ਬਾਬਾ ਵਿਸਾਖਾ ਸਿੰਘ ਦਦੇਹਰ ਗ਼ਦਰ ਲਹਿਰ ਦੇ ਕੇਂਦਰੀ ਮਹੱਤਵ ਵਾਲੇ ਪਹਿਲੀ ਕਤਾਰ ਦੇ ਆਗੂਆਂ 'ਚੋਂ ਇਕ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਗ਼ਦਰ ਲਹਿਰ ਦੀ ਬੁਨਿਆਦ ਤੇ ਫਿਰ ਗ਼ਦਰ ਲਹਿਰ ਲਈ ਕੁਰਬਾਨ ਹੋ ਜਾਣ ਵਾਲੇ ਗ਼ਦਰੀ ਇਨਕਲਾਬੀਆਂ ਦੇ ਪਰਿਵਾਰਾਂ ਲਈ ਆਰਥਿਕ ਸਹਾਇਤਾ ਤੇ ਬੱਚਿਆਂ ਦੀ ਮੁਫ਼ਤ ਪੜ੍ਹਾਈ ਅਤੇ ਜੇਲ੍ਹਾਂ ਵਿਚ ਰੁਲਦੇ ਗ਼ਦਰੀਆਂ ਦੀਆਂ ਮੁਲਾਕਾਤਾਂ ਕਰਦਿਆਂ ਲਹਿਰ ਦੇ ਲੇਖੇ ਲਾਇਆ। ਉਨ੍ਹਾਂ ਦਾ ਜਨਮ ਮਾਝੇ ਦੇ ਮਸ਼ਹੂਰ ਨਗਰ ਦਦੇਹਰ ਸਾਹਿਬ ਜ਼ਿਲਾ ਤਰਨ ਤਾਰਨ ਵਿਚ ਸ. ਦਿਆਲ ਸਿੰਘ ਸੰਧੂ ਦੇ ਘਰ 13 ਅਪ੍ਰੈਲ 1877 ਨੂੰ ਹੋਇਆ। ਇਸ ਦਿਨ ਵਿਸਾਖੀ ਹੋਣ ਕਰਕੇ ਉਨ੍ਹਾਂ ਦਾ ਨਾਂਅ ਵਿਸਾਖਾ ਸਿੰਘ ਰੱਖਿਆ ਗਿਆ। ਉਨ੍ਹਾਂ ਮੁੱਢਲੀ ਵਿੱਦਿਆ ਪਿੰਡ ਦੇ ਗ੍ਰੰਥੀ ਤੋਂ ਪ੍ਰਾਪਤ ਕੀਤੀ। 18 ਸਾਲ ਦੀ ਉਮਰ 'ਚ ਉਹ 11 ਨੰਬਰ ਰਸਾਲਾ ਫੌਜ ਵਿਚ ਭਰਤੀ ਹੋ ਗਏ। ਸੱਤ ਸਾਲ ਬਾਅਦ ਨੌਕਰੀ ਛੱਡ ਦਿੱਤੀ ਅਤੇ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਵਿਚ ਕੁੱਦ ਪਏ। ਕੁਝ ਸਮਾਂ ਦਦੇਹਰ ਸਾਹਿਬ ਰਹਿਣ ਉਪਰੰਤ ਉਹ ਸ਼ੰਘਾਈ (ਚੀਨ) ਪਹੁੰਚ ਗਏ ਤੇ ਉੱਥੋਂ ਦੀ ਪੁਲਿਸ 'ਚ ਭਰਤੀ ਹੋ ਗਏ। ਚੀਨ ਵਿਚ ਰਿਸ਼ਵਤ ਦਾ ਬੋਲਬਾਲਾ ਹੋਣ ਕਰਕੇ ਉਹ ਨੌਕਰੀ ਛੱਡ ਕੇ ਕੈਲੋਫੋਰਨੀਆ (ਅਮਰੀਕਾ) ਚਲੇ ਗਏ। ਉੱਥੇ ਕੰਮ ਦੀ ਭਾਲ 'ਚ ਉਨ੍ਹਾਂ ਦਾ ਮੇਲ ਬਾਬਾ ਜਵਾਲਾ ਸਿੰਘ ਠੱਠੀਆਂ ਨਾਲ ਹੋਇਆ ਤੇ ਦੋਵਾਂ ਨੇ ਅਮਰੀਕੀ ਸਰਕਾਰ ਤੋਂ 500 ਏਕੜ ਦਾ ਫਾਰਮ ਪਟੇ 'ਤੇ ਲੈ ਲਿਆ, ਜਿੱਥੇ ਆਲੂਆਂ ਦੀ ਭਰਪੂਰ ਫ਼ਸਲ ਹੋਣ ਕਰਕੇ ਇਹ ਫਾਰਮ ਆਲੂਆਂ ਦੇ ਬਾਦਸ਼ਾਹ ਦੇ ਨਾਂਅ ਨਾਲ ਮਸ਼ਹੂਰ ਹੋ ਗਿਆ। ਇਹ ਫਾਰਮ ਗ਼ਦਰੀ ਇਨਕਲਾਬੀਆਂ ਦਾ ਗੜ੍ਹ ਬਣ ਗਿਆ, ਜਿੱਥੇ ਬਾਬਾ ਸੋਹਣ ਸਿੰਘ ਭਕਨਾ, ਲਾਲਾ ਹਰਦਿਆਲ, ਕਰਤਾਰ ਸਿੰਘ ਸਰਾਭਾ, ਪੰਡਿਤ ਕਾਂਸ਼ੀ ਰਾਮ, ਸੰਤੋਖ ਸਿੰਘ ਅਤੇ ਊਧਮ ਸਿੰਘ ਕਸੇਲ ਵੀ ਇਕੱਠੇ ਹੁੰਦੇ ਰਹੇ। ਇਨ੍ਹਾਂ ਸਾਰਿਆਂ ਨੇ ਸਲਾਹ ਕਰਕੇ ਫਾਰਮ ਹਾਊਸ 'ਤੇ ਬਹੁਤ ਵੱਡਾ ਜਲਸਾ ਕੀਤਾ ਤੇ ਭਾਰਤ ਦੀ ਆਜ਼ਾਦੀ ਦੇ ਅੰਦੋਲਨ ਲਈ ਗਰਮਜੋਸ਼ ਤਕਰੀਰਾਂ ਕੀਤੀਆਂ। ਇਸ ਅੰਦੋਲਨ ਦਾ ਨਾਂਅ ਗ਼ਦਰ ਪਾਰਟੀ ਰੱਖਿਆ ਅਤੇ ਇਸ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੂੰ ਬਣਾਇਆ ਗਿਆ। ਗ਼ਦਰ ਪਾਰਟੀ ਦੇ ਛੇੜੇ ਗਏ ਅੰਦੋਲਨ ਅਨੁਸਾਰ ਬਾਬਾ ਵਿਸਾਖਾ ਸਿੰਘ ਆਪਣੇ ਸਾਥੀਆਂ ਨਾਲ ਅਮਰੀਕਾ ਤੋਂ ਭਾਰਤ ਚੱਲ ਪਏ। ਉਨ੍ਹਾਂ ਦਾ ਭਾਰਤ ਆਉਣ ਦਾ ਇਹ ਉਦੇਸ਼ ਸੀ ਕਿ ਮਿਆਂਮਾਰ ਛਾਉਣੀ, ਲਾਹੌਰ ਤੇ ਫ਼ਿਰੋਜ਼ਪੁਰ ਛਾਉਣੀ ਅੰਦਰ ਬਗ਼ਾਵਤ ਕਰਕੇ ਅੰਗਰੇਜ਼ ਹਕੂਮਤ ਦੀ ਜੜ੍ਹ ਪੁੱਟਣੀ ਸੀ। ਪਰ ਇਸ ਬਾਰੇ ਅੰਗਰੇਜ਼ ਸਰਕਾਰ ਨੂੰ ਪਹਿਲਾਂ ਹੀ ਭਿਣਕ ਪੈ ਗਈ, ਜਿਸ ਕਰਕੇ 26 ਅਪ੍ਰੈਲ 1915 ਨੂੰ ਬਾਬਾ ਵਿਸਾਖਾ ਸਿੰਘ ਨੂੰ ਜਹਾਜ਼ ਉਤਰਦਿਆਂ ਹੀ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਤੇ 3 ਸਤੰਬਰ 1915 ਨੂੰ ਪਹਿਲਾਂ ਲਾਹੌਰ ਸਾਜਿਸ਼ ਕੇਸ ਅਧੀਨ ਉਮਰ ਕੈਦ ਅਤੇ ਫਿਰ ਘਰੇਲੂ ਜਾਇਦਾਦ ਜ਼ਬਤ ਕਰਨ ਦੀ ਸਜ਼ਾ ਹੋ ਗਈ। 7 ਸਤੰਬਰ 1915 ਨੂੰ ਬਾਬਾ ਵਿਸਾਖਾ ਸਿੰਘ ਨੂੰ ਸਾਥੀਆਂ ਸਮੇਤ ਹੱਥਕੜੀਆਂ ਤੇ ਬੇੜੀਆਂ ਲਾ ਕੇ ਅੰਡੇਮਾਨ (ਕਾਲੇ ਪਾਣੀ) ਜੇਲ੍ਹ ਭੇਜ ਦਿੱਤਾ। ਜ਼ਿਆਦਾ ਸਮਾਂ ਜੇਲ੍ਹ 'ਚ ਰਹਿਣ ਉਪਰੰਤ ਉਨ੍ਹਾਂ ਨੂੰ ਤਪਦਿਕ ਤੇ ਫੇਫੜਿਆਂ ਦੀ ਬਿਮਾਰੀ ਹੋ ਗਈ, ਜਿਸ ਕਾਰਨ ਉਨ੍ਹਾਂ ਦੀ ਸਿਹਤ ਕਾਫ਼ੀ ਕਮਜ਼ੋਰ ਹੋ ਗਈ। ਸਰਕਾਰ ਨੇ 14 ਅਪ੍ਰੈਲ 1920 ਨੂੰ ਪੁਲਿਸ ਪਹਿਰੇ ਹੇਠ ਨਗਰ ਦਦੇਹਰ ਸਾਹਿਬ ਵਿਖੇ ਪੁਲਿਸ ਪਹਿਰੇ 'ਚ ਨਜ਼ਰਬੰਦ ਕਰ ਦਿੱਤਾ ਤੇ ਇਹ ਨਗਰ ਗ਼ਦਰੀ ਇਨਕਲਾਬੀਆਂ ਦਾ ਗੜ੍ਹ ਬਣ ਗਿਆ। ਇਕੱਲੇ ਇਸ ਨਗਰ 'ਚੋਂ 42 ਗ਼ਦਰੀਆਂ ਨੇ ਦੇਸ਼ ਦੀ ਆਜ਼ਾਦੀ ਲਈ ਹਿੱਸਾ ਲਿਆ। ਅਕਤੂਬਰ 1920 ਵਿਚ ਇਕ ਸਮਾਗਮ ਲਾਹੌਰ ਵਿਚ ਰੱਖਿਆ, ਜਿਸ 'ਚ ਬਾਬਾ ਵਿਸਾਖਾ ਸਿੰਘ ਨੂੰ ਉਚੇਚੇ ਤੌਰ ਤੇ ਸੱਦਾ ਪੱਤਰ ਭੇਜਿਆ ਗਿਆ। ਸਮਾਗਮ 'ਚ ਉਨ੍ਹਾਂ ਆਪਣੇ ਭਾਸ਼ਨ ਵਿਚ ਦੇਸ਼ ਭਗਤਾਂ ਦੇ ਰੁਲਦੇ ਪਰਿਵਾਰਾਂ ਦੀ ਆਰਥਿਕ ਸਹਾਇਤਾ, ਬੱਚਿਆਂ ਦੀ ਮੁਫ਼ਤ ਪੜ੍ਹਾਈ ਤੇ ਜੇਲ੍ਹਾਂ ਅੰਦਰ ਇਨਕਲਾਬੀਆਂ ਦੀਆਂ ਮੁਲਾਕਾਤਾਂ ਕਰਨ ਦਾ ਮੁੱਦਾ ਰੱਖਿਆ, ਜਿਸ ਨੂੰ ਸਭ ਨੇ ਸਰਬਸੰਮਤੀ ਨਾਲ ਪ੍ਰਵਾਨ ਕੀਤਾ। ਇਸ ਕੰਮ ਲਈ ਇਕ ਕਮੇਟੀ ਦਾ ਗਠਨ ਕੀਤਾ, ਜਿਸ ਦਾ ਨਾਂਅ ਦੇਸ਼ ਭਗਤ ਪਰਿਵਾਰਕ ਸਹਾਇਕ ਕਮੇਟੀ ਰੱਖਿਆ ਗਿਆ। ਇਸ ਕਮੇਟੀ ਦੇ ਪਹਿਲੇ ਪ੍ਰਧਾਨ ਬਾਬਾ ਵਿਸਾਖਾ ਸਿੰਘ ਦਦੇਹਰ ਨੂੰ ਬਣਾਇਆ ਗਿਆ। ਕਮੇਟੀ ਦਾ ਦਫ਼ਤਰ ਸ੍ਰੀ ਅੰਮ੍ਰਿਤਸਰ ਵਿਖੇ ਖੋਲ੍ਹਿਆ ਗਿਆ, ਜੋ ਬਾਅਦ ਵਿਚ ਜਲੰਧਰ ਵਿਖੇ ਤਬਦੀਲ ਕਰ ਦਿੱਤਾ, ਜਿੱਥੇ ਅੱਜਕਲ੍ਹ ਦੇਸ਼ ਭਗਤ ਯਾਦਗਾਰ ਹਾਲ ਹੈ, ਇਸ ਦੇ ਬਾਨੀ ਬਾਬਾ ਵਿਸਾਖਾ ਸਿੰਘ ਦਦੇਹਰ ਸਨ।
ਉਨ੍ਹਾਂ ਨੂੰ ਗੁਰਦੁਆਰਾ ਸ੍ਰੀ ਤਰਨ ਤਾਰਨ ਸਾਹਿਬ, ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੀ ਕਾਰ ਸੇਵਾ ਲਈ ਪੰਜ ਪਿਆਰਿਆਂ 'ਚ ਸ਼ਾਮਿਲ ਕੀਤਾ ਗਿਆ, 1934 'ਚ ਅਕਾਲ ਤਖ਼ਤ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜਥੇਦਾਰ ਥਾਪਿਆ ਗਿਆ। ਹਾਲਾਂਕਿ ਉਨ੍ਹਾਂ ਨੇ ਜਥੇਦਾਰੀ ਤੋਂ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਉਨ੍ਹਾਂ ਦੀ ਗ਼ੈਰ-ਹਾਜ਼ਰੀ 'ਚ ਪੰਜਾਬ ਦੇ ਰੀਫਾਰਮਰ ਕਮਿਸ਼ਨਰ ਖ਼ਾਨ ਬਹਾਦਰ ਨਵਾਬ ਮੁਜੱਫਰ ਖ਼ਾਨ ਨੂੰ ਸਿਰੋਪਾਓ ਦੇ ਦਿੱਤਾ ਸੀ, ਜੋ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਖ਼ਿਲਾਫ਼ ਸੀ। 1939 ਦੀ ਦੂਜੀ ਜੰਗ ਸ਼ੁਰੂ ਹੋ ਗਈ, ਜਿਸ ਕਰਕੇ ਗ਼ਦਰੀਆਂ ਨੂੰ ਜੇਲ੍ਹਾਂ 'ਚ ਬੰਦ ਕਰਨ ਦਾ ਕੰਮ ਸ਼ੁਰੂ ਹੋ ਗਿਆ। ਬਾਬਾ ਵਿਸਾਖਾ ਸਿੰਘ ਨੂੰ ਵੀ ਨਗਰ ਦਦੇਹਰ ਤੋਂ ਗ੍ਰਿਫ਼ਤਾਰ ਕਰਕੇ ਦਿਉਲੀ ਕੈਂਪ ਜੇਲ੍ਹ ਭੇਜ ਦਿੱਤਾ। ਜੇਲ੍ਹ 'ਚ ਉਨ੍ਹਾਂ ਦੀ ਸਿਹਤ ਹੋਰ ਵੀ ਖਰਾਬ ਹੋ ਗਈ। ਫਿਰ ੳਨ੍ਹਾਂ ਨੂੰ ਦਿਉਲੀ ਕੈਂਪ ਤੋਂ ਧਰਮਸ਼ਾਲਾ ਜੇਲ੍ਹ 'ਚ ਤਬਦੀਲ ਕਰ ਦਿੱਤਾ, ਜਿੱਥੇ ਉਨ੍ਹਾਂ ਦੀ ਸਿਹਤ ਏਨੀ ਕਮਜ਼ੋਰ ਹੋ ਗਈ ਕਿ ਉਹ ਚੱਲ ਫਿਰ ਨਹੀਂ ਸਕਦੇ ਸਨ। ਉਨ੍ਹਾਂ ਦੀ ਨਿਘਰਦੀ ਸਿਹਤ ਨੂੰ ਦੇਖ ਅੰਗਰੇਜ਼ ਸਰਕਾਰ ਨੇ 1941 ਨੂੰ ਰਿਹਾਅ ਕਰਕੇ ਦਦੇਹਰ ਭੇਜ ਦਿੱਤਾ। ਇਹ ਗ਼ਦਰੀ ਇਨਕਲਾਬੀ ਸਾਰੀ ਉਮਰ ਲੰਬੇ ਸੰਘਰਸ਼ ਉਪਰੰਤ 5 ਦਸੰਬਰ 1957 ਨੂੰ ਅੰਮ੍ਰਿਤ ਵੇਲੇ ਸ੍ਰੀ ਤਰਨ ਤਾਰਨ ਸਾਹਿਬ ਵਿਖੇ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰ ਗਏ। ਅੱਜ ਦੇ ਦਿਨ ਨਗਰ ਦਦੇਹਰ ਸਾਹਿਬ ਵਿਖੇ ਜਿੱਥੇ ਬਾਬਾ ਵਿਸਾਖਾ ਸਿੰਘ ਦੀ ਬਰਸੀ ਮਨਾਈ ਜਾਂਦੀ ਹੈ, ਉੱਥੇ ਭਾਰਤ ਦੇ ਸਮੂਹ ਗ਼ਦਰੀ ਬਾਬਿਆ (ਸ਼ਹੀਦਾਂ) ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਹਨ।
-ਸੰਧੂ ਫਾਰਮ ਹਾਊਸ, ਪਿੰਡ ਕੰਧਵਾਲਾ ਹਾਜ਼ਰ ਖਾਂ, ਫਾਜ਼ਿਲਕਾ।
ਬਾਈਲ : 84372-99039