28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਪਾਵਰ ਲਿਫ਼ਟਿੰਗ ਦਾ ਵਿਸ਼ਵ ਚੈਂਪੀਅਨ ਬਣਿਆ ਪਿੰਡ ਰੋੜਾਂਵਾਲੀ ਦਾ ਅੰਸ਼ ਜੁਨੇਜਾ <br/>

ਥਾਈਲੈਂਡ ਵਿਖੇ ਵਿਸ਼ਵ ਚੈਂਪੀਅਨਸ਼ਿਪ ਵਿਚ ਜਿੱਤੇ ਦੋ ਸੋਨ ਤਗ਼ਮਿਆਂ ਅਤੇ ਰਾਹ ਦਸੇਰੇ ਕੋਚ ਗੁਰਕਰਨਬੀਰ ਸਿੰਘ ਸੰਧੂ ਦੇ ਨਾਲ ਜੇਤੂ ਰੌਂਅ ਵਿਚ ਅੰਸ਼ ਜੁਨੇਜਾ | <br/> 05-12-2025

ਮੰਡੀ ਕਿੱਲਿਆਂਵਾਲੀ, 4 ਦਸੰਬਰ (ਇਕਬਾਲ ਸਿੰਘ ਸ਼ਾਂਤ)-ਕਰੀਬ ਡੇਢ ਸਾਲ ਪਹਿਲਾਂ ਮਨ ਦਾ ਬੋਝ ਬਣਿਆ 120 ਕਿੱਲੋ ਵਜ਼ਨ ਅੱਜ ਲੰਬੀ ਹਲਕੇ ਦੇ ਪਿੰਡ ਰੋੜਾਂਵਾਲੀ ਦੇ ਅੰਸ਼ ਜੁਨੇਜਾ ਦੀ ਅੰਤਰਰਾਸ਼ਟਰੀ ਪ੍ਰਸਿੱਧੀ ਦੀ ਮੌਜ ਦਾ ਕਾਰਨ ਬਣ ਗਿਆ ਹੈ | ਅੰਸ਼ ਜੁਨੇਜਾ ਨੇ ਮਹਿਜ਼ ਡੇਢ ਸਾਲ ਦੀ ਮਿਹਨਤ ਨਾਲ ਥਾਈਲੈਂਡ ਵਿਚ ਦੋ ਸੋਨ ਤਗ਼ਮੇ ਜਿੱਤ ਕੇ ਸਾਬਤ ਕਰ ਦਿੱਤਾ ਹੈ ਕਿ ਦਿ੍ੜ੍ਹ ਇਰਾਦੇ ਨਾਲ ਕਮਜ਼ੋਰੀ ਨੂੰ ਤਾਕਤ ਵਿਚ ਬਦਲਿਆ ਜਾ ਸਕਦਾ ਹੈ | ਅੰਸ਼ ਜੁਨੇਜਾ ਨੇ ਬੀਤੇ ਦਿਨੀਂ ਥਾਈਲੈਂਡ ਦੇ ਸ਼ਹਿਰ ਪਤਾਇਆ ਵਿਖੇ ਯੂਨਾਈਟਿਡ ਵਰਲਡ ਸਪੋਰਟਸ ਐਂਡ ਫਿੱਟਨੈੱਸ ਫੈਡਰੇਸ਼ਨ (ਯੂ. ਡਬਲਿਊ. ਐੱਸ. ਐੱਫ਼. ਐੱਫ਼.) ਵਲੋਂ ਕਰਵਾਈ ਪਾਵਰ ਲਿਫ਼ਟਿੰਗ ਵਰਲਡ ਚੈਂਪੀਅਨਸ਼ਿਪ 2025 ਵਿਚ ਭਾਰਤ ਦੀ ਨੁਮਾਇੰਦਗੀ ਕੀਤੀ | ਉੱਥੇ ਅੰਡਰ-23 ਵਰਗ ਦੇ 120 ਕਿੱਲੋ ਭਾਰ ਵਰਗ ਵਿਚ ਉਸ ਨੇ ਆਪਣੀ ਤਾਕਤ ਦਾ ਲੋਹਾ ਮਨਵਾਇਆ | ਅੰਸ਼ ਜੁਨੇਜਾ ਨੇ 17 ਦੇਸ਼ਾਂ ਦੇ ਤਕੜੇ ਪਾਵਰ ਲਿਫ਼ਟਰਾਂ ਨਾਲ ਸਖ਼ਤ ਮੁਕਾਬਲਾ ਕਰਦਿਆਂ ਡੈੱਡ ਲਿਫ਼ਟ ਅਤੇ ਬੈਂਚ ਪ੍ਰੈਸ ਦੋਵਾਂ ਵਰਗਾਂ ਵਿਚ ਸੋਨ ਤਗ਼ਮੇ ਜਿੱਤੇ | ਸਿਆਸੀ ਪਿੰਡ ਬਾਦਲ ਦੇ ਭਾਣਜੇ ਅੰਸ਼ ਜੁਨੇਜਾ ਦੀ ਸਫ਼ਲ ਕਹਾਣੀ ਦਾ ਸਾਰ ਹੈ ਕਿ ਉਸ ਦੇ ਪਿਤਾ ਅਸ਼ਵਨੀ ਕੁਮਾਰ ਦੀ ਪਿੰਡ ਰੋੜਾਂਵਾਲੀ ਵਿਚ ਕਰਿਆਨੇ ਦੀ ਦੁਕਾਨ ਹੈ ਅਤੇ ਪਰਿਵਾਰ ਦਾ ਖੇਡਾਂ ਨਾਲ ਦੂਰ-ਦੂਰ ਤੱਕ ਕੋਈ ਵਾਸਤਾ ਨਹੀਂ ਸੀ | ਵਧਦੇ ਮੋਟਾਪੇ ਤੋਂ ਦੁਖੀ ਅੰਸ਼ ਜੁਨੇਜਾ ਨੇ ਜਿੰਮ ਜਾਣਾ ਸ਼ੁਰੂ ਕੀਤਾ ਸੀ | ਪਿੰਡ ਖੁੱਬਣ ਦੇ ਟਾਈਗਰ ਫਿੱਟਨੈੱਸ ਜਿੰਮ ਵਿਚ ਉਸ ਦਾ ਸੰਪਰਕ ਕੋਚ ਗੁਰਕਰਨਬੀਰ ਸਿੰਘ ਸੰਧੂ ਨਾਲ ਹੋਇਆ | ਜਿੰਮ ਵਿਚ ਪਏ ਪੈਰ ਉਸ ਲਈ ਰਾਮਬਾਣ ਸਾਬਤ ਹੋਏ ਅਤੇ ਕੋਚ ਦੀ ਸੁਵੱਲੀ ਰਹਿਨੁਮਾਈ ਹੇਠ ਉਸ ਨੇ ਸਿਰਫ਼ ਡੇਢ ਸਾਲ ਵਿਚ ਹੀ ਅੰਤਰਰਾਸ਼ਟਰੀ ਮੁਕਾਮ ਹਾਸਿਲ ਕਰ ਲਿਆ | ਉਸ ਨੇ ਪਹਿਲਾਂ 12ਵੀਂ ਵਿਚ ਜ਼ਿਲ੍ਹਾ ਪੱਧਰ 'ਤੇ ਸੋਨਾ ਤਗ਼ਮਾ ਜਿੱਤਿਆ ਅਤੇ ਸੂਬਾ ਪੱਧਰੀ ਮੁਕਾਬਲੇ ਵਿਚ ਤੀਜੀ ਪੁਜ਼ੀਸ਼ਨ ਹਾਸਿਲ ਕੀਤੀ | ਇਸ ਉਪਰੰਤ ਉਹ ਓਪਨ ਫੈਡਰੇਸ਼ਨ ਕੱਪ ਖੇਡਣ ਲੱਗ ਪਿਆ, ਜਿੱਥੇ ਉਸ ਨੇ ਕਰੀਬ ਦਰਜਨ ਥਾਵਾਂ 'ਤੇ ਸੋਨ ਤਗ਼ਮੇ ਜਿੱਤੇ | ਡੇਢ ਸਾਲ ਪਹਿਲਾਂ ਉਸ ਨੂੰ ਭਾਰ ਘਟਾਉਣ ਲਈ ਖੁੱਬਣ ਵਿਖੇ ਜਿੰਮ ਭੇਜਿਆ | ਉੱਥੇ ਕੋਚ ਨੇ ਭਾਰੀ ਵਜ਼ਨ ਵਿਚੋਂ ਸਫ਼ਲਤਾ ਦਾ ਰਾਹ ਵਿਖਾ ਕੇ ਅੰਸ਼ ਦੀ ਜ਼ਿੰਦਗੀ ਨੂੰ ਨਵਾਂ ਮੋੜ ਦੇ ਦਿੱਤਾ | ਮਾਮਾ ਪ੍ਰਦੀਪ ਕੁਮਾਰ ਉਰਫ਼ ਦੀਪੂ ਬਾਦਲ ਨੇ ਭਾਣਜੇ ਅੰਸ਼ ਦੀ ਪ੍ਰਾਪਤੀ ਨੂੰ ਦੇਸ਼, ਇਲਾਕੇ ਅਤੇ ਪਰਿਵਾਰ ਲਈ ਸ਼ਾਨਾਮੱਤੀ ਪ੍ਰਾਪਤੀ ਦੱਸਿਆ | ਮੌਜੂਦਾ ਸਮੇਂ ਵਿਚ ਉਹ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਪਟਿਆਲਾ ਤੋਂ ਬੀ.ਪੀ.ਈ.ਐੱਸ. ਦੀ ਡਿਗਰੀ ਕਰ ਰਿਹਾ ਹੈ | ਅੰਸ਼ ਦਾ ਮੌਜੂਦਾ ਭਾਰ 122 ਕਿੱਲੋ ਹੈ, ਪਰ ਉਹ ਇੱਥੇ ਹੀ ਰੁਕਣ ਵਾਲਾ ਨਹੀਂ ਹੈ | ਉਸ ਦਾ ਅਗਲਾ ਟੀਚਾ ਆਪਣਾ ਭਾਰ 15 ਕਿੱਲੋ ਹੋਰ ਘਟਾ ਕੇ ਫਿੱਟਨੈੱਸ ਨੂੰ ਬਿਹਤਰ ਬਣਾਉਣਾ ਹੈ | ਉਹ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਵਿਚ ਦੋ ਸੋਨ ਤਗ਼ਮੇ ਜਿੱਤ ਕੇ ਖੇਡ ਕੋਟੇ ਰਾਹੀਂ ਸਰਕਾਰੀ ਨੌਕਰੀ ਹਾਸਿਲ ਕਰਨ ਲਈ ਵਚਨਬੱਧ ਹੈ |

ਪਿਛਲੀ ਖ਼ਬਰ ਰਾਸ਼ਟਰੀ ਅਤੇ ਡਾਇਮੰਡ ਜੁਬਲੀ 'ਚ ਹਿੱਸਾ ਲੈ ਕੇ ਪਰਤੇ ਬਠਿੰਡਾ ਦੇ ਸਕਾਊਟਸ ਅਤੇ ਗਾਈਡਜ਼ <br/> ਅਗਲੀ ਖ਼ਬਰ ਏਅਰ ਇੰਡੀਆ ਦੀ ਲਾਪਰਵਾਹੀ ਨਾਲ ਅਨੁਸ਼ਕਾ ਸ਼ੰਕਰ ਦਾ ਸਿਤਾਰ ਟੁੱਟਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।