ਜਲੰਧਰ, 30 ਅਗਸਤ (ਸ਼ੈਲੀ) - ਭਗਵਾਨ ਵਾਲਮੀਕਿ ਪ੍ਰਗਟ ਦਿਵਸ ਮੌਕੇ ਪੂਰੇ ਪੰਜਾਬ ਵਿੱਚ ਭਗਵਾਨ ਵਾਲਮੀਕਿ ਉਤਸਵ ਕਮੇਟੀ ਦੇ ਪ੍ਰੋਗਰਾਮਾਂ ਦੀ ਚਰਚਾ ਜ਼ੋਰਾਂ 'ਤੇ ਹੈ | ਇਸ ਮੌਕੇ ਉੱਤਰੀ ਹਲਕੇ ਦੇ ਮੁਹੱਲਾ ਈਸਾ ਨਗਰ ਦੇ ਲੋਕਾਂ ਵਲੋਂ ਭਗਵਾਨ ਵਾਲਮੀਕਿ ਮੰਦਰ ਵਿਖੇ ਭਗਵਾਨ ਵਾਲਮੀਕਿ ਉਤਸਵ ਕਮੇਟੀ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ | ਮੀਟਿੰਗ ਦੀ ਪ੍ਰਧਾਨਗੀ ਮੋਹਨ ਸਿੰਘ ਨੇ ਕੀਤੀ | ਮੀਟਿੰਗ ਦੇ ਮੁੱਖ ਮਹਿਮਾਨ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦੇ ਪ੍ਰਧਾਨ ਤੇ ਵਾਲਮੀਕਿ ਵੈਲਫੇਅਰ ਟਰੱਸਟ ਸ਼ਕਤੀ ਨਗਰ ਜਲੰਧਰ ਦੇ ਚੇਅਰਮੈਨ ਵਿਪਨ ਸਭਰਵਾਲ ਆਪਣੇ ਸਾਥੀਆਂ ਸਮੇਤ ਮੀਟਿੰਗ ਵਿਚ ਸ਼ਾਮਲ ਹੋਏ | ਈਸਾ ਨਗਰ ਦੇ ਪ੍ਰਧਾਨ ਅਜੇ ਪੁਰੀ ਚੀਨੂੰ ਨੇ ਸਾਰੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ | ਸੰਗਤਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਮੁਖੀ ਵਿਪਨ ਸੱਭਰਵਾਲ ਨੇ ਕਿਹਾ ਕਿ ਵਾਲਮੀਕਿ ਸਮਾਜ ਦੇ ਗਰੀਬ ਬੱਚੇ ਜੋ ਪੜ੍ਹਾਈ ਵਿੱਚ ਹੁਸ਼ਿਆਰ ਹਨ ਤੇ ਗਰੀਬੀ ਕਾਰਨ ਆਪਣੀ ਸਕੂਲ ਜਾਂ ਕਾਲਜ ਦੀ ਫੀਸ ਨਹੀਂ ਦੇ ਸਕਦੇ, ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਤੇ ਵਾਲਮੀਕਿ ਵੈਲਫੇਅਰ ਟਰੱਸਟ ਵੱਲੋਂ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਂਦੀ ਹੈ | ਜੇਕਰ ਕੋਈ ਕਿਤੇ ਵੀ ਸਮਾਜ 'ਤੇ ਅੱਤਿਆਚਾਰ ਕਰਦਾ ਹੈ ਤਾਂ ਉਤਸਵ ਕਮੇਟੀ ਤੇ ਟਰੱਸਟ ਦੇ ਮੈਂਬਰ ਉਨ੍ਹਾਂ ਦਾ ਸਮਰਥਨ ਕਰਦੇ ਹਨ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ ਨਾਲ ਜੋੜਨਾ ਚਾਹੀਦਾ ਹੈ ਤਾਂ ਜੋ ਵਾਲਮੀਕਿ ਸਮਾਜ ਦੇ ਵੱਡੇ ਪੱਧਰ 'ਤੇ ਹੋ ਰਹੇ ਧਰਮ ਪਰਿਵਰਤਨ ਨੂੰ ਰੋਕਿਆ ਜਾ ਸਕੇ | ਉਤਸਵ ਕਮੇਟੀ ਦੇ ਜਨਰਲ ਸਕੱਤਰ ਜਤਿੰਦਰ ਨਿੱਕਾ ਨੇ ਮੁੱਖ ਸਮਾਗਮਾਂ ਬਾਰੇ ਵਿਸਥਾਰ 'ਚ ਦੱਸਿਆ | 25 ਸਤੰਬਰ ਨੂੰ ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਵਿਖੇ ਸਵੇਰੇ 8 ਤੋਂ 10 ਵਜੇ ਤੱਕ ਸਤਿਸੰਗ ਹੋਵੇਗਾ, 11 ਵਜੇ ਹਵਨ ਯੱਗ ਕੀਤਾ ਜਾਵੇਗਾ, ਹਵਨ ਯੱਗ ਤੋਂ ਬਾਅਦ ਲੰਗਰ ਵਰਤਾਇਆ ਜਾਵੇਗਾ | 27 ਸਤੰਬਰ ਨੂੰ ਦੁਪਹਿਰ 1 ਵਜੇ ਸੰਤ ਸਮਾਜ ਦੀ ਅਗਵਾਈ ਹੇਠ ਪ੍ਰਾਚੀਨ ਮੰਦਰ ਅਲੀ ਮੁਹੱਲਾ ਤੋਂ ਪਵਿੱਤਰ ਵਾਲਮੀਕਿ ਤੀਰਥ ਅੰਮਿ੍ਤਸਰ ਲਈ ਇੱਕ ਬੱਸ ਯਾਤਰਾ ਰਵਾਨਾ ਕੀਤੀ ਜਾਵੇਗੀ | 6 ਅਕਤੂਬਰ ਨੂੰ ਸੰਤ ਸਮਾਜ ਦੀ ਅਗਵਾਈ ਹੇਠ ਪ੍ਰਾਚੀਨ ਮੰਦਰ ਅਲੀ ਮੁਹੱਲਾ ਤੋਂ ਦੁਪਹਿਰ 2 ਵਜੇ ਜਲੰਧਰ ਸ਼ਹਿਰ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾਵੇਗੀ | 7 ਅਕਤੂਬਰ ਨੂੰ ਰਾਤ 8 ਵਜੇ ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਵਿਖੇ ਪਾਵਨ ਵਾਲਮੀਕਿ ਪ੍ਰਗਟ ਦਿਵਸ 'ਤੇ ਦੀਪਮਾਲਾ ਕੀਤੀ ਜਾਵੇਗੀ ਤੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਵਾਲੀਆਂ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਈਸਾ ਨਗਰ ਦੇ ਪ੍ਰਧਾਨ ਅਜੈ ਪੁਰੀ ਚੀਨੂ ਨੇ ਕਿਹਾ ਕਿ ਸਾਰਾ ਈਸਾ ਨਗਰ ਸਭਾ ਉਤਸਵ ਕਮੇਟੀ ਦੇ ਨਾਲ ਹੈ ਤੇ ਉਤਸਵ ਕਮੇਟੀ ਦੇ ਸਾਰੇ ਪ੍ਰੋਗਰਾਮਾਂ 'ਚ ਉਤਸ਼ਾਹ ਨਾਲ ਭਾਗ ਲਵੇਗੀ | ਇਸ ਮੌਕੇ ਗੁਲਜ਼ਾਰ ਖੋਸਲਾ, ਰਾਜੀਵ ਗੋਰਾ, ਪ੍ਰਧਾਨ ਅਜੇ ਪੁਰੀ ਚੀਨੂ, ਮੋਹਨ ਸਿੰਘ ਲੱਧੜ, ਰਵੀ ਹੰਸ, ਰਾਜਵੀਰ ਗਿੱਲ, ਵਿੱਕੀ ਗਿੱਲ, ਗੁਰਪ੍ਰੀਤ ਗਿੱਲ, ਚੰਦਰ ਪੁਰੀ, ਨੇਤਾ ਜੀ, ਰਾਹੁਲ ਗਿੱਲ, ਚੇਤਨ ਨਾਹਰ, ਗੌਰਵ ਜੀ.ਕੇ., ਅਭੀ ਸੱਭਰਵਾਲ ਆਦਿ ਨੇ ਸ਼ਮੂਲੀਅਤ ਕੀਤੀ |