ਇੰਟਰਨੈੱਟ ਜਾਣਕਾਰੀ ਦਾ ਅਥਾਹ ਸਮੁੰਦਰ ਹੈ, ਜਿਸ 'ਚੋਂ ਅਸੀਂ ਜਦੋਂ ਚਾਹੀਏ ਜਾਣਕਾਰੀ ਹਾਸਲ ਕਰ ਸਕਦੇ ਹਾਂ। ਸਮੇਂ ਦੇ ਨਾਲ ਹਰ ਇਕ ਚੀਜ਼ ਵਿਚ ਬਦਲਾਅ ਆਉਂਦਾ ਹੈ। ਇਸ ਲਈ ਇੰਟਰਨੈੱਟ ਤਕਨੀਕ ਵਿਚ ਬਦਲਾਅ ਆਉਣਾ ਵੀ ਸੁਭਾਵਿਕ ਹੈ। ਇੰਟਰਨੈੱਟ ਤਕਨੀਕ 'ਚ ਆਏ ਇਸ ਬਦਲਾਅ ਨੂੰ ਸਟਾਰਲਿੰਕ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਸਟਾਰਲਿੰਕ ਇਕ ਉਪਗ੍ਰਹਿ ਆਧਾਰਤ ਇੰਟਰਨੈੱਟ ਤਾਰਾਮੰਡਲ ਹੈ, ਜਿਸ ਨੂੰ ਅੰਤਰਰਾਸ਼ਟਰੀ ਦੂਰਸੰਚਾਰ ਕੰਪਨੀ ਸਟਾਰਲਿੰਕ ਸਰਵਿਸਿਜ਼ ਵਲੋਂ ਚਲਾਇਆ ਜਾਂਦਾ ਹੈ। ਸਟਾਰਲਿੰਕ ਸਰਵਿਸਿਜ਼ ਅਮਰੀਕੀ ਏਅਰੋਸਪੇਸ ਕੰਪਨੀ ਸਪੇਸਐਕਸ ਦੀ ਸਹਾਇਕ ਕੰਪਨੀ ਹੈ। ਇਹ 100 ਤੋਂ ਵੱਧ ਦੇਸ਼ਾਂ ਨੂੰ ਇੰਟਰਨੈੱਟ ਸੇਵਾਵਾਂ ਪ੍ਰਦਾਨ ਕਰਦੀ ਹੈ। ਇਸ ਦਾ ਉਦੇਸ਼ 'ਗਲੋਬਲ ਬਰਾਡਬੈਂਡ' ਪ੍ਰਦਾਨ ਕਰਨਾ ਹੈ। ਸਟਾਰਲਿੰਕ ਇੰਟਰਨੈੱਟ ਸੇਵਾ ਦਾ ਮੁੱਢ 1980 ਦੇ ਦਹਾਕੇ ਵਿਚ ਬੱਝਾ, ਜਦੋਂ ਧਰਤੀ ਦੇ ਘੱਟ ਆਰਬਿਟ ਵਾਲੇ ਉਪਗ੍ਰਹਿਆਂ ਭਾਵ ਜੋ ਆਮ ਉਪਗ੍ਰਹਿਆਂ ਤੋਂ ਘੱਟ ਉਚਾਈ 'ਤੇ ਧਰਤੀ ਦੇ ਚੱਕਰ ਲਗਾਉਂਦੇ ਹਨ, ਨੂੰ ਬੈਲਿਸਟਿਕ ਮਿਜ਼ਾਈਲਾਂ ਨੂੰ ਥੋੜ੍ਹੇ ਸਮੇਂ ਵਿਚ ਰੋਕਣ ਅਤੇ ਹੋਰ ਘੱਟ ਆਰਬਿਟ ਵਾਲੇ ਹਥਿਆਰਾਂ ਦੀ ਪਹਿਚਾਣ ਲਈ ਵਰਤਿਆ ਜਾਣ ਲੱਗਾ ਸੀ। 2004 ਵਿਚ ਲੈਰੀ ਵਿਲੀਅਮਜ਼ ਸਪੇਸਐਕਸ ਦੇ ਉਪ ਪ੍ਰਧਾਨ ਨੇ ਵਾਸ਼ਿੰਗਟਨ ਡੀਸੀ ਵਿਚ ਆਪਣਾ ਦਫ਼ਤਰ ਖੋਲ੍ਹਿਆ। 2014 ਵਿਚ ਐਲਨ ਮਸਕ ਅਤੇ ਗ੍ਰੇਗ ਵਾਈਲਰ ਨੇ ਮਿਲ ਕੇ ਵਰਲਡਵੂ ਨਾਂਅ ਦੀ 700 ਉਪਗ੍ਰਹਿਆਂ ਦਾ ਇਕ ਤਾਰਾਮੰਡਲ ਬਣਾਉਣ ਦੀ ਯੋਜਨਾ ਬਣਾਈ, ਜੋ ਉਸ ਸਮੇਂ ਦੇ ਸਭ ਤੋਂ ਵੱਡੇ ਇਰੀਡੀਅਮ ਉਪਗ੍ਰਹਿ ਤਾਰਾਮੰਡਲ ਦੇ ਆਕਾਰ ਤੋਂ 10 ਗੁਣਾ ਵੱਡਾ ਸੀ। ਜੂਨ 2014 ਵਿਚ ਇਹ ਵਿਚਾਰ-ਵਟਾਂਦਰੇ ਟੁੱਟ ਗਏ ਅਤੇ ਸਪੇਸਐਕਸ ਨੇ ਸਟੀਮ ਨਾਂਅ ਅਧੀਨ ਨਾਰਵੇਜਿਅਨ ਸੰਚਾਰ ਅਥਾਰਟੀ ਰਾਹੀਂ ਅੰਤਰਰਾਸ਼ਟਰੀ ਦੂਰਸੰਚਾਰ ਯੂਨੀਅਨ ਕੋਲ ਅਰਜ਼ੀ ਦਾਇਰ ਕੀਤੀ। 2016 ਵਿਚ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਨੇ ਸਪੇਸਐਕਸ ਨੂੰ ਕੁਨੈਕਸ਼ਨ ਲਈ ਲਾਇਸੈਂਸ ਦੇ ਦਿੱਤਾ। ਸਪੇਸਐਕਸ ਨੇ ਆਪਣੇ ਉਪਗ੍ਰਹਿ ਆਧਾਰਤ ਬ੍ਰਾਂਡਬੈਂਡ ਇੰਟਰਨੈੱਟ ਸੇਵਾ ਨੂੰ ਸੰਯੁਕਤ ਰਾਜ ਅਮਰੀਕਾ ਵਿਚ ਸਟਾਰਲਿੰਕ ਨਾਂਅ ਨਾਲ ਟ੍ਰੇਡਮਾਰਕ ਕੀਤਾ। ਸਾਲ 2015 'ਚ ਰੈੱਡਮੰਡ ਵਿਚ ਸਟਾਰਲਿੰਕ ਦਾ ਉਦਘਾਟਨ ਕੀਤਾ ਗਿਆ। ਅਕਤੂਬਰ 2016 ਵਿਚ ਉਪਗ੍ਰਹਿ ਡਿਵੀਜ਼ਨ ਵਲੋਂ ਘੱਟ ਲਾਗਤ ਤੇ ਉਪਭੋਗਤਾ ਸਾਜ਼ੋ-ਸਮਾਨ ਡਿਜ਼ਾਈਨ ਕਰਨ ਵੱਲ ਧਿਆਨ ਕੇਂਦ੍ਰਿਤ ਕੀਤਾ। ਅਗਸਤ 2018 ਵਿਚ ਰੈੱਡਮੰਡ ਰਿਜ ਕਾਰਪੋਰੇਟ ਸੈਂਟਰ ਵਿਖੇ ਇਕ ਵੱਡੀ ਤਿੰਨ ਮੰਜ਼ਲੀ ਇਮਾਰਤ ਵਿਚ ਉਪਗ੍ਰਹਿ ਨਿਰਮਾਣ ਦਾ ਕੰਮ ਸ਼ੁਰੂ ਕੀਤਾ। ਨਵੰਬਰ 2016 ਵਿਚ ਸਪੇਸਐਕਸ ਨੇ 'ਕੂ' (u) ਅਤੇ 'ਕਾ' (a) ਫਰੀਕੁਇੰਸੀ ਬੈਂਡਾਂ ਦੀ ਵਰਤੋਂ ਕਰਦੇ ਹੋਏ ਸਥਿਰ ਉਪਗ੍ਰਹਿ ਸੇਵਾ ਵਿਚ ਗ਼ੈਰ ਜੀਓਸਟੇਸ਼ਨਰੀ ਆਰਬਿਟ ਉਪਗ੍ਰਹਿ ਸਿਸਟਮ ਲਈ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਕੋਲ ਇਕ ਅਰਜ਼ੀ ਦਾਇਰ ਕੀਤੀ। ਸਤੰਬਰ 2017 ਵਿਚ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਨੇ ਲਾਇਸੈਂਸ ਦਿੰਦੇ ਹੋਏ ਅੱਧਾ ਤਾਰਾਮੰਡਲ ਛੇ ਸਾਲਾਂ 'ਚ ਤੇ ਪੂਰਾ ਤਾਰਾਮੰਡਲ 9 ਸਾਲਾਂ ਵਿਚ ਪੂਰਾ ਕਰਨ ਦੀ ਸ਼ਰਤ ਲਗਾਈ। 2017 ਦੇ ਅਖੀਰ ਵਿਚ ਸਪੇਸਐਕਸ ਨੇ ਆਪਣੇ ਪੁਲਾੜ ਮਲਬੇ ਨੂੰ ਘੱਟ ਕਰਨ ਲਈ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਕੋਲ ਇਕ ਅਰਜ਼ੀ ਦਾਇਰ ਕੀਤੀ। ਮਾਰਚ 2018 ਵਿਚ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਨੇ ਕੁਝ ਸ਼ਰਤਾਂ ਨਾਲ ਸਪੇਸਐਕਸ ਨੂੰ ਸ਼ੁਰੂਆਤੀ 4425 ਉਪਗ੍ਰਹਿਾਂ ਲਈ ਮਨਜ਼ੂਰੀ ਦਿੱਤੀ। 2019 ਵਿਚ ਸਪੇਸਐਕਸ ਵਲੋਂ 60 ਕਾਰਜਸ਼ੀਲ ਉਪਗ੍ਰਹਿਆਂ ਦਾ ਬੈਚ ਲਾਂਚ ਕੀਤਾ ਗਿਆ। 2019 ਦੇ ਅਖੀਰ ਤੱਕ ਸਪੇਸਐਕਸ ਵਲੋਂ ਆਪਣੇ ਉਪਗ੍ਰਹਿ ਯਤਨਾਂ ਨੂੰ ਖੋਜ ਅਤੇ ਵਿਕਾਸ ਕਾਰਜਾਂ ਤੋਂ ਨਿਰਮਾਣ ਵੱਲ ਤਬਦੀਲ ਕੀਤਾ ਗਿਆ। ਜੁਲਾਈ 2020 ਵਿਚ ਸਟਾਰਲਿੰਕ ਦੀ ਬੀਟਾ ਇੰਟਰਨੈੱਟ ਸੇਵਾ ਨੂੰ ਜਨਤਾ ਲਈ ਖੋਲ੍ਹ ਦਿੱਤਾ ਗਿਆ। ਅਕਤੂਬਰ 2020 ਵਿਚ ਇਕ ਵਿਆਪਕ ਜਨਤਕ ਬੀਟਾ ਲਾਂਚ ਕੀਤਾ ਗਿਆ, ਜਿਸ ਲਈ ਬੀਟਾ ਟੈਸਟਰਾਂ ਤੋਂ ਪੂਰਾ ਮਹੀਨਾਵਾਰ ਖ਼ਰਚਾ ਵੀ ਲਿਆ ਗਿਆ। ਐਡਵਾਂਸ ਆਡਰ ਪਹਿਲੀ ਵਾਰ 2021 ਦੇ ਸ਼ੁਰੂ 'ਚ ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਵਿਚ ਜਨਤਾ ਲਈ ਖੋਲ੍ਹੇ ਗਏ ਸਨ। ਮਾਰਚ 2021 ਵਿਚ ਸਪੇਸਐਕਸ ਨੇ ਵਾਹਨਾਂ, ਜਹਾਜ਼ਾਂ ਅਤੇ ਜਹਾਜ਼ਾਂ ਦੇ ਬਣਾਏ ਗਏ ਟਰਮੀਨਲ ਮੋਬਾਈਲ ਪਰਿਵਰਤਨ ਲਈ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਨੂੰ ਇਕ ਅਰਜ਼ੀ ਦਿੱਤੀ। 2022 ਵਿਚ ਸਪੇਸਐਕਸ ਨੇ ਸਟਾਰਲਿੰਕ ਬਿਜ਼ਨਸ ਸਰਵਿਸ ਟੀਅਰ ਦਾ ਐਲਾਨ ਕੀਤਾ, ਇਹ ਇਕ ਉੱਚ ਪ੍ਰਦਰਸ਼ਨ ਵਾਲੀ ਸੇਵਾ ਦਾ ਸੰਸਕਰਣ ਸੀ। ਇਸ ਰਾਹੀਂ ਇਕ ਵੱਡੇ ਉੱਚ ਪ੍ਰਦਰਸ਼ਨ ਵਾਲੇ ਐਂਟੀਨੇ ਦੇ ਨਾਲ 150 ਤੋਂ 500 ਮੈਗਾ ਬਿੱਟ ਪ੍ਰਤੀ ਸੈਕਿੰਡ ਦੀ ਰਫ਼ਤਾਰ ਨਾਲ ਇੰਟਰਨੈੱਟ ਸੇਵਾ ਪ੍ਰਦਾਨ ਕੀਤੀ ਗਈ। 1 ਦਸੰਬਰ 2022 ਨੂੰ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਨੇ ਸਪੇਸਐਕਸ ਨੂੰ ਆਪਣੀ ਦੂਜੀ ਪੀੜ੍ਹੀ ਦੇ ਤਾਰਾਮੰਡਲ ਲਈ ਸ਼ੁਰੂਆਤੀ 7500 ਉਪਗ੍ਰਹਿਆਂ ਨੂੰ ਤਿੰਨ ਲੋਅਰ ਅਰਥ ਆਰਬਿਟ ਦੇ ਆਰਬਿਟ ਸ਼ੈੱਲਾਂ 'ਚ ਲਾਂਚ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਮਾਰਚ 2023 'ਚ ਸਪੇਸਐਕਸ ਨੇ ਆਪਣੀ ਰਿਪੋਰਟ ਦਿੱਤੀ ਕਿ ਉਹ ਪ੍ਰਤੀ ਦਿਨ ਛੇ ਸਟਾਰਲਿੰਕ ਵੀ-2 ਮਿੰਨੀ ਉਪਗ੍ਰਹਿ ਦੇ ਨਾਲ-ਨਾਲ ਹਜ਼ਾਰਾਂ ਉਪਭੋਗਤਾ ਟਰਮੀਨਲਾਂ ਦਾ ਨਿਰਮਾਣ ਕਰ ਰਹੇ ਹਨ। 2024 'ਚ ਬ੍ਰਾਜ਼ੀਲ ਤੇ ਐਲਨ ਮਸਕ ਦੇ ਵਪਾਰਕ ਉੱਦਮਾਂ ਵਿਚਕਾਰ ਤਣਾਅ ਵਧ ਗਿਆ, ਕਿਉਂਕਿ ਦੇਸ਼ ਦੇ ਟੈਲੀਕਾਮ ਰੈਗੂਲੇਟਰ ਐਨਾਟੇਲ ਨੇ ਬ੍ਰਾਜ਼ੀਲ ਦੀ ਚੋਟੀ ਦੀ ਅਦਾਲਤ ਦੁਆਰਾ ਐਕਸ 'ਤੇ ਪਾਬੰਦੀ ਨੂੰ ਬਰਕਰਾਰ ਰੱਖਣ ਦਾ ਫ਼ੈਸਲਾ ਸੁਣਾਇਆ। ਜੁਲਾਈ 2024 'ਚ ਸਪੇਸਐਕਸ ਨੇ ਰੋਮਾਨੀਆ ਦੇ ਰਾਸ਼ਟਰੀ ਰੱਖਿਆ ਮੰਤਰਾਲੇ ਤੇ ਸੰਚਾਰ ਪ੍ਰਸ਼ਾਸਨ ਅਤੇ ਰੈਗੂਲੇਸ਼ਨ ਲਈ ਰਾਸ਼ਟਰੀ ਅਥਾਰਟੀ ਦੇ ਸਹਿਯੋਗ ਨਾਲ ਸਟਾਰਲਿੰਕ 'ਤੇ ਟੈੱਸਟ ਕਰਵਾਉਣੇ ਸ਼ੁਰੂ ਕੀਤੇ। ਅਕਤੂਬਰ 2024 ਵਿਚ ਐਲਨ ਮਸਕ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉੱਚ ਦਰਜੇ ਦੇ ਰੂਸੀ ਸਰਕਾਰੀ ਅਧਿਕਾਰੀਆਂ ਨਾਲ ਨਿਯਮਤ ਸੰਪਰਕ ਬਣਾਇਆ ਅਤੇ ਉਨ੍ਹਾਂ ਨਾਲ ਨਿੱਜੀ ਵਿਸ਼ਿਆਂ, ਵਪਾਰਕ ਅਤੇ ਭੂ-ਰਾਜਨੀਤਕ ਮਾਮਲਿਆਂ 'ਤੇ ਚਰਚਾ ਕੀਤੀ। ਨਵੰਬਰ 2024 'ਚ ਐਲਨ ਮਸਕ ਨੇ ਕਿਹਾ ਕਿ ਸਟਾਰਲਿੰਕ ਦੁਆਰਾ ਯੂਕਰੇਨ ਦਾ ਸਮਰਥਨ ਕਰਨਾ ਜਾਰੀ ਰਹੇਗਾ। ਨਵੰਬਰ 2024 'ਚ ਸਪੇਸਐਕਸ ਨੇ ਮੰਗਲ ਦੇ ਆਲੇ-ਦੁਆਲੇ ਸਟਾਰਲਿੰਕ ਉਪਗ੍ਰਹਿ ਦੇ ਇਕ ਤਾਰਾਮੰਡਲ ਦਾ ਪ੍ਰਸਤਾਵ ਰੱਖਿਆ, ਜਿਸ ਨੂੰ 'ਮਾਰਸਲਿੰਕ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਤਰਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਸਟਾਰਲਿੰਕ ਲਗਾਤਾਰ ਹੋਏ ਵਿਕਾਸ ਦਾ ਨਤੀਜਾ ਹੈ ਅਤੇ ਇਸ ਨੂੰ ਭਵਿੱਖ ਵਿਚ ਇੰਟਰਨੈੱਟ ਤਕਨਾਲੋਜੀ ਦੇ ਬਦਲਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ।
-ਮੋਬਾਈਲ : 98770-94504