ਸੈਕਰਾਮੈਂਟੋ, 8 ਦਸੰਬਰ (ਹੁਸਨ ਲੜੋਆ ਬੰਗਾ)-ਅਮਰੀਕਾ ਵਿਚ ਮਹਿੰਗਾਈ ਵਧਣ ਦੇ ਨਾਲ ਰਹਿਣ ਸਹਿਣ ਦੀਆਂ ਲਾਗਤਾਂ ਦੁੱਗਣੀਆਂ ਹੋ ਗਈਆਂ ਹਨ | ਇਸ ਸਬੰਧ ਵਿਚ ਗਾਹਕਾਂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਾ ਕਿ ਕਰਿਆਨੇ ਉਪਰ ਖਰਚ ਦੁੱਗਣਾ ਹੋ ਗਿਆ ਹੈ | ਉੱਤਰੀ ਕੈਰੋਲੀਨਾ ਵਿਚ ਮਾਊਾਟ ਏਅਰੀ ਦੀ ਵਸਨੀਕ ਜੈਸੀ ਅਵਿਲਸ ਦਾ ਕਹਿਣਾ ਹੈ ਕਿ ਦੋ ਸਾਲ ਪਹਿਲਾਂ ਪਰਿਵਾਰ ਦੇ ਕਰਿਆਨੇ ਦਾ ਬਿੱਲ 200 ਡਾਲਰ ਪ੍ਰਤੀ ਹਫਤਾ ਸੀ ਜੋ ਹੁਣ 400 ਡਾਲਰ ਪ੍ਰਤੀ ਹਫਤਾ ਹੋ ਗਿਆ ਹੈ | ਇਸ ਤਰ੍ਹਾਂ ਉਨ੍ਹਾਂ ਨੂੰ 1600 ਡਾਲਰ ਹਰ ਮਹੀਨੇ ਕਰਿਆਨੇ ਉਪਰ ਖਰਚਣੇ ਪੈਂਦੇ ਹਨ ਜਦਕਿ ਪਹਿਲਾਂ 800 ਡਾਲਰ ਵਿਚ ਹੀ ਖਾਣ ਪੀਣ ਦਾ ਸਮਾਨ ਆ ਜਾਂਦਾ ਸੀ | 32 ਸਾਲਾ ਅਵਿਲਸ ਦਾ ਪਰਿਵਾਰ 850 ਡਾਲਰ ਮਕਾਨ ਦਾ ਕਿਰਾਇਆ ਦਿੰਦਾ ਹੈ | ਅਵਿਲਸ ਦਾ ਤਜ਼ਰਬਾ ਕੌਮੀ ਹਕੀਕਤ ਦਾ ਪ੍ਰਤੀਕ ਹੈ | ਪੂਰੇ ਅਮਰੀਕਾ ਵਿਚ ਇਹ ਹੀ ਹਾਲ ਹੈ | ਪਹਿਲਾਂ ਕਿਹਾ ਜਾਂਦਾ ਸੀ ਕਿ ਅਮਰੀਕਾ ਵਿਚ ਖਾਣ ਪੀਣ ਦੀ ਵਸਤਾਂ ਸਸਤੀਆਂ ਹਨ ਪਰੰਤੂ ਹੁਣ ਅਜਿਹਾ ਨਹੀਂ ਹੈ | ਲੋਕਾਂ ਨੂੰ ਵਧ ਰਹੀਆਂ ਕੀਮਤਾਂ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ ਜਦ ਕਿ ਤਨਖਾਹ ਵਿਚ ਕੋਈ ਵਾਧਾ ਨਹੀਂ ਹੋਇਆ ਹੈ |