ਜਲੰਧਰ, 30 ਅਗਸਤ (ਜਸਪਾਲ ਸਿੰਘ)- ਲਾਇਲਪੁਰ ਖ਼ਾਲਸਾ ਕਾਲਜ ਦੀ ਬੀ.ਏ. ਤੀਜੇ ਸਮੈਸਟਰ ਦੀ ਵਿਦਿਆਰਥਣ ਕੈਡਿਟ ਸਮਰਿਧੀ ਕੌਸ਼ਲ ਨੂੰ 2 ਸਤੰਬਰ ਤੋਂ ਨਵੀਂ ਦਿੱਲੀ ਵਿੱਚ ਹੋਣ ਵਾਲੇ ਥਲ ਸੈਨਾ ਕੈਂਪ ਵਿੱਚ ਹਿੱਸਾ ਲੈਣ ਲਈ ਚੁਣਿਆ ਗਿਆ ਹੈ | ਸਮਰਿਧੀ ਦੀ ਚੋਣ ਐਨ.ਸੀ.ਸੀ. ਅਕੈਡਮੀ, ਰੂਪਨਗਰ ਵਿਖੇ ਪ੍ਰੀ-ਆਰਮੀ ਕੈਂਪ-2 ਵਿੱਚ ਹੋਈ ਹੈ | ਕੈਂਪ ਨੂੰ ਨੈਸ਼ਨਲ ਕੈਡੇਟ ਕੋਰ ਦੇ ਸਭ ਤੋਂ ਵੱਕਾਰੀ ਕੈਂਪਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ | ਕੈਂਪ ਵਿੱਚ ਹਿੱਸਾ ਲੈਣਾ ਐੱਨ.ਸੀ.ਸੀ. ਕੈਡਿਟਾਂ ਲਈ ਮਾਣ ਵਾਲੀ ਗੱਲ ਮੰਨੀ ਜਾਂਦੀ ਹੈ | ਪਿ੍ੰਸੀਪਲ ਡਾ. ਸੁਮਨ ਚੋਪੜਾ ਨੇ ਕੈਡਿਟ ਸਮਰਿਧੀ ਨੂੰ ਉਸਦੀ ਪ੍ਰਾਪਤੀ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਸਦੀ ਚੋਣ ਨੇ ਸੰਸਥਾ ਦਾ ਮਾਣ ਵਧਾਇਆ ਹੈ | ਐੱਨ.ਸੀ.ਸੀ. ਇੰਚਾਰਜ ਡਾ. ਕਰਨਬੀਰ ਸਿੰਘ ਨੇ ਵੀ ਉਸਦੀ ਸਫਲਤਾ ਦੀ ਸ਼ਲਾਘਾ ਕੀਤੀ |