ਜਲੰਧਰ, 30 ਅਗਸਤ (ਜਸਪਾਲ ਸਿੰਘ)- ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ ਓਵਰਆਲ ਐਕੇਡਮਿਕ, ਖੇਡਾਂ, ਸਭਿਆਚਾਰਕ ਗਤੀਵਿਧੀਆਂ, ਰਿਸਰਚ, ਪਲੇਸਮੇਂਟ ਤੇ ਹੋਰ ਖੇਤਰਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ ਕੇਂਦਰੀ ਖੁਦਮੁਖਤਿਆਰ ਸੰਸਥਾ ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰ ਟਰੇਨਿੰਗ ਐਂਡ ਰਿਸਰਚ, ਚੰਡੀਗੜ੍ਹ, ਜਿਸ ਨੂੰ 'ਨਿੱਟਰ' ਵੀ ਕਿਹਾ ਜਾਂਦਾ ਹੈ, ਵੱਲੋਂ 2024-25 ਲਈ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ | ਇਹ ਜਾਣਕਾਰੀ ਕਾਲਜ ਪਿ੍ੰਸੀਪਲ ਡਾ: ਜਗਰੂਪ ਸਿੰਘ ਨੇ ਦਿੱਤੀ | ਉਹਨਾਂ ਕਿਹਾ ਕਿ ਨਿੱਟਰ ਚੰਡੀਗੜ ਵੱਲੋਂ ਪਹਿਲਾਂ ਕੇਵਲ ਉੱਤਰ ਭਾਰਤ ਖੇਤਰ ਵਿੱਚ ਸਥਾਪਿਤ ਬਹੁ-ਤਕਨੀਕੀ ਕਾਲਜਾਂ ਵਿੱਚੋਂ ਹੀ ਬੈਸਟ ਪੋਲੀਟੈਕਨਿਕ ਦੀ ਚੋਣ ਕੀਤੀ ਜਾਂਦੀ ਸੀ ਪਰ 2023-24 ਤੋਂ ਇਸ ਸੰਸਥਾ ਵੱਲੋਂ ਨੈਸ਼ਨਲ ਪੱਧਰ 'ਤੇ ਐਵਾਰਡ ਦੇਣ ਦਾ ਫੈਸਲਾ ਕੀਤਾ ਗਿਆ ਹੈ | ਪਿ੍ੰਸੀਪਲ ਡਾ: ਜਗਰੂਪ ਸਿੰਘ ਨੇ ਕਿਹਾ ਕਿ 2024-25 ਲਈ ਭਾਰਤ ਦੇ ਸਮੂਹ ਬਹੁਤਕਨੀਕੀ ਕਾਲਜਾਂ ਵਿੱਚੋਂ ਨੈਸ਼ਨਲ ਪੱਧਰ ਉੱਤੇ 'ਬੈਸਟ ਪੌਲੀਟੈਕਨਿਕ' ਦਾ ਖਿਤਾਬ ਹਾਸਿਲ ਕਰਨਾ ਇੱਕ ਬਹੁਤ ਵੱਡੀ ਪ੍ਰਾਪਤੀ ਹੈ | ਉਹਨਾਂ ਦੱਸਿਆ ਕਿ ਇਹ ਐਵਾਰਡ 7 ਸਤੰਬਰ ਨੂੰ ਚੰਡੀਗੜ ਵਿਖੇ ਨਿੱਟਰ ਦੇ ਆਡੀਟੋਰੀਅਮ ਹਾਲ ਵਿੱਚ ਉਹਨਾਂ ਦੇ ਸਥਾਪਨਾ ਦਿਵਸ ਮੌਕੇ ਦਿੱਤਾ ਜਾਵੇਗਾ | ਇਸ ਪ੍ਰਾਪਤੀ ਲਈ ਤਕਨੀਕੀ ਸਿਖਿਆ ਪੰਜਾਬ ਦੇ ਡਾਇਰੈਕਟਰੀ ਮੋਨਿਸ਼ ਕੁਮਾਰ ਆਈ. ਏ . ਐਸ. ਨੇ ਡਾ: ਜਗਰੂਪ ਸਿੰਘ ਨੂੰ ਵਧਾਈ ਦਿੱਤੀ | ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ ਦੇ ਉਪ ਪ੍ਰਧਾਨ ਪ੍ਰਧਾਨ ਜਸਟਿਸ ਐਨ. ਕੇ. ਸੂਦ, ਉਪ ਪ੍ਰਧਾਨ ਜਸਟਿਸ ਪ੍ਰੀਤਮ ਪਾਲ, ਸੈਕਟਰੀ ਅਰਵਿੰਦ ਘਈ, ਸੈਕਟਰੀ ਅਜੇ ਗੋਸਵਾਮੀ ਤੇ ਡਾਇਰੈਕਟਰ ਹਾਇਰ ਐਜੂਕੇਸ਼ਨ, ਡੀ.ਏ.ਵੀ. ਮੈਨੇਜਮੈਂਟ ਸ਼ਿਵਰਮਨ ਗੌੜ ਸਾਬਕਾ ਆਈ.ਏ.ਐੱਸ. ਨੇ ਵੀ ਪਿ੍ੰਸੀਪਲ ਡਾ. ਜਗਰੂਪ ਸਿੰਘ ਤੇ ਸਟਾਫ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ |