ਅੰਮਿ੍ਤਸਰ, 21 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਕਿ੍ਕਟ ਟੀਮ 'ਚ ਸਾਲ 2023 ਵਿਸ਼ਵ ਕੱਪ ਤੋਂ ਬਾਅਦ ਸ਼ੁਰੂ ਹੋਇਆ ਕਪਤਾਨ ਬਦਲਣ ਦਾ ਰੁਝਾਨ ਲਗਾਤਾਰ ਜਾਰੀ ਹੈ | ਪਾਕਿ ਨੇ ਪਿਛਲੇ 2 ਸਾਲਾਂ 'ਚ 5 ਕਪਤਾਨ ਬਦਲੇ ਹਨ | ਵਾਰ-ਵਾਰ ਹੋਣ ਵਾਲੀਆਂ ਤਬਦੀਲੀਆਂ ਨੇ ਟੀਮ ਦੇ ਪ੍ਰਦਰਸ਼ਨ ਨੂੰ ਸਪਸ਼ਟ ਤੌਰ 'ਤੇ ਪ੍ਰਭਾਵਿਤ ਕੀਤਾ ਹੈ | ਤਾਜ਼ਾ ਬਦਲਾਅ ਦੇ ਚੱਲਦਿਆਂ ਵਿਕਟਕੀਪਰ-ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੂੰ ਵਨ-ਡੇ ਕਪਤਾਨੀ ਤੋਂ ਹਟਾ ਕੇ ਪਾਕਿਸਤਾਨ ਕਿ੍ਕਟ ਬੋਰਡ ਨੇ ਸ਼ਾਹੀਨ ਸ਼ਾਹ ਅਫ਼ਰੀਦੀ ਨੂੰ ਪਾਕਿ ਦਾ ਨਵਾਂ ਇਕ ਦਿਨਾ ਕਪਤਾਨ ਨਿਯੁਕਤ ਕੀਤਾ ਹੈ | ਸ਼ਾਹੀਨ ਪਹਿਲਾਂ ਟੀ-20 ਫਾਰਮੈਟ 'ਚ ਕਪਤਾਨੀ ਕਰ ਚੁੱਕਿਆ ਹੈ, ਹਾਲਾਂਕਿ ਉਸ ਨੂੰ ਉਸ ਫਾਰਮੈਟ ਤੋਂ ਹਟਾ ਦਿੱਤਾ ਗਿਆ ਸੀ | ਪਾਕਿ ਟੀਮ ਇਸ ਸਮੇਂ ਦੱਖਣੀ ਅਫ਼ਰੀਕਾ ਵਿਰੁੱਧ ਟੈਸਟ ਸੀਰੀਜ਼ ਦਾ ਦੂਜਾ ਮੈਚ ਖੇਡ ਰਹੀ ਹੈ | ਇਹ ਤਾਜ਼ਾ ਫ਼ੈਸਲਾ ਪਹਿਲੇ ਦਿਨ ਦੇ ਖੇਡ ਤੋਂ ਬਾਅਦ ਕੀਤਾ ਗਿਆ | ਰਿਜ਼ਵਾਨ ਤੇ ਸ਼ਾਹੀਨ ਦੋਵੇਂ ਇਸ ਮੈਚ 'ਚ ਪਲੇਇੰਗ ਇਲੈਵਨ ਦਾ ਹਿੱਸਾ ਹਨ | ਪੀ. ਸੀ. ਬੀ. ਦੇ ਅਨੁਸਾਰ ਸ਼ਾਹੀਨ ਅਫ਼ਰੀਦੀ ਨੂੰ ਕਪਤਾਨ ਨਿਯੁਕਤ ਕਰਨ ਦਾ ਫ਼ੈਸਲਾ ਚੋਣ ਕਮੇਟੀ ਤੇ ਵਾਈਟ-ਬਾਲ ਮੁੱਖ ਕੋਚ ਮਾਈਕ ਹੇਸਨ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਕੀਤਾ ਗਿਆ |
ਇਕ ਦਿਨਾ ਕ੍ਰਿਕਟ 'ਚ ਅਫ਼ਰੀਦੀ ਹੋਣਗੇ ਪਾਕਿ ਕਿ੍ਕਟ ਟੀਮ ਦੇ ਨਵੇਂ ਕਪਤਾਨ <br/>
ਅਜੀਤ ਡੈਸਕ
22-10-2025