ਪੰਜਾਬ ਬਚਾਓ ਮੋਰਚਾ ਤੇ ਹੋਰਨਾਂ ਸਿੱਖ ਜਥੇਬੰਦੀਆਂ ਨੇ ਅੰਕੁਰ ਨਰੂਲਾ ਦਾ ਪੁਤਲਾ ਫੂਕਿਆ
ਅਜੀਤ ਡੈਸਕ
04-12-2025
ਜਲੰਧਰ, 3 ਦਸੰਬਰ (ਹਰਵਿੰਦਰ ਸਿੰਘ ਫੁੱਲ)-ਪੰਜਾਬ ਬਚਾਓ ਮੋਰਚਾ ਦੇ ਪ੍ਰਧਾਨ ਤੇਜਸਵੀ ਮਿਨਹਾਸ ਅਤੇ ਸਮਾਜਿਕ ਕਾਰਕੁੰਨ ਭਾਨਾ ਸਿੱਧੂ 'ਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਜਲੰਧਰ ਵਿਖੇ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਅੰਕੁਰ ਨਰੂਲਾ ਦਾ ਪੁਤਲਾ ਫੂਕਿਆ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਮੰਗ ਪੱਤਰ ਦੇ ਕੇ ਪ੍ਰੇਰਿਤ ਅੰਕੁਰ ਨਰੂਲਾ ਅਤੇ ਸਹਿਯੋਗੀਆਂ ਵਿਰੁੱਧ ਵਿਦੇਸ਼ੀ ਫੰਡਿਗ ਸੰਬੰਧੀ ਜਾਂਚ ਦੀ ਮੰਗ ਕੀਤੀ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਤੇਜਸਵੀ ਮਿਨਹਾਸ ਨੇ ਕਿਹਾ ਕਿ ਇਸ ਧਰਨੇ ਦਾ ਉਦੇਸ਼ ਅੰਕੁਰ ਨਰੂਲਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਨਾਲ ਸੰਬੰਧਿਤ ਸਾਲ 2008 ਵਿਚ ਸਥਾਪਨਾ ਤੋਂ ਬਾਅਦ ਪ੍ਰਾਪਤ ਹੋਏ ਸਾਰੇ ਵਿਦੇਸ਼ੀ ਫ਼ੰਡਾਂ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਮੰਗ ਪੱਤਰ ਦੇ ਕੇ ਜਾਂਚ ਦੀ ਮੰਗ ਕੀਤੀ ਗਈ | ਉਨ੍ਹਾਂ ਕਿਹਾ ਕਿ ਇਸ ਵਿਰੋਧ ਪ੍ਰਦਰਸ਼ਨ ਵਿਚ ਸੈਂਕੜੇ ਸਿੱਖ ਅਤੇ ਹਿੰਦੂ ਆਗੂਆਂ ਨੇ ਵੀ ਸ਼ਿਰਕਤ ਕੀਤੀ, ਜਿਨ੍ਹਾਂ ਨੇ ਪੰਜਾਬ 'ਚ ਵੱਡੇ ਪੱਧਰ 'ਤੇ ਹੋ ਰਹੇ ਗੈਰ-ਕਾਨੂੰਨੀ ਧਰਮ ਪਰਿਵਰਤਨ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ¢