27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਮਗਨਰੇਗਾ ਖ਼ਤਮ ਕਰਨ ਦਾ ਕਾਂਗਰਸ ਕਰੇਗੀ ਹਰ ਪੱਧਰ 'ਤੇ ਡਟਵਾਂ ਵਿਰੋਧ-ਚੰਨੀ

ਅਜੀਤ ਡੈਸਕ 30-12-2025
ਜਲੰਧਰ, 29 ਦਸੰਬਰ (ਜਸਪਾਲ ਸਿੰਘ)-ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਮਗਨਰੇਗਾ ਨੂੰ ਖਤਮ ਕਰਕੇ ਲਿਆਂਦੇ ਗਏ ਨਵੇਂ ਕਾਨੂੰਨ ਦਾ ਕਾਂਗਰਸ ਪਾਰਟੀ ਹਰ ਪੱਧਰ 'ਤੇ ਸਖਤ ਵਿਰੋਧ ਕਰੇਗੀ | ਇਹ ਐਲਾਨ ਉਨ੍ਹਾਂ ਅੱਜ ਇਥੇ ਇਕ ਪੱਤਰਕਾਰ ਸੰਮੇਲਨ 'ਚ ਕਰਦਿਆਂ ਕਿਹਾ ਕਿ ਕੇਂਦਰ ਵਲੋਂ ਇਕ ਗਿਣੀ ਮਿੱਥੀ ਸਾਜਿਸ਼ ਤਹਿਤ ਗਰੀਬਾਂ ਤੇ ਦਲਿਤਾਂ ਦੀ ਭਲਾਈ ਲਈ ਮਿਲਣ ਵਾਲੇ ਫੰਡਾਂ 'ਚ ਕਟੌਤੀ ਕੀਤੀ ਜਾ ਰਹੀ ਹੈ | ਚੰਨੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਹਿਲਾਂ ਪੋਸਟ ਮੈਟਿ੍ਕ ਸਕਾਲਰਸ਼ਿਪ ਤੋਂ ਹੱਥ ਪਿੱਛੇ ਖਿੱਚ ਲਏ ਗਏ ਤੇ ਹੁਣ ਮਗਨਰੇਗਾ ਨੂੰ ਖਤਮ ਕਰਨ ਦੀ ਸਾਜਿਸ਼ ਰਚੀ ਗਈ ਹੈ | ਉਨ੍ਹਾਂ ਕਿਹਾ ਕਿ ਮਗਨਰੇਗਾ ਸਕੀਮ ਮਰਹੂਮ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਦਲਿਤਾਂ ਅਤੇ ਗਰੀਬ ਲੋਕਾਂ ਨੂੰ ਘੱਟੋ-ਘੱਟ 100 ਦਿਨ ਦਾ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਸੀ ਤੇ ਇਸ ਸਕੀਮ ਤਹਿਤ ਸੂਬੇ ਨੂੰ ਕਰੋੜਾਂ ਰੁਪਏ ਜਾਰੀ ਕੀਤੇ ਗਏ ਪਰ ਕੇਂਦਰ ਸਰਕਾਰ ਨੇ ਇਸ ਸਕੀਮ ਨੂੰ ਅੱਗੇ ਤਾਂ ਕੀ ਵਧਾਉਣਾ ਸੀ, ਸਗੋਂ ਇਸ ਨੂੰ ਖਤਮ ਕਰਕੇ ਰਾਜਾਂ ਦੇ ਅਧਿਕਾਰਾਂ 'ਤੇ ਵੀ ਹਮਲਾ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਹੁਣ ਸਕੀਮ 'ਚ ਕੇਂਦਰ ਨੂੰ 60 ਫੀਸਦੀ ਤੇ ਰਾਜ ਸਰਕਾਰ ਨੂੰ 40 ਫੀਸਦੀ ਹਿੱਸਾ ਪਾਉਣਾ ਪਵੇਗਾ ਪਰ ਪੰਜਾਬ ਵਰਗੇ ਸੂਬੇ 'ਚ ਜਿੱਥੇ ਪਹਿਲਾਂ ਹੀ ਸਰਕਾਰ ਦਾ ਖਜ਼ਾਨਾ ਖਾਲੀ ਹੋਵੇ ਤਾਂ ਉਥੇ ਇਹ ਸਕੀਮ ਕਿਸੇ ਵੀ ਤਰ੍ਹਾਂ ਸਫਲ ਨਹੀਂ ਹੋ ਸਕੇਗੀ | ਇਸ ਮੌਕੇ ਉਨ੍ਹਾਂ ਨੇ ਸੂਬੇ ਦੀ 'ਆਪ' ਸਰਕਾਰ ਨੂੰ ਵੀ ਘੇਰਦੇ ਹੋਏ ਕਿਹਾ ਕਿ ਪਿਛਲੇ ਚਾਰ ਸਾਲਾਂ 'ਚ ਸਰਕਾਰ ਇਸ ਸਕੀਮ ਤਹਿਤ ਲੋਕਾਂ ਨੂੰ ਰੁਜ਼ਗਾਰ ਦੇਣ 'ਚ ਨਾਕਾਮ ਰਹੀ ਹੈ ਤੇ ਹੁਣ ਵੀ ਇਸ ਮਾਮਲੇ 'ਤੇ ਕੇਵਲ ਸਿਆਸਤ ਕੀਤੀ ਜਾ ਰਹੀ ਹੈ | ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ, ਦਿਹਾਤੀ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ (ਵਿਧਾਇਕ), ਵਿਧਾਇਕ ਬਾਵਾ ਹੈਨਰੀ, ਨਕੋਦਰ ਹਲਕੇ ਦੇ ਇੰਚਾਰਜ ਡਾ. ਨਵਜੋਤ ਸਿੰਘ ਦਾਹੀਆ, ਕਰਤਾਰਪੁਰ ਹਲਕੇ ਦੇ ਇੰਚਾਰਜ ਰਜਿੰਦਰ ਸਿੰਘ ਐਸ. ਐਸ. ਪੀ. (ਸੇਵਾਮੁਕਤ), ਚੌਧਰੀ ਸੁਰਿੰਦਰ ਸਿੰਘ ਸਾਬਕਾ ਵਿਧਾਇਕ, ਬੀਬੀ ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਪੱਛਮੀ ਤੇ ਹੋਰ ਆਗੂ ਮੌਜੂਦ ਸਨ |
ਪਿਛਲੀ ਖ਼ਬਰ ਮੇਅਰ ਦੇ ਯਤਨਾਂ ਨਾਲ 10 ਸਾਲ ਬਾਅਦ ਇਸ਼ਤਿਹਾਰੀ ਬੋਰਡਾਂ ਦਾ ਸਿਰੇ ਚੜਿ੍ਹਆ ਟੈਂਡਰ ਅਗਲੀ ਖ਼ਬਰ ਸੁਨਿਆਰੇ ਦੀ ਦੁਕਾਨ ਦਾ ਸ਼ਟਰ ਤੋੜ ਕੇ 25 ਕਿੱਲੋ ਚਾਂਦੀ ਤੇ 5 ਤੋਲੇ ਸੋਨਾ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।