ਐਬਟਸਫੋਰਡ, 21 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੀ ਪ੍ਰੁਮੱਖ ਕੁਸ਼ਤੀ ਸੰਸਥਾ ਰੈਸਿਲੰਗ ਕੈਨੇਡਾ ਲੂਟੇ ਅਤੇ ਕੈਨੇਡੀਅਨ ਉਲੰਪਿਕ ਕਮੇਟੀ ਵਲੋਂ ਸਰਬੀਆ ਦੇ ਸ਼ਹਿਰ ਨੋਵੀ ਸੈਡ ਵਿਖੇ ਹੋ ਰਹੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 2025 ਅੰਡਰ 23 ਉਮਰ ਵਰਗ ਦੇ ਲੜਕਿਆਂ ਦੇ ਕੁਸ਼ਤੀ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਪਹਿਲਵਾਨਾਂ ਦੀ ਟੀਮ ਦਾ ਐਲਾਨ ਕਰ ਦਿੱਤਾ ਹੈ | 61 ਕਿੱਲੋ ਵਰਗ ਤੋਂ 125 ਕਿੱਲੋ ਵਰਗ ਦੇ ਪਹਿਲਵਾਨਾਂ ਦੀ ਕੈਨੇਡਾ ਦੀ 9 ਮੈਂਬਰੀ ਟੀਮ ਵਿਚ 21 ਸਾਲਾ ਪਹਿਲਵਾਨ ਜ਼ੋਰਾਵਰ ਸਿੰਘ ਢੀਂਡਸਾ ਤੇ ਸਹਿਜਪਾਲ ਸਿੰਘ ਸਿੱਧੂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ | ਬਰਨਬੀ ਮਾਉਟੇਨ ਰੈਸਿਲੰਗ ਕਲੱਬ ਦਾ 6 ਫੁੱਟ 4 ਇੰਚ ਲੰਮਾ ਪਹਿਲਵਾਨ ਜ਼ੋਰਾਵਰ ਸਿੰਘ 125 ਕਿੱਲੋ ਵਰਗ ਫ੍ਰੀ ਸਟਾਈਲ ਤੇ ਸਹਿਜਪਾਲ ਸਿੰਘ ਸਿੱਧੂ 74 ਕਿੱਲੋ ਵਰਗ ਫ੍ਰੀ ਸਟਾਈਲ ਮੁਕਾਬਲੇ 'ਚ ਸਰਬੀਆ ਦੀ ਧਰਤੀ 'ਤੇ ਆਪਣੀ ਕੁਸ਼ਤੀ ਦੇ ਜੌਹਰ ਵਿਖਾਉਣਗੇ | ਵਿਸ਼ਵ ਰੈਸਿਲੰਗ ਚੈਂਪੀਅਨਸ਼ਿਪ ਦੇ ਇਨ੍ਹਾਂ ਕੁਸ਼ਤੀ ਮੁਕਾਬਲਿਆਂ ਵਿਚ ਕੈਨੇਡਾ, ਅਮਰੀਕਾ, ਭਾਰਤ, ਜਰਮਨ, ਫਰਾਂਸ, ਇਟਲੀ, ਜਪਾਨ, ਈਰਾਨ, ਪੋਲੈਂਡ, ਅਰਮੀਨੀਆ, ਬਹਿਰੀਨ, ਬੁਲਗਾਰੀਆ, ਚੀਨ, ਗਰੀਸ, ਮੈਕਸੀਕੋ, ਯੁਕਰੇਨ, ਤੁਰਕੀ ਸਮੇਤ 36 ਦੇਸ਼ਾਂ ਦੇ ਪਹਿਲਵਾਨ ਹਿੱਸਾ ਲੈ ਰਹੇ ਹਨ | ਕੈਨੇਡਾ ਦੀ ਟੀਮ ਨਾਲ ਉੱਘੇ ਪੰਜਾਬੀ ਕੋਚ ਰਾਜ ਵਿਰਦੀ ਸਰਬੀਆ ਜਾ ਰਹੇ ਹਨ |