ਜਲੰਧਰ, 30 ਅਗਸਤ (ਜਸਪਾਲ ਸਿੰਘ)- 'ਸੀਡ ਇੰਡੀਆ' ਵਲੋਂ ਨਵੀਂ ਦਿੱਲੀ ਵਿਖੇ ਇਕ ਪ੍ਰੇਰਨਾਦਾਇਕ ਸੈਸ਼ਨ ਕਰਵਾਇਆ ਗਿਆ | ਇਹ ਸੈਸ਼ਨ ਪ੍ਰਸਿੱਧ ਨਵਜਯੋਤੀ ਇੰਡੀਆ ਫਾਊਾਡੇਸ਼ਨ ਦੀ ਸੰਚਾਲਿਕਾ ਡਾ. ਕਿਰਨ ਬੇਦੀ, ਆਈ.ਪੀ.ਐਸ. ਦੀ ਅਹਿਮ ਪਹਿਲਕਦਮੀ ਹੈ ਜਿਸ ਤਹਿਤ ਪਿਛਲੇ ਲੰਬੇ ਸਮੇਂ ਤੋਂ ਹਾਸ਼ੀਏ 'ਤੇ ਧੱਕੇ ਗਏ ਭਾਈਚਾਰਿਆਂ ਵਿੱਚ ਉੱਦਮੀ ਚੇਤਨਾ ਨੂੰ ਉਤਸ਼ਾਹਿਤ ਕਰਨ ਦੇ ਇਰਾਦੇ ਨਾਲ ਇਹ ਪ੍ਰੋਗਰਾਮ ਕਰਵਾਇਆ ਗਿਆ | ਸ੍ਰੀ ਰੀਸ਼ਾਨ ਜੌਹਲ, ਸ੍ਰੀ ਕਾਰਤਿਕ ਪਟਿਆਲ, ਸ੍ਰੀ ਯੁਵਰਾਜ ਠਾਕੁਰ ਤੇ ਸ੍ਰੀ ਪ੍ਰਣਵ ਪਰਾਸ਼ਰ ਦੀ ਟੀਮ ਨੇ ਸ਼ਹਿਰ ਦੇ ਨਾਲ ਲੱਗਦੀਆਂ ਝੁੱਗੀਆਂ-ਝੋਂਪੜੀਆਂ ਤੋਂ ਆਏ ਲਗਭਗ ਪੰਜਾਹ ਨਿਵਾਸੀਆਂ ਨਾਲ ਵਿਚਾਰ ਚਰਚਾ ਕੀਤੀ ਤੇ ਉਨ੍ਹਾਂ ਨੂੰ ਸਵੈ-ਨਿਰਭਰ ਬਣਨ ਲਈ ਪ੍ਰੇਰਿਆ | ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਜਿਹੇ ਛੋਟੇ ਉੱਦਮ ਹਨ ਜਿਨ੍ਹਾਂ ਨੂੰ ਆਸਾਨੀ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ | ਇਸ ਮੌਕੇ ਉਨ੍ਹਾਂ ਸੂਖਮ-ਉੱਦਮਾਂ ਨੂੰ ਮਜ਼ਬੂਤ ਕਰਨ ਲਈ ਤਿਆਰ ਕੀਤੀਆਂ ਗਈਆਂ ਸਰਕਾਰੀ ਯੋਜਨਾਵਾਂ ਨੂੰ ਵੀ ਸਾਂਝੇ ਕਰਦੇ ਹੋਏ ਕਿਹਾ ਕਿ ਛੋਟੇ ਉਦਯੋਗ ਸ਼ੁਰੂ ਕਰਕੇ ਮਾਣ -ਸਨਮਾਨ ਨਾਲ ਜ਼ਿੰਦਗੀ ਬਸਰ ਕੀਤੀ ਜਾ ਸਕਦੀ ਹੈ ਤੇ ਇਸ ਕੰਮ ਵਿਚ ਸਰਕਾਰਾਂ ਦੇ ਯੋਗਦਾਨ ਬਾਰੇ ਵੀ ਉਨ੍ਹਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਮੌਕੇ ਨਵੀਂ ਦਿੱਲੀ ਦੇ ਇਕ ਉੱਦਮੀ ਮੁਹੰਮਦ ਸੋਹੇਲ ਨੇ ਵੀ ਆਪਣੇ ਤਜ਼ਰਬੇ ਸਾਂਝੇ ਕਰਦੇ ਹੋਏ ਹਾਜ਼ਰੀਨ ਨੂੰ ਸਵੈ ਨਿਰਭਰ ਬਣਨ ਲਈ ਪ੍ਰੇਰਿਤ ਕੀਤਾ |