24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸ਼ਹਿਰ 'ਚ ਸਰਗਰਮ 3 ਨੌਸਰਬਾਜ਼ ਰੋਜ਼ਾਨਾ ਬਜ਼ੁਰਗਾਂ ਨੂੰ ਬਣਾ ਰਹੇ ਠੱਗੀ ਦਾ ਸ਼ਿਕਾਰ

ਅਜੀਤ ਡੈਸਕ 05-12-2025
ਜਲੰਧਰ, 4 ਦਸੰਬਰ (ਐੱਮ. ਐੱਸ. ਲੋਹੀਆ)-ਬਿਨਾਂ ਨੰਬਰੀ ਮੋਟਰਸਾਈਕਲ 'ਤੇ ਘੁੰਮਦੇ ਦੋ ਵਿਅਕਤੀ ਅਤੇ ਚਦਰਾਂ ਵੇਚਣ ਵਾਲੇ ਵਿਅਕਤੀ ਦਾ ਗਰੋਹ ਰੋਜ਼ਾਨਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਬਜ਼ੁਰਗਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਰਿਹਾ ਹੈ | ਇਨ੍ਹਾਂ ਨੌਸਰਬਾਜ਼ਾਂ ਵਲੋਂ ਐਤਵਾਰ ਨੂੰ ਬੈਂਕ ਇਨਕਲੇਵ 'ਚ ਰਹਿੰਦੇ ਇਕ ਡਾਕਟਰ ਨਾਲ 11 ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ | ਡਾਕਟਰ ਵਲੋਂ ਪੁਲਿਸ ਨੂੰ ਸੂਚਿਤ ਵੀ ਕੀਤਾ ਗਿਆ, ਪਰ ਇਲਾਕੇ 'ਚ ਸਰਗਰਮ ਇਸ ਗਰੋਹ ਖ਼ਿਲਾਫ਼ ਕੋਈ ਕਾਰਵਾਈ ਨਾ ਹੋਣ ਕਰਕੇ, ਹੋਰ ਲੋਕ ਵੀ ਠੱਗੀ ਦਾ ਸ਼ਿਕਾਰ ਬਣ ਰਹੇ ਹਨ | ਬੈਂਕ ਇਨਕਲੇਵ 'ਚ ਰਹਿੰਦੇ ਸੁਖਪਾਲ ਸਿਘ ਵਾਲੀਆ ਨੇ ਜਾਣਕਾਰੀ ਦਿੱਤੀ ਕਿ ਉਸ ਦੇ ਪਿਤਾ ਐੱਚ.ਐੱਸ. ਵਾਲੀਆ, ਜੋ ਕਿ ਕਰੀਬ 73 ਸਾਲ ਦੇ ਹਨ ਅਤੇ ਆਪਣੇ ਕਾਰੋਬਾਰ ਤੋਂ ਸੇਵਾ ਮੁਕਤ ਹੋਣ ਕਰਕੇ ਘਰ ਹੀ ਰਹਿੰਦੇ ਹਨ | ਬੀਤੇ ਦਿਨ, ਦੁਪਹਿਰ ਦੇ ਕਰੀਬ 1 ਵਜੇ ਉਸ ਦੇ ਪਿਤਾ ਘਰ ਦੇ ਬਾਹਰ ਧੁੱਪ ਸੇਕ ਰਹੇ ਸਨ | ਇਸ ਦੌਰਾਨ ਬਿਨਾਂ ਨੰਬਰੀ ਮੋਟਰਸਾਈਕਲ 'ਤੇ ਦੋ ਵਿਅਕਤੀ ਆਏ, ਜਿਨ੍ਹਾਂ ਉਸ ਦੇ ਪਿਤਾ ਨੂੰ ਕਿਹਾ ਕਿ ਉਹ ਸਫ਼ਾਈ ਕਰਮਚਾਰੀ ਹਨ, ਜੇਕਰ ਉਨ੍ਹਾਂ ਨੂੰ ਸੀਵਰੇਜ ਦੀ ਕੋਈ ਪ੍ਰੇਸ਼ਾਨੀ ਹੈ, ਤਾਂ ਉਹ ਸਫ਼ਾਈ ਕਰ ਦਿੰਦੇ ਹਨ | ਉਸ ਦੇ ਪਿਤਾ ਨੇ ਕੋਈ ਪ੍ਰੇਸ਼ਾਨੀ ਨਾ ਹੋਣ ਦਾ ਕਿਹਾ, ਤਾਂ ਇਸੇ ਦੌਰਾਨ ਪੈਦਲ ਆਉਂਦਾ ਇਕ ਵਿਅਕਤੀ, ਜਿਸ ਨੇ ਮੋਢੇ 'ਤੇ ਚੱਦਰਾਂ ਰੱਖੀਆਂ ਹੋਈਆਂ ਸਨ, ਉਨ੍ਹਾਂ ਵਿਅਕਤੀਆਂ ਨਾਲ ਚਾਦਰਾਂ ਦਾ ਸੌਦਾ ਕਰਨ ਲੱਗਾ | ਉਹ ਆਪਸ 'ਚ ਬਹਿਸ ਰਹੇ ਸਨ, ਤਾਂ ਮੋਟਰਸਾਈਕਲ 'ਤੇ ਆਏ ਵਿਅਕਤੀਆਂ ਨੇ ਪੀਣ ਲਈ ਪਾਣੀ ਮੰਗਿਆ | ਉਸ ਦੇ ਮਾਤਾ ਜੀ ਪਾਣੀ ਲੈ ਕੇ ਆਏ, ਤਾਂ ਇਸੇ ਦੌਰਾਨ ਉਨ੍ਹਾਂ ਵਿਅਕਤੀਆਂ ਨੇ ਉਸ ਦੇ ਪਿਤਾ ਨੂੰ ਵਰਗਲਾ ਲਿਆ ਅਤੇ ਚਦਰਾਂ ਖ਼ਰੀਦਣ ਲਈ ਉਨ੍ਹਾਂ ਕੋਲੋਂ ਪੈਸਿਆਂ ਦੀ ਮੰਗ ਕਰ ਦਿੱਤੀ | ਉਨ੍ਹਾਂ ਦਾ ਕਹਿਣਾ ਸੀ ਕਿ ਉਹ ਜਲਦ ਹੀ ਪੈਸੇ ਲਿਆ ਕੇ ਉਨ੍ਹਾਂ ਨੂੰ ਦੇ ਦੇਣਗੇ ਅਤੇ ਚਾਦਰਾਂ ਲੈ ਜਾਣਗੇ | ਉਸ ਦੇ ਪਿਤਾ ਨੇ ਮਾਤਾ ਜੀ ਵਲੋਂ ਰੋਕੇ ਜਾਣ ਦੇ ਬਾਵਜੂਦ ਘਰ ਅੰਦਰੋਂ 20 ਹਜ਼ਾਰ ਰੁਪਏ ਲਿਆ ਕੇ ਉਨ੍ਹਾਂ ਵਿਅਕਤੀਆਂ ਨੂੰ ਫੜਾ ਦਿੱਤੇ | ਇਸ ਤੋਂ ਪਹਿਲਾਂ ਉਸ ਦੇ ਪਿਤਾ ਨੂੰ ਕੁਝ ਸਮਝ ਲੱਗਦਾ, ਉਹ ਤਿੰਨੋ ਵਿਅਕਤੀ ਤੁਰੰਤ ਮੌਕੇ ਤੋਂ ਫ਼ਰਾਰ ਹੋ ਗਏ | ਉਨ੍ਹਾਂ ਦੇਖਿਆ ਕਿ ਉਹ ਨੌਸਰਬਾਜ਼ 20 ਹਜ਼ਾਰ ਰੁਪਏ ਲੈ ਕੇ ਉਨ੍ਹਾਂ ਦੇ ਹੱਥ 5 ਚਾਦਰਾਂ ਫੜਾ ਗਏ ਹਨ | ਪੀੜਤਾਂ ਵਲੋਂ ਇਸ ਸੰਬੰਧੀ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ | ਵਰਨਣਯੋਗ ਹੈ ਕਿ ਬੈਂਕ ਇਨਕਲੇਵ ਵਾਸੀ ਡਾ. ਆਈ.ਐੱਸ. ਭਾਟੀਆ ਤੋਂ ਵੀ ਤਿੰਨ ਨੌਸਰਬਾਜ਼ ਇਸੇ ਤਰ੍ਹਾਂ ਹੀ ਵਰਗਲਾ ਕੇ 11 ਹਜ਼ਾਰ ਰੁਪਏ ਲੈ ਗਏ ਸਨ ਅਤੇ ਉਨ੍ਹਾਂ ਨੂੰ ਵੀ 5 ਚਾਦਰਾਂ ਦੇ ਗਏ ਸਨ | ਸੁਖਪਾਲ ਸਿੰਘ ਵਾਲੀਆ ਨੇ ਦੱਸਿਆ ਕਿ ਉਨ੍ਹਾਂ ਵਲੋਂ ਦੋਵੇਂ ਵਾਰਦਾਤਾਂ ਦੀਆਂ ਸੀ.ਸੀ.ਟੀ.ਵੀ. ਫੁਟੇਜ ਦੇਖੀਆਂ ਗਈਆਂ ਹਨ, ਜਿਸ 'ਚੋਂ ਪਰਤੱਖ ਹੋ ਰਿਹਾ ਹੈ ਕਿ ਦੋਵੇਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਇਕ ਹੀ ਗਰੋਹ ਹੈ |
ਪਿਛਲੀ ਖ਼ਬਰ ਏ. ਐਨ. ਗੁਜਰਾਲ ਸਕੂਲ 'ਚ ਸਾਲਾਨਾ ਇਨਾਮ ਵੰਡ ਸਮਾਰੋਹ ਅਗਲੀ ਖ਼ਬਰ 1196 ਕਰਮਚਾਰੀਆਂ ਦੀ 1 ਜਨਵਰੀ ਤੋਂ ਸ਼ੁਰੂ ਹੋਵੇਗੀ ਭਰਤੀ ਪ੍ਰਕਿਰਿਆ-ਬੰਟੂ, ਸ਼ੰਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।