ਜੰਡਿਆਲਾ ਮੰਜਕੀ, 30 ਅਗਸਤ (ਸੁਰਜੀਤ ਸਿੰਘ ਜੰਡਿਆਲਾ) - ਪਿ੍ੰ.ਜਗਸੀਰ ਸਿੰਘ ਬਰਾੜ ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਮੰਜਕੀ ਵਿੱਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ | ਬਤੌਰ ਮੁੱਖ ਮਹਿਮਾਨ ਪੁੱਜੇ ਰੌਸ਼ਨ ਖੇੜਾ ਸਟੇਟ ਐਵਾਰਡੀ ਸਰੀਰਿਕ ਸਿੱਖਿਆ ਨੇ ਆਪਣੇ ਸੰਬੋਧਨ ਵਿੱਚ ਖੇਡਾਂ ਰਾਹੀਂ ਚੰਗੀ ਸਿਹਤ ਬਣਾਈ ਰੱਖਣ ਦੀ ਮਹੱਤਤਾ ਦਾ ਜ਼ਿਕਰ ਕੀਤਾ | ਇਸ ਤੋਂ ਇਲਾਵਾ ਮੱਖਣ ਲਾਲ ਪੱਲਣ ਚੇਅਰਮੈਨ ਸੈਣ ਸਮਾਜ ਵੈਲਫ਼ੇਅਰ ਬੋਰਡ ਪੰਜਾਬ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਤੇ ਖੇਡਾਂ ਨੂੰ ਸੰਤੁਲਿਤ ਕਰਨ ਦੇ ਤਰੀਕੇ ਬਾਰੇ ਦੱਸਿਆ | ਪਿ੍ੰਸੀਪਲ ਚੰਦਰ ਸ਼ੇਖਰ ਵਰਮਾ ਬੰਡਾਲਾ ਸਕੂਲ ਨੇ ਵਿਦਿਆਰਥੀਆਂ ਨੂੰ ਖੇਡਾਂ ਰਾਹੀਂ ਅਕਾਦਮਿਕ ਤਣਾਅ ਨੂੰ ਘੱਟ ਕਰਨ ਤੇ ਰੋਜ਼ਾਨਾ ਰੁਟੀਨ ਨੂੰ ਕੁਸ਼ਲਤਾ ਨਾਲ ਪ੍ਰਬੰਧਿਤ ਕਰਨ ਬਾਰੇ ਮਾਰਗ ਦਰਸ਼ਨ ਕੀਤਾ | ਜਸਵਿੰਦਰ ਸਿੰਘ (ਲੋਕ ਭਲਾਈ ਮੰਚ) ਨੇ ਖੇਡਾਂ ਵਿਚ ਹਿੱਸਾ ਲੈਣ ਵਾਲਿਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਵੀ ਹਿੱਸਾ ਲੈਣ ਲਈ ਪ੍ਰੇਰਿਆ | ਪਿ੍ੰਸੀਪਲ ਬਰਾੜ ਨੇ ਸੰਬੋਧਨ ਵਿੱਚ ਖੇਡਾਂ ਚਰਿੱਤਰ ਨੂੰ ਘੜਨ, ਸਰੀਰਕ ਤੇ ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ, ਅਨੁਸ਼ਾਸਨ, ਟੀਮ-ਵਰਕ ਤੇ ਲੀਡਰਸ਼ਿਪ ਵਰਗੇ ਗੁਣਾਂ ਨਾਲ ਲਬਰੇਜ ਦੱਸਿਆ | ਉਹਨਾਂ ਕਿਹਾ ਕਿ ਹਾਕੀ ਦੇ ਜਾਦੂਗਰ ਖਿਡਾਰੀ ਮੇਜਰ ਧਿਆਨ ਚੰਦ ਦੇ ਸਨਮਾਨ 'ਚ ਇਹ ਦਿਹਾੜਾ ਮਨਾਇਆ ਜਾਂਦਾ ਹੈ | ਇਸ ਮੌਕੇ ਸਪੂਨ ਰੇਸ, ਸੈਕ ਰੇਸ, ਥਰੀ ਲੈਗ ਰੇਸ, ਕੈਰਮ ਬੋਰਡ, ਟੱਗ ਆਫ਼ ਵਾਰ ਵੱਖ-ਵੱਖ ਕਰਵਾਏ ਗਏ | ਇਸ ਮੌਕੇ ਤਰਸੇਮ ਸਿੰਘ ਲੋਕ ਭਲਾਈ ਮੰਚ ਦੇ ਜਨਰਲ ਸਕੱਤਰ, ਸ੍ਰੀ ਵਿਜੈ ਧਰਨੀ, ਕਾਲਜ ਦੇ ਸਮੂਹ ਵਿਭਾਗਾਂ ਦੇ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ |