮ ਦੀ ਪ੍ਰਣਾਲੀ 'ਚ ਭਰੋਸਾ ਮੁੜ ਬਹਾਲ ਹੋਇਆ ਹੈ | ਇਸ਼ਤਿਹਾਰੀ ਬੋਰਡਾਂ ਦਾ ਟੈਂਡਰ ਸਿਰੇ ਚੜ੍ਹਨ ਕਰਕੇ ਹੁਣ ਸ਼ਹਿਰ 'ਚ ਨਾਜਾਇਜ਼ ਬੋਰਡਾਂ 'ਤੇ ਲਗਾਮ ਲੱਗੇਗੀ ਕਿਉਂਕਿ ਨਾਜਾਇਜ਼ ਬੋਰਡਾਂ ਕਰਕੇ ਨਿਗਮ ਦੇ ਮਾਲੀਏ ਨੂੰ ਚੂਨਾ ਲੱਗ ਰਿਹਾ ਸੀ ਤੇ ਜਦੋਂ ਕੰਪਨੀ ਵਲੋਂ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਤਾਂ ਨਗਰ ਨਿਗਮ ਨੂੰ ਵੀ ਇਨ੍ਹਾਂ ਨਾਜਾਇਜ਼ ਲੱਗਦੇ ਬੋਰਡਾਂ ਨਾਲ ਸਖ਼ਤੀ ਨਾਲ ਕਾਰਵਾਈ ਕਰਨੀ ਪਏਗੀ | ਨਗਰ ਨਿਗਮ ਵਲੋਂ ਇਸ਼ਤਿਹਾਰੀ ਬੋਰਡਾਂ ਦੇ ਟੈਂਡਰ ਦੀ ਜਿਹੜੀ ਈ-ਬੋਲੀ ਰੱਖੀ ਗਈ ਸੀ, ਉਸ ਵਿਚ ਕੁਲ ਤਿੰਨ (3) ਬੋਲੀਦਾਰਾਂ ਦੀਆਂ ਬੋਲੀਆਂ ਪ੍ਰਾਪਤ ਹੋਈਆਂ | ਇਸ ਲਈ ਰਾਖਵੀਂ ਕੀਮਤ 13,50,00,000 ਕਰੋੜ ਤੈਅ ਕੀਤੀ ਗਈ ਸੀ, ਜਿਸ ਦੇ ਮੁਕਾਬਲੇ ਐਮ. ਐੱਸ. ਕ੍ਰਿਏਟਿਵ ਓਓਐਚ ਵਲੋਂ 13,71,00,000 ਦੀ ਸਭ ਤੋਂ ਉੱਚੀ ਬੋਲੀ ਦਿੱਤੀ ਗਈ, ਜੋ ਕਿ ਰਾਖਵੀਂ ਕੀਮਤ ਤੋਂ ਵੱਧ ਹੈ ਤੇ ਮਾਰਕੀਟ ਦੇ ਮਜ਼ਬੂਤ ਭਰੋਸੇ ਨੂੰ ਦਰਸਾਉਂਦੀ ਹੈ | 1 ਫੀਸਦੀ ਜੀ. ਐੱਸ. ਟੀ. 2,46,78,000 ਜੋੜ ਕੇ ਕੁਲ ਬੋਲੀ ਰਕਮ 16,71,78,000 ਕਰੋੜ ਰੁਪਏ ਬਣਦੀ ਹੈ | ਇਸ ਟੈਂਡਰ ਮੁਤਾਬਕ ਜਿਹੜੇ ਬੋਰਡ ਲਗਾਏ ਜਾਣਗੇ, ਉਨ੍ਹਾਂ 'ਚ 2092 ਆਊਟਡੋਰ ਮੀਡੀਆ ਡਿਵਾਈਸ ਸਾਈਟਾਂ ਸ਼ਾਮਿਲ ਹਨ | ਇਨ੍ਹਾਂ 'ਚ ਯੂਨੀਪੋਲ (ਛੋਟਾ), ਯੂਨੀਪੋਲ (ਵੱਡਾ), ਐਲ. ਈ. ਡੀ. ਡਿਸਪਲੇ, ਗੈਂਟਰੀਜ਼ ਸ਼ਾਮਿਲ ਹਨ | ਨਿਗਮ ਵਲੋਂ ਇਸ ਟੈਂਡਰ ਦੇ ਕੰਮ ਦੀ ਮਿਆਦ 5 ਸਾਲ ਦੀ ਹੋਵੇਗੀ ਤੇ ਕੰਪਨੀ ਦਾ ਕੰਮਕਾਜ ਦੇਖ ਕੇ ਬਾਅਦ 'ਚ ਉਸ ਦੇ ਸਮੇਂ ਵਿਚ 2 ਸਾਲ ਦਾ ਵਾਧਾ ਕੀਤਾ ਜਾਵੇਗਾ |
ਪਿਛਲੀ ਖ਼ਬਰ ਵੈਸਟ ਹਲਕੇ 'ਚ ਅਪਰਾਧਿਕ ਘਟਨਾਵਾਂ ਨੂੰ ਲੈ ਕੇ ਭਾਜਪਾ, ਕਾਂਗਰਸ ਤੇ ਅਕਾਲੀ ਦਲ ਹੋਏ ਇਕਜੁੱਟ ਅਗਲੀ ਖ਼ਬਰ ਮਗਨਰੇਗਾ ਖ਼ਤਮ ਕਰਨ ਦਾ ਕਾਂਗਰਸ ਕਰੇਗੀ ਹਰ ਪੱਧਰ 'ਤੇ ਡਟਵਾਂ ਵਿਰੋਧ-ਚੰਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।