24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਵਿਦੇਸ਼ੀ ਫੋਨ ਨੰਬਰ ਤੋਂ ਧਮਕੀਆਂ ਦੇ ਕੇ ਫਿਰੌਤੀ ਮੰਗਣ ਵਾਲਾ ਵਿਅਕਤੀ ਗਿ੍ਫ਼ਤਾਰ

ਅਜੀਤ ਡੈਸਕ 05-12-2025
ਸ਼ਾਹਕੋਟ, 4 ਦਸੰਬਰ (ਸੁਖਦੀਪ ਸਿੰਘ, ਦਲਜੀਤ ਸਿੰਘ ਸਚਦੇਵਾ, ਨਗਿੰਦਰ ਸਿੰਘ ਬਾਂਸਲ)- ਸ਼ਾਹਕੋਟ ਸਬ-ਡਵੀਜ਼ਨ ਦੇ ਡੀ. ਐਸ. ਪੀ. ਸੁਖਪਾਲ ਸਿੰਘ ਦੀ ਅਗਵਾਈ ਅਤੇ ਐਸ. ਐਚ. ਓ. ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਦੀ ਦੇਖ-ਰੇਖ ਹੇਠ ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਵਲੋਂ ਵਿਦੇਸ਼ੀ ਨੰਬਰਾਂ ਤੋਂ ਧਮਕੀਆ ਦੇ ਕੇ ਫਿਰੌਤੀ ਮੰਗਣ ਵਾਲੇ ਇੱਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਪ੍ਰੈੱਸ ਕਾਨਫਰੰਸ ਦੌਰਾਨ ਡੀ.ਐਸ.ਪੀ. ਸੁਖਪਾਲ ਸਿੰਘ ਨੇ ਦੱਸਿਆ ਕਿ ਸ਼ਾਹਕੋਟ ਦੇ ਇੱਕ ਵਪਾਰੀ ਨੂੰ 10 ਲੱਖ ਰੁਪਏ ਦੀ ਫਿਰੌਤੀ ਮੰਗਣ ਸੰਬੰਧੀ ਬੀਤੀ 24 ਨਵੰਬਰ ਨੂੰ ਵਿਦੇਸ਼ੀ ਨੰਬਰ ਤੋਂ ਅਣਪਛਾਤੇ ਵਿਅਕਤੀ ਵਲੋਂ ਧਮਕੀ ਭਰੀਆਂ ਕਾਲਾਂ ਆ ਰਹੀਆਂ ਸਨ, ਜਿਸ 'ਤੇ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਅਮਲ 'ਚ ਲਿਆਂਦੀ ਤਾਂ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸੁਖਵਿੰਦਰ ਸਿੰਘ ਉਰਫ ਸੁੱਖਾ (23) ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਰਾਮੇ ਥਾਣਾ ਸ਼ਾਹਕੋਟ, ਜੋ ਕਿ ਏਜੰਟ ਕਵਿਤਾ ਪਤਨੀ ਅਵਤਾਰ ਵਾਸੀ ਮੁਹੱਲਾ ਧੂੜਕੋਟ, ਸ਼ਾਹਕੋਟ ਰਾਹੀਂ ਅਕਤੂਬਰ 2025 ਨੂੰ ਵਿਦੇਸ਼ (ਰਸ਼ੀਆ) ਗਿਆ ਸੀ ਅਤੇ 11 ਨਵੰਬਰ, 2025 ਨੂੰ ਡਿਪੋਰਟ ਹੋ ਕੇ ਰਸ਼ੀਆ ਤੋਂ ਵਾਪਸ ਇੰਡੀਆ ਆ ਗਿਆ | ਉਨ੍ਹਾਂ ਦੱਸਿਆ ਕਿ ਸੁਖਵਿੰਦਰ ਸਿੰਘ ਨੇ ਵਾਪਸ ਆਉਣ ਤੋਂ ਬਾਅਦ ਵੀ ਵਿਦੇਸ਼ (ਰਸ਼ੀਆ) ਦਾ ਚਲਾਇਆ ਨੰਬਰ ਬੰਦ ਨਹੀਂ ਕੀਤਾ ਅਤੇ ਉਸ ਨੇ ਆਪਣੇ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਉਸ ਦੇ ਇੰਡੀਆ ਵਾਪਸ ਆਉਣ ਸੰਬੰਧੀ ਕਿਸੇ ਨੂੰ ਪਤਾ ਨਾ ਲੱਗੇ ਕਿਉਂਕਿ ਉਸ ਨੇ ਇੱਕ ਮਹੀਨੇ ਦੇ ਅੰਦਰ-ਅੰਦਰ ਵਾਪਸ ਚੱਲੇ ਜਾਣਾ ਹੈ | ਦੋਸ਼ੀ ਅਜਿਹਾ ਕਰਕੇ ਆਪਣੇ ਵਾਪਸ ਆਉਣ ਸੰਬੰਧੀ ਗੱਲ ਨੂੰ ਲੁਕਾਉਣਾ ਚਾਹੁੰਦਾ ਸੀ | ਸੁਖਵਿੰਦਰ ਸਿੰਘ ਉਰਫ ਸੁੱਖਾ ਵਲੋਂ ਰਸ਼ੀਆ ਜਾਣ ਸੰਬੰਧੀ ਹੋਏ ਖਰਚੇ ਨੂੰ ਸ਼ਾਰਟਕੱਟ ਤਰੀਕੇ ਰਾਹੀਂ ਪੂਰਾ ਕਰਨ ਲਈ ਫਿਰੌਤੀ ਦੀ ਮੰਗ ਕੀਤੀ ਗਈ | ਦੋਸ਼ੀ ਕਾਰਪੇਂਟਰ ਦਾ ਕੰਮ ਕਰਦਾ ਹੋਣ ਕਰਕੇ ਵਪਾਰੀ ਇਸ ਦੀ ਆਵਾਜ਼ ਨੂੰ ਪਛਾਣਦਾ ਸੀ | ਉਸ ਵਲੋਂ ਕੀਤੇ ਵਾਇਸ ਮੈਸਜਾਂ ਦੀ ਆਵਾਜ਼ ਨੂੰ ਵਪਾਰੀ ਵਲੋਂ ਸ਼ਨਾਖ਼ਤ ਕਰਨ ਉਪਰੰਤ ਫਿਰੌਤੀ ਮੰਗਣ ਵਾਲੇ ਨੂੰ ਲੱਭਣ ਲਈ ਮਨੁੱਖੀ ਖੁਫੀਆ ਅਤੇ ਤਕਨੀਕੀ ਮਾਧਿਅਮ ਦੀ ਮਦਦ ਰਾਹੀਂ ਦੋਸ਼ੀ ਸੁਖਵਿੰਦਰ ਸਿੰਘ ਨੂੰ ਬੱਸ ਸਟੈਂਡ ਸ਼ਾਹਕੋਟ ਤੋਂ ਗਿ੍ਫਤਾਰ ਕੀਤਾ ਗਿਆ ਹੈ, ਜਿਸ ਨੂੰ ਅੱਜ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਇਸ ਦੀ ਹੋਰ ਗੈਰ-ਕਾਨੂੰਨੀ ਕੰਮਾਂ ਵਿਚ ਸ਼ਮੂਲੀਅਤ ਬਾਰੇ ਡੂੰਘਾਈ ਨਾਲ ਤਫਤੀਸ਼ ਕੀਤੀ ਜਾਵੇਗੀ ਅਤੇ ਪਤਾ ਲਗਾਇਆ ਜਾਵੇਗਾ ਕਿ ਇਸ ਕੰਮ ਵਿੱਚ ਹੋਰ ਕਿਹੜੇ-ਕਿਹੜੇ ਵਿਅਕਤੀਆਂ ਵਲੋਂ ਸਾਥ ਦਿੱਤਾ ਗਿਆ ਹੈ ਅਤੇ ਇਨ੍ਹਾਂ ਵਲੋਂ ਹੁਣ ਤੱਕ ਕਿਹੜੇ ਵਿਅਕਤੀਆਂ ਨੂੰ ਧਮਕੀਆਂ ਦੇ ਕੇ ਫਿਰੌਤੀ ਦੀ ਰਕਮ ਹਾਸਿਲ ਕੀਤੀ ਹੈ |
ਪਿਛਲੀ ਖ਼ਬਰ 1196 ਕਰਮਚਾਰੀਆਂ ਦੀ 1 ਜਨਵਰੀ ਤੋਂ ਸ਼ੁਰੂ ਹੋਵੇਗੀ ਭਰਤੀ ਪ੍ਰਕਿਰਿਆ-ਬੰਟੂ, ਸ਼ੰਮੀ ਅਗਲੀ ਖ਼ਬਰ ਬਿਸਤ ਦੁਆਬ ਨਹਿਰ 'ਚ ਗੰਦਗੀ ਸੁੱਟਣ ਤੋਂ ਰੋਕਣ ਲਈ ਆਲੇ-ਦੁਆਲੇ ਲੱਗੇਗਾ ਜੰਗਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।