29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਨਿਮਾਣਾ ਜਿਹਾ ਇਨਸਾਨ ਹਾਂ ਪਰ ਲੋਕਾਂ ਦੀ ਮੁਹੱਬਤ ਨੇ ਬੇਤਾਜ਼ ਬਾਦਸ਼ਾਹ ਬਣਾ ਦਿੱਤਾ-ਡਾ. ਕੁਲਦੀਪ ਰਾਏ

ਅਜੀਤ ਡੈਸਕ 31-08-2025
ਫਿਲੌਰ, 30 ਅਗਸਤ (ਸਤਿੰਦਰ ਸ਼ਰਮਾ)- ਸਿਵਲ ਹਸਪਤਾਲ ਫਿਲੌਰ ਵਿਖੇ 27 ਸਾਲ ਲਗਾਤਾਰ ਸ਼ਿੱਦਤ ਅਤੇ ਪ੍ਰੀਤ ਨਾਲ ਅਣਥੱਕ ਡਿਊਟੀ ਨਿਭਾਉਣ ਵਾਲੇ ਦੰਦਾਂ ਦੇ ਮਾਹਿਰ ਡਾ. ਕੁਲਦੀਪ ਰਾਏ ਅੱਜ ਸੇਵਾਮੁਕਤ ਹੋ ਗਏ, ਹਸਪਤਾਲ ਦੇ ਡਾਕਟਰਾਂ, ਸਟਾਫ਼ ਤੇ ਇਲਾਕੇ ਦੇ ਮੋਹਤਬਰਾਂ ਨੇ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਮੋਹਭਿੱਜੀ ਵਿਦਾਇਗੀ ਦਿੱਤੀ | ਹਰ ਵੇਲੇ ਮਾਨਵਤਾ ਦੀ ਸੇਵਾ ਵਿਚ ਰੁੱਝੇ ਰਹਿਣ ਵਾਲੇ ਡਾ. ਕੁਲਦੀਪ ਆਪਣੇ ਹਸਮੁਖ ਤੇ ਨਿੱਘੇ ਸੁਭਾਅ ਸਦਕਾ ਹਰ ਵਰਗ ਦੇ ਚਹੇਤੇ ਹੋ ਨਿਬੜੇ | ਉਨ੍ਹਾਂ ਡਿਊਟੀ ਵੀ ਡੱਟ ਕੇ ਕੀਤੀ ਤੇ ਲੋਕਾਂ ਦੀਆਂ ਦੁਆਵਾਂ ਵੀ ਰੱਜ ਕੇ ਲਈਆਂ | ਅਜਿਹੀ ਵਿਲੱਖਣ ਸਖ਼ਸ਼ੀਅਤ ਲੋਕਾਂ ਨੂੰ ਸਬੱਬ ਨਾਲ ਹੀ ਨਸੀਬ ਹੁੰਦੀ ਹੈ | ਜ਼ਿਕਰਯੋਗ ਹੈ ਕਿ ਡਾ.ਕੁਲਦੀਪ ਨੇ ਸਰਵਿਸ ਦੌਰਾਨ ਅਨੇਕਾਂ ਵਾਰ ਆਪਣੀ ਜੇਬ 'ਚੋਂ ਖਰਚ ਕਰਕੇ ਲੋੜਵੰਦਾਂ ਦੀ ਮਦਦ ਲਈ ਦੰਦਾਂ ਦੇ ਮੁਫ਼ਤ ਡੈਂਚਰ ਲਾਏ | ਇਥੇ ਹੀ ਵੱਸ ਨਹੀਂ, ਲੋੜ ਪੈਣ 'ਤੇ ਉਨ੍ਹਾਂ ਅਨੇਕਾਂ ਵਾਰ ਜ਼ਰੂਰਤਮੰਦ ਮਰੀਜ਼ਾਂ ਨੂੰ ਹਜ਼ਾਰਾਂ ਰੁਪਏ ਦੀ ਮਾਲੀ ਮਦਦ ਵੀ ਕੀਤੀ, ਜਿਸ ਕਰਕੇ ਇਲਾਕੇ ਦੇ ਲੋਕ ਉਨ੍ਹਾਂ ਨੂੰ ਗਰੀਬਾਂ ਦਾ ਮਸੀਹਾ ਮੰਨਦੇ ਹਨ | ਡਾ. ਕੁਲਦੀਪ ਦਾ ਜਨਮ 1967 'ਚ ਪਿਤਾ ਗੁਰਬਚਨ ਰਾਮ ਤੇ ਮਾਤਾ ਪ੍ਰਕਾਸ਼ ਕੌਰ ਪਿੰਡ ਸਰਗੂੰਦੀ (ਗੁਰਾਇਆ) ਦੇ ਘਰ ਹੋਇਆ | ਗਰੀਬ ਪਰਿਵਾਰ 'ਚ ਪੈਦਾ ਹੋਣ ਦੇ ਬਾਵਜੂਦ ਉਹ ਡਾਕਟਰ ਬਣੇ | ਉਨ੍ਹਾਂ ਦੇ ਪਰਿਵਾਰ 'ਚ ਪਤਨੀ ਡਾ. ਜਗਦੀਪ ਕੌਰ ਪ੍ਰੋਫੈਸਰ ਹਨ, ਪੁੱਤਰੀ ਡਾ. ਨਤਾਸ਼ਾ ਰਾਏ ਡਾਕਟਰ ਹਨ ਤੇ ਪੁੱਤਰ ਨਵਜੋਤ ਰਾਏ ਵੀ ਮੈਡੀਕਲ ਦੀ ਪੜ੍ਹਾਈ ਕਰ ਰਹੇ ਹਨ | ਡਾ. ਕੁਲਦੀਪ ਵੱਲੋਂ ਨਿਭਾਈਆਂ ਸ਼ਲਾਘਾਯੋਗ ਸੇਵਾਵਾਂ ਬਦਲੇ ਵੱਖ-ਵੱਖ ਸੰਸਥਾਵਾਂ ਨੇ ਉਨ੍ਹਾਂ ਨੂੰ ਅਨੇਕਾਂ ਵਾਰ ਦੇਸ਼ਾਂ ਵਿਦੇਸ਼ਾਂ 'ਚ ਸਨਮਾਨਿਤ ਕੀਤਾ ਹੈ | ਸੇਵਾ-ਮੁਕਤੀ ਮੌਕੇ ਡਾ.ਕੁਲਦੀਪ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਨਿਮਾਣੇ ਜਿਹੇ ਵਿਅਕਤੀ ਹਨ, ਗਰੀਬ ਪਰਿਵਾਰ 'ਚ ਪੈਦਾ ਹੋਏ ਹਨ ਪਰ ਲੋਕਾਂ ਵੱਲੋਂ ਮਿਲੀ ਅਥਾਹ ਮੁਹੱਬਤ ਸਦਕਾ ਉਹ ਖ਼ੁਦ ਨੂੰ ਦੁਨੀਆਂ ਦਾ ਬੇਤਾਜ਼ ਬਾਦਸ਼ਾਹ ਤਸੱਵੁਰ ਕਰਦੇ ਹਨ | ਇਸ ਮੌਕੇ ਵੱਖ-ਵੱਖ ਸਿਆਸੀ, ਧਾਰਮਿਕ, ਸਮਾਜਿਕ ਸੰਸਥਾਵਾਂ ਵੱਲੋਂ ਡਾ.ਕੁਲਦੀਪ ਨੂੰ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਗਈ |
ਪਿਛਲੀ ਖ਼ਬਰ ਯੂਕਰੇਨ ਸੰਘਰਸ਼ ਦੇ ਸ਼ਾਂਤੀਪੂਰਨ ਹੱਲ ਲਈ ਭਾਰਤ ਵਚਨਬੱਧ-ਮੋਦੀ ਅਗਲੀ ਖ਼ਬਰ ਮਾਤਾ ਵੈਸ਼ਨੋ ਦੇਵੀ ਵਿਖੇ ਢਿੱਗਾਂ ਡਿਗਣ ਕਾਰਨ ਮਾਰੇ ਗਏ ਸ਼ਰਧਾਲੂਆਂ ਨੂੰ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।