ਸਾਡੀਆਂ ਸੋਚਾਂ ਵਿਚ ਹੁਣ ਜੀਵਨ ਨਹੀਂ, ਬਲਕਿ ਅਖੌਤੀ ਵਿਕਾਸ ਹੈ। ਇਸ ਸਮੇਂ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਲੱਖਾਂ ਲੋਕ ਬੁਰੀ ਤਰ੍ਹਾਂ ਹੜ੍ਹਾਂ ਦਾ ਸੰਤਾਪ ਭੋਗ ਰਹੇ ਹਨ। ਇਹ ਸੰਤਾਪ ਸਾਡਾ ਮਨੁੱਖਾਂ ਦਾ ਸਿਰਜਿਆ ਹੋਇਆ ਸੰਤਾਪ ਹੈ। ਬੇਸ਼ੱਕ ਹੜ੍ਹਾਂ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਹੜ੍ਹਾਂ ਨਾਲ ਹੋਣ ਵਾਲੇ ਘਰਾਂ, ਫ਼ਸਲਾਂ, ਪਸ਼ੂ ਡੰਗਰ ਤੇ ਹਰ ਤਰ੍ਹਾਂ ਦੇ ਨੁਕਸਾਨ ਨੂੰ ਜ਼ਰੂਰ ਘਟਾਇਆ ਜਾ ਸਕਦਾ ਹੈ। ਇਸ ਲਈ ਕੁਦਰਤ ਦੇ ਜਲ-ਚੱਕਰ ਨੂੰ ਸਮਝ ਕੇ ਜੋ ਢੁਕਵੀਂ ਵਿਵਸਥਾ ਕੀਤੀ ਜਾਣ ਦੀ ਲੋੜ ਹੈ। ਭਵਿੱਖ ਵਿਚ ਹੜ੍ਹ ਆਫਤ ਨਾ ਬਣਨ ਇਸ ਲਈ ਫਿਲਹਾਲ ਕੋਈ ਢੁਕਵੀਂ ਵਿਵਸਥਾ ਸਾਡੇ ਕੋਲ ਨਹੀਂ, ਨਾ ਹੀ ਅਜਿਹੇ ਯਤਨ ਕਰਨ ਦੀ ਮਨਸ਼ਾ ਸਾਡੀਆਂ ਸਰਕਾਰਾਂ ਵਿਚ ਕਿਸੇ ਪਾਸੇ ਨਜ਼ਰ ਆਉਂਦੀ ਹੈ। ਪਿਛਲੇ ਕੁਝ ਸਾਲਾਂ ਵਾਂਗ ਇਸ ਵਾਰ ਵੀ ਹੜ੍ਹਾਂ ਦਾ ਪਾਣੀ ਪੰਜਾਬੀਆਂ ਲਈ ਆਫਤ ਬਣ ਕੇ ਆਇਆ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਸਮੇਂ ਠੰਢੇ ਪਹਾੜੀ ਇਲਾਕਿਆਂ ਵਿਚ ਬੱਦਲ ਫਟਦੇ ਹਨ ਪਰ ਮਈ ਜੂਨ ਦੇ ਮਹੀਨਿਆਂ ਦੌਰਾਨ ਸ਼ਿਮਲੇ ਵਰਗੇ ਪਹਾੜੀ ਠੰਢੇ ਸ਼ਹਿਰ ਵਿਚ ਪਾਣੀ ਦੀ ਕਿੱਲਤ ਪੈਦਾ ਹੋ ਜਾਂਦੀ ਹੈ। ਅਸੀਂ ਪੰਜਾਬ ਦੇ ਧਰਤੀ ਹੇਠਲੇ ਖ਼ਤਮ ਹੋ ਰਹੇ ਪਾਣੀ ਦੀ ਦੁਹਾਈ ਦਿੰਦੇ ਰਹਿੰਦੇ ਹਾਂ ਦੂਜੇ ਪਾਸੇ ਹੜ੍ਹਾਂ ਦੇ ਪਾਣੀ ਨਾਲ ਪੰਜਾਬ ਹਾਲੋ-ਬੇਹਾਲ ਹੋ ਜਾਂਦਾ ਹੈ। ਹਕੀਕਤ ਇਹ ਹੈ ਕਿ ਇਹ ਦੋਵੇਂ ਇੱਕ-ਦੂਜੇ ਨਾਲ ਜੁੜੇ ਹੋਏ ਮਸਲੇ ਹਨ, ਧਰਤੀ ਹੇਠੋਂ ਪਾਣੀ ਦੇ, ਖਾਤਮੇ ਅਤੇ ਹੜ੍ਹਾਂ ਦੀ ਕਰੋਪੀ ਦਾ ਸਿਰਜਕ ਮਨੁੱਖ ਆਪ ਹੈ। ਅਫਸੋਸ ਇਹ ਹੈ ਕਿ ਲੋਕਾਂ ਦੇ ਇਹ ਹਕੀਕੀ ਤੇ ਜ਼ਮੀਨ ਨਾਲ ਜੁੜੇ ਹੋਏ ਮੁੱਦੇ ਕਦੇ ਚੋਣ ਮੁੱਦੇ ਨਹੀਂ ਬਣਦੇ, ਜੇਕਰ ਬਣਦੇ ਹੋਣ ਤਾਂ ਅਜਿਹੀਆਂ ਆਫ਼ਤਾਂ ਤੋਂ ਨਿਜਾਤ ਪਾ ਲਈ ਗਈ ਹੁੰਦੀ। ਅਜਿਹੇ ਮਸਲਿਆਂ 'ਤੇ ਸਾਡੀ ਪਹੁੰਚ 'ਨਦੀ ਲੰਘੀ ਖਵਾਜਾ ਵਿਸਰਿਆ' ਵਾਲੀ ਹੋ ਗਈ ਹੈ।
ਇਸ ਸੰਕਟ ਦੀ ਥਾਹ ਪਾਉਣ ਲਈ ਸਾਨੂੰ ਇਹ ਸਮਝਣਾ ਪਵੇਗਾ ਕਿ ਆਦਿ-ਜੁਗਾਦਿ ਤੋਂ ਸਾਡੇ ਖਿੱਤੇ ਦਾ ਕੁਦਰਤੀ ਸੁਭਾਅ ਕਿਹੋ ਜਿਹਾ ਸੀ। ਅਸੀਂ ਅਖੌਤੀ ਵਿਕਾਸ ਦੇ ਰਾਹ 'ਤੇ ਚਲਦਿਆਂ ਕਿਵੇਂ ਆਪਣੇ ਲਾਲਚਾਂ ਲਈ ਕੁਦਰਤ ਦੇ ਕੰਮਾਂ ਵਿਚ ਹੱਦੋਂ ਵੱਧ ਦਖ਼ਲ-ਅੰਦਾਜ਼ੀ ਕੀਤੀ ਤੇ ਧਰਤੀ ਹੇਠਲੇ ਪਾਣੀ ਦੇ ਖ਼ਾਤਮੇ ਅਤੇ ਹੜ੍ਹਾਂ ਦੀ ਕਰੋਪੀ ਦਾ ਵੱਡਾ ਸੰਕਟ ਸਿਰਜ ਲਿਆ। ਹੜ੍ਹਾਂ ਦਾ ਵਰਤਾਰਾ ਬੇਸ਼ੱਕ ਕੋਈ ਨਵਾਂ ਨਹੀਂ ਪਰ ਅੱਜ ਦੇ ਦੌਰ ਵਿਚ ਜੇਕਰ ਲੱਖਾਂ ਲੋਕ ਇਸ ਹੜ੍ਹਾਂ ਦੀ ਕਰੋਪੀ ਦੇ ਸ਼ਿਕਾਰ ਹੁੰਦੇ ਹਨ, ਲੋਕ ਘਰੋਂ ਬੇਘਰ ਹੁੰਦੇ ਹਨ, ਲੋਕਾਂ ਦਾ ਅਰਬਾਂ ਰੁਪਏ ਦਾ ਨੁਕਸਾਨ ਹੁੰਦਾ ਹੈ, ਮਕਾਨ ਬਰਬਾਦ ਹੁੰਦੇ ਹਨ, ਮਾਲ ਡੰਗਰ ਦਾ ਨੁਕਸਾਨ ਹੁੰਦਾ ਹੈ, ਫ਼ਸਲਾਂ ਤਬਾਹ ਹੁੰਦੀਆਂ ਤਾਂ ਇਹ ਸਾਡੇ ਸਰਕਾਰੀ ਸਿਸਟਮ 'ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ।
ਹੜ੍ਹਾਂ ਦਾ ਇਹ ਸੰਕਟ ਮਨੁੱਖ ਦਾ ਸਿਰਜਿਆ ਹੋਇਆ ਸੰਕਟ ਕਿਵੇਂ ਹੈ? ਪਿਛਲੇ ਅਰਸੇ ਤੋਂ ਪਹਾੜਾਂ ਵਿਚ ਅੰਨੇਵਾਹ ਜੰਗਲਾਂ ਦੀ ਕਟਾਈ ਹੋਈ। ਦੂਰ-ਦੁਰਾਡੀਆਂ ਥਾਵਾਂ 'ਤੇ ਵੱਡੇ ਬਾਜ਼ਾਰ ਮਾਲਜ਼ ਅਤੇ ਸਾਧਾਂ ਸੰਤਾਂ ਵਲੋਂ ਡੇਰਿਆਂ ਮੱਠਾਂ ਦੀ ਉਸਾਰੀ ਕੀਤੀ ਗਈ। ਆਵਾਜਾਈ ਲਈ ਪਹਾੜਾਂ ਨੂੰ ਖੋਦ ਕੇ ਸੁਰੰਗਾਂ ਬਣਾਈਆਂ ਗਈਆਂ। ਸੜਕਾਂ ਪਹਾੜ ਕੱਟ-ਕੱਟ ਕੇ ਚੌੜੀਆਂ ਕੀਤੀਆਂ ਗਈਆਂ। ਪਹਾੜਾਂ ਵਿਚ ਕਈ ਵਰਗ ਮੀਲਾਂ 'ਚੋਂ ਜੰਗਲਾਂ ਦਾ ਸਫਾਇਆ ਕਰਕੇ ਦੋ-ਦੋ ਮਾਰਗੀ ਸੜਕਾਂ ਦਾ ਵਿਸਥਾਰ ਵੀ ਕੀਤਾ ਗਿਆ। ਸਾਡੇ ਪੰਜਾਬ ਦੇ ਪੰਜ ਦਰਿਆਵਾਂ ਸਮੇਤ ਇੱਥੇ ਛੋਟੀਆਂ-ਵੱਡੀਆਂ ਕਈ ਨਦੀਆਂ ਨੈਆਂ ਸਨ, ਜੋ ਸਾਰਾ ਸਾਲ ਵਗਦੀਆਂ ਰਹਿੰਦੀਆਂ ਸਨ ਅਤੇ ਗਰਮੀਆਂ ਦੇ ਇਨ੍ਹਾਂ ਬਾਰਿਸ਼ਾਂ ਦੇ ਦਿਨਾਂ ਦੌਰਾਨ ਬਣਨ ਵਾਲੀ ਭਿਆਨਕ ਸਥਿਤੀ ਕਾਫੀ ਹੱਦ ਤੱਕ ਕੰਟਰੋਲ ਵਿਚ ਰਹਿੰਦੀ ਸੀ। ਅਸੀਂ ਹੁਣ ਸਾਰਾ ਸਾਲ ਵਗਣ ਵਾਲੀਆਂ ਪੰਜ ਨਦੀਆਂ ਤੋਂ ਇਲਾਵਾਂ ਛੋਟੀਆਂ ਨਦੀਆਂ, ਨੈਆਂ, ਵੇਈਆਂ ਨੂੰ ਖੇਤਾਂ ਅਤੇ ਆਬਾਦੀਆਂ ਵਿਚ ਤਬਦੀਲ ਕਰ ਦਿੱਤਾ ਹੈ, ਜਿਸ ਦਾ ਨਤੀਜਾ ਇਹ ਹੈ ਕਿ ਧਰਤੀ ਹੇਠ ਜੋ ਪਾਣੀ ਸਾਰਾ ਸਾਲ ਰਿਸਦਾ ਰਹਿੰਦਾ ਸੀ ਉਸ ਦਾ ਰਿਸਣਾ ਬੰਦ ਹੋ ਗਿਆ। ਪੰਜਾਬ ਦੇ ਬਹੁਤ ਸਾਰੇ ਖੇਤਰ ਧਰਤੀ ਹੇਠਲੇ ਪਾਣੀ ਪੱਖੋਂ 'ਡਾਰਕ ਜ਼ੋਨ' ਬਣ ਗਏ। ਪਾਣੀ ਦਾ ਸੰਕਟ ਖੜ੍ਹਾ ਹੋ ਗਿਆ ਅਤੇ ਜੁਲਾਈ ਅਗਸਤ ਵਿਚ ਪਾਣੀ ਦਾ ਕਹਿਰ ਦੋਹਾਂ ਪੰਜਾਬਾਂ ਦੇ ਲੋਕਾਂ ਦੀ ਬਰਬਾਦੀ ਦਾ ਕਾਰਨ ਬਣ ਗਿਆ। ਸਾਡੀਆਂ ਸਰਕਾਰਾਂ ਅਤੇ ਸੱਤਾਧਾਰੀ ਪਾਰਟੀਆਂ ਕੋਲ ਵੋਟ ਦੀ ਰਾਜਨੀਤੀ ਤੋਂ ਇੰਨੀ ਫੁਰਸਤ ਨਹੀਂ ਕਿ ਉਹ ਲੋਕਾਂ ਦੇ ਇਨ੍ਹਾਂ ਮਸਲਿਆਂ ਨੂੰ ਸਮਝਣ ਤੇ ਹੱਲ ਕਰਨ ਲਈ ਯਤਨਸ਼ੀਲ ਹੋਣ। ਦੂਜੇ ਪਾਸੇ ਲੋਕਾਂ ਨੂੰ ਇਹ ਸਮਝਣਾ ਪਵੇਗਾ ਕਿ ਅਸੀਂ ਅਜੇ ਇਸ ਤਰ੍ਹਾਂ ਦੇ ਸੰਕਟਾਂ ਨੂੰ ਸਿਖਰ ਵੱਲ ਲੈ ਕੇ ਜਾਣ ਲਈ ਤੁਰੇ ਹੋਏ ਹਾਂ ਅਤੇ ਇਨ੍ਹਾਂ ਦੇ ਹੱਲ ਲਈ ਫਿਲਹਾਲ ਅਜੇ ਸਾਡੇ ਮੁਲਕ ਕੋਲ ਕੋਈ ਪ੍ਰੋਗਰਾਮ ਨਹੀਂ। ਅਜੇ ਤਾਂ ਅਸੀਂ ਅਖੌਤੀ ਵਿਕਾਸ ਦੀ ਜੀ.ਡੀ.ਪੀ ਦਰ ਨੂੰ ਉਪਰ ਲੈ ਕੇ ਜਾਣ ਦੀ ਕੋਸ਼ਿਸ਼ ਵਿਚ ਹਾਂ।
ਹਰ ਸਾਲ ਸਾਡੇ ਦਰਿਆਵਾਂ ਦੇ ਬੰਨ੍ਹ ਟੁੱਟਦੇ ਹਨ। ਇਸ ਵਾਰ ਵੀ ਮੁਸੀਬਤਾਂ ਦੇ ਮਾਰੇ ਲੋਕ ਸਰਕਾਰੀ ਝਾਕ ਨੂੰ ਛੱਡ ਕੇ ਦਿਨ-ਰਾਤ ਬੰਨ੍ਹਾਂ 'ਤੇ ਪਹਿਰੇ ਦਿੰਦੇ ਰਹੇ। ਆਪਣੇ ਕੋਲੋਂ ਡੀਜ਼ਲ ਫੂਕ ਕੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਇਹ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਹਨ ਅਤੇ ਇਸ ਲਈ ਸਾਰਾ ਸਾਲ ਯਤਨਸ਼ੀਲ ਰਹਿਣ ਦੀ ਲੋੜ ਹੁੰਦੀ ਹੈ। ਬੰਨ੍ਹ ਹਮੇਸ਼ਾ ਉਥੋਂ ਟੁੱਟਦੇ ਹਨ, ਜਿੱਥੋਂ ਇਹ ਰੁੱਖਾਂ ਵਿਹੂਣੇ ਹੁੰਦੇ ਹਨ, ਜਿੱਥੇ ਵੀ ਬੰਨ੍ਹਾਂ 'ਤੇ ਸੰਘਣੇ ਜੰਗਲ ਹੁੰਦੇ ਹਨ। ਉਨ੍ਹਾਂ ਥਾਵਾਂ ਤੋਂ ਬੰਨ ਕਦੇ ਨਹੀਂ ਟੁੱਟਦੇ। ਇਸ ਤੋਂ ਵੀ ਅਗਲੀ ਵਿਗਿਆਨਕ ਗੱਲ ਇਹ ਹੈ ਕਿ ਜੇਕਰ ਬੰਨ੍ਹਾਂ 'ਤੇ ਸੰਘਣੇ ਬਾਂਸ ਦੇ ਜੰਗਲ ਉਗਾਏ ਜਾਣ ਤਾਂ ਇਹ ਕਦੇ ਵੀ ਨਹੀਂ ਟੁੱਟਦੇ। ਪੰਜਾਬ ਵਿਚ ਸਾਰਾ ਸਾਲ ਜਾਂ ਬਰਸਾਤਾਂ ਵਿਚ ਵਹਿਣ ਵਾਲੀਆਂ ਨਦੀਆਂ ਦੇ ਵਹਿਣ ਅੱਜ ਵੀ ਮੌਜੂਦ ਹਨ, ਇਨ੍ਹਾਂ ਦੀ ਸ਼ਨਾਖਤ ਕਰਕੇ ਇਨ੍ਹਾਂ ਤੋਂ ਨਾਜਾਇਜ਼ ਕਬਜ਼ੇ ਹਟਾਏ ਜਾਣੇ ਚਾਹੀਦੇ ਹਨ, ਤਾਂ ਜੋ ਇਨ੍ਹਾਂ ਵਿਚ ਬਰਸਾਤਾਂ ਦੇ ਦਿਨਾਂ ਦੌਰਾਨ ਪਾਣੀ ਦੀ ਨਕਾਸੀ ਹੋ ਸਕੇ। ਅਜਿਹਾ ਕਰਕੇ ਅਸੀਂ ਹੜ੍ਹਾਂ ਦੇ ਭਿਆਨਕ ਰੂਪ ਤੋਂ ਬਚ ਸਕਦੇ ਹਾਂ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਸੁਧਾਰਿਆ ਜਾ ਸਕਦਾ ਹੈ।
ਹੜ੍ਹਾਂ ਦਾ ਸੰਤਾਪ ਹਰ ਵਾਰ ਪਹਿਲਾਂ ਨਾਲੋਂ ਭਿਆਨਕ ਹੋ ਰਿਹਾ ਹੈ। ਸਾਨੂੰ ਸਮਝਣਾ ਪਵੇਗਾ ਕਿ ਅਸੀਂ ਆਪਣੇ ਵਸੇਬੇ ਲਈ ਇਹ ਕਿਹੋ ਜਿਹੇ ਹਾਲਾਤ ਦੀ ਸਿਰਜਣਾ ਕਰਦੇ ਜਾ ਰਹੇ ਹਾਂ ਕਿ ਜਦੋਂ ਲੱਖਾਂ ਕਿਊਸਿਕ ਪਾਣੀ ਸਾਡੇ ਪਿੰਡਾਂ, ਨਗਰਾਂ, ਘਰਾਂ, ਫ਼ਸਲਾਂ ਨੂੰ ਤਬਾਹ ਕਰ ਰਿਹਾ ਹੁੰਦਾ ਹੈ ਤਾਂ ਉਸ ਸਮੇਂ ਵੀ ਸਾਡੇ ਕੋਲ ਪੀਣ ਵਾਲੇ ਪਾਣੀ ਦੀ ਘਾਟ ਮਹਿਸੂਸ ਹੁੰਦੀ ਹੈ। ਇਸ ਦਾ ਭਾਵ ਇਹ ਹੈ ਕਿ ਅੱਜ ਦੇ ਅਖੌਤੀ ਵਿਕਾਸ 'ਤੇ ਚਲਦਿਆਂ ਅਸੀਂ ਅਜਿਹੀ ਵਿਵਸਥਾ ਦੀ ਸਿਰਜਣਾ ਕੀਤੀ ਹੈ, ਜਿੱਥੇ ਧਰਤੀ ਹੇਠਲੇ ਪਾਣੀ ਨੂੰ ਤਾਂ ਬਰਬਾਦ ਕਰ ਲਿਆ ਜਾਂ ਪਲੀਤ ਕਰ ਦਿੱਤਾ ਪਰ ਬਾਰਿਸ਼ਾਂ ਦੇ ਪਾਣੀ ਨੂੰ ਸੰਭਾਲਣ ਵਾਲੇ ਸੋਮਿਆਂ ਨੂੰ ਵੀ ਅਸੀਂ ਤਬਾਹ ਕਰ ਦਿੱਤਾ ਹੈ। ਹੜ੍ਹਾਂ ਨਾਲ ਡੁੱਬ ਰਹੇ ਪੰਜਾਬੀ, ਹਾਲੋ ਬੇ-ਹਾਲ ਹੋ ਰਹੇ ਮੁਸੀਬਤਾਂ ਦੇ ਮਾਰੇ ਵਿਚਾਰੇ ਲੋਕ, ਮਨੁੱਖ ਦੀਆਂ ਇਨ੍ਹਾਂ 'ਸਿਆਣਪਾਂ' ਦਾ ਖਮਿਆਜ਼ਾ ਭੁਗਤ ਰਹੇ ਹਨ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਮਝ ਜਾਈਏ ਕਿ ਸੂਰਜ ਦੀ ਤਪਸ਼, ਸਮੁੰਦਰ, ਮੌਨਸੂਨੀ ਬਾਰਿਸ਼ਾਂ, ਪਹਾੜ, ਰੁੱਖ, ਵਣ, ਬਨਸਪਤੀ, ਦਰਿਆ, ਧਰਤੀ ਅਤੇ ਧਰਤੀ ਹੇਠਲੇ ਪਾਣੀ ਦਾ ਆਪਸੀ ਇੱਕ ਕੁਦਰਤੀ ਰਿਸ਼ਤਾ ਹੈ। ਸੰਬੰਧ ਹੈ। ਬਾਰਿਸ਼ਾਂ ਦਾ ਪਾਣੀ ਘੱਟ ਰਫਤਾਰ ਨਾਲ ਵਹੇ, ਇਹ ਮਾਰੂ ਹੜ੍ਹਾਂ ਦਾ ਰੂਪ ਅਖਤਿਆਰ ਨਾ ਕਰੇ, ਇਸ ਲਈ ਸਾਨੂੰ ਸਭ ਤੋਂ ਪਹਿਲਾਂ ਪਹਾੜਾਂ ਦੇ ਜੰਗਲਾਂ ਦੀ ਕਟਾਈ ਰੋਕਣੀ ਹੋਵੇਗੀ ਅਤੇ ਵਿਰਾਨ ਹੋ ਰਹੇ ਪਹਾੜਾਂ 'ਤੇ ਸੰਘਣੇ ਰੁੱਖਾਂ ਅਤੇ ਬਨਸਪਤੀ ਦੇ ਜੰਗਲ ਉਗਾਉਣੇ ਹੋਣਗੇ। ਦਰਿਆਵਾਂ ਵਿਚ ਰੇਤ ਬਜਰੀ ਦੀ ਮਾਈਨਿੰਗ ਨੂੰ ਰੋਕੇ ਜਾਣ ਦੀ ਲੋੜ ਹੈ। ਦਰਿਆ, ਦਰਿਆ ਹੀ ਰਹਿਣ ਇਹ ਨਾਲਿਆਂ ਵਿਚ ਤਬਦੀਲ ਨਾ ਹੋਣ, ਇਸ ਲਈ ਵਿਸ਼ੇਸ਼ ਯਤਨ ਕੀਤੇ ਜਾਣ। ਇਨ੍ਹਾਂ ਦੇ ਕੰਢਿਆਂ 'ਤੇ ਮੱਠਾਂ, ਡੇਰਿਆ, ਫੈਕਟਰੀਆਂ, ਹੋਟਲਾਂ ਦੀ ਉਸਾਰੀ ਨੂੰ ਰੋਕਿਆ ਜਾਵੇ, ਤਾਂ ਕਿ ਇਨ੍ਹਾਂ ਦੇ ਵਹਿਣ ਕੁਦਰਤੀ ਬਣੇ ਰਹਿਣ। ਸਾਡੇ ਲਾਲਚਾਂ ਨੇ ਦਰਿਆਵਾਂ ਵਿਚ ਜਲ ਕੁੰਡ, ਡੁੰਬਾਂ, ਝੀਲਾਂ, ਜਲ ਵਹਿਣਾਂ, ਜਲਗਾਹਾਂ ਨੂੰ ਤਬਾਹ ਕਰ ਦਿੱਤਾ ਹੈ। ਅਸੀਂ ਦਰਿਆਵਾਂ ਦੇ ਕੰਢਿਆਂ 'ਤੇ ਸਰਕੰਡੇ, ਕਾਹੀ ਅਤੇ ਹੋਰ ਬਨਸਪਤੀ ਨੂੰ ਅਖੌਤੀ ਵਿਕਾਸ ਦੇ ਵਹਾ ਵਿਚ ਰੋੜ੍ਹ ਦਿੱਤਾ। ਸਰਕਾਰਾਂ ਨੂੰ ਲੱਖਾਂ ਲੋਕਾਂ ਦੀ ਬਰਬਾਦੀ ਦਾ ਮੁੱਢ ਬੰਨ੍ਹਣ ਵਾਲੇ ਭਿਆਨਕ ਹਾਲਾਤ ਨੂੰ ਵਿਗਿਆਨਕ ਨਜ਼ਰੀਏ ਨਾਲ ਸਮਝਣਾ ਚਾਹੀਦਾ ਹੈ। ਭਵਿੱਖ ਵਿਚ ਇਸ ਤਰ੍ਹਾਂ ਦੇ ਭਿਆਨਕ ਹਾਲਾਤ ਨਾ ਬਣਨ ਇਸ ਲਈ ਯਤਨਸ਼ੀਲ ਹੋਣ ਦੀ ਲੋੜ ਹੈ। ਇਸ ਤੋਂ ਬਚਾਅ ਲਈ ਜਿੱਥੇ ਵੱਡੇ ਪ੍ਰੋਗਰਾਮ ਉਲੀਕ ਕੇ ਸਾਰਥਕ ਹੱਲ ਲੱਭੇ ਜਾਣ ਦੀ ਲੋੜ ਹੈ, ਉੱਥੇ ਉਹ ਲੋਕ ਜਿਨ੍ਹਾਂ ਦੇ ਘਰ-ਬਾਰ ਤਬਾਹ ਹੋ ਗਏ, ਫ਼ਸਲਾਂ ਬਰਬਾਦ ਹੋ ਗਈਆਂ, ਮਾਲ ਡੰਗਰ ਦਾ ਨੁਕਸਾਨ ਹੋਇਆ, ਇਸ ਲਈ ਵਿਸ਼ੇਸ਼ ਯਤਨ ਕਰਕੇ ਇਨ੍ਹਾਂ ਦੀ ਮਾਲੀ ਮਦਦ ਵੀ ਕਰਨੀ ਚਾਹੀਦੀ ਹੈ।
-ਜ਼ੀਰਾ
ਮੋਬਾਈਲ : 9855051099