'ਓਵਰਈਟਿੰਗ' ਭਾਵ ਲੋੜ ਤੋਂ ਵਾਧੂ ਖਾਣੇ ਦੀ ਆਦਤ ਜ਼ਿਆਦਾਤਰ ਲੋਕਾਂ ਵਿਚ ਬਚਪਨ ਤੋਂ ਹੀ ਪੈ ਜਾਂਦੀ ਹੈ। ਪਰ ਬਚਪਨ ਵਿਚ ਖਾਧਾ ਵਾਧੂ ਖਾਣਾ ਬੱਚਿਆਂ ਦੇ ਖੇਡਦਿਆਂ ਟਪਦਿਆਂ ਪਚ ਜਾਂਦਾ ਹੈ। ਬਸ ਵਾਧੂ ਖਾਣੇ ਦੇ ਸ਼ਿਕਾਰ ਕੁਝ ਬੱਚੇ ਹੀ ਹੁੰਦੇ ਹਨ, ਜੋ ਖਾਂਦੇ ਤਾਂ ਹਨ, ਉਸ ਨੂੰ ਖੇਡ ਟੱਪ ਕੇ ਹਜ਼ਮ ਨਹੀਂ ਕਰਦੇ, ਸੁਸਤ ਹੋ ਕੇ ਟੀ.ਵੀ. ਦੇ ਸਾਹਮਣੇ ਜਾਂ ਮੋਬਾਈਲ ਵਿਚ ਖੇਡਾਂ ਖੇਡਦੇ ਰਹਿੰਦੇ ਹਨ। ਉਹ ਹੌਲੀ-ਹੌਲੀ ਮੋਟਾਪੇ ਦਾ ਸ਼ਿਕਾਰ ਬਣਦੇ ਜਾਂਦੇ ਹਨ। ਜੋ ਬੱਚੇ ਖੇਡ-ਕੁੱਦ ਕਰਕੇ ਖਾਧਾ ਹੋਇਆ ਵਾਧੂ ਖਾਣਾ ਹਜ਼ਮ ਕਰ ਲੈਂਦੇ ਹਨ, ਉਹ ਪਤਲੇ ਅਤੇ ਸਮਾਰਟ ਰਹਿੰਦੇ ਹਨ।
ਜ਼ਿਆਦਾਤਰ ਮਾਵਾਂ ਬਚਪਨ ਤੋਂ ਬੱਚਿਆਂ ਨੂੰ ਸਿਖਾਉਂਦੀਆਂ ਹਨ ਕਿ ਜਦੋਂ ਭੁੱਖ ਲੱਗੇ ਉਦੋਂ ਸਿਹਤਮੰਦ ਖਾਣਾ ਖਾਓ। ਓਨਾ ਹੀ ਖਾਓ ਜਿੰਨਾ ਮਨ ਕਰੇ। ਜੇਕਰ ਪੇਟ ਭਰ ਜਾਵੇ ਤਾਂ ਤੁਰੰਤ ਰੁਕ ਜਾਓ। ਜੇਕਰ ਅਸੀਂ ਇਸ ਆਦਤ ਨੂੰ ਬਾਅਦ ਵਿਚ ਵੀ ਧਿਆਨ ਵਿਚ ਰੱਖੀਏ ਤਾਂ ਮੋਟਾਪਾ ਸਾਡੇ ਤੋਂ ਦੂਰ ਹੀ ਰਹੇਗਾ। ਜੇਕਰ ਭੁੱਲ ਕੇ ਸਵਾਦੀ ਭੋਜਨ ਨੂੰ ਖਾਂਦੇ ਹੀ ਰਹਾਂਗੇ ਤਾਂ ਨਤੀਜਾ ਮੋਟਾਪਾ ਸਾਨੂੰ ਛੇਤੀ ਆਪਣੀ ਪਕੜ ਵਿਚ ਲੈ ਲਵੇਗਾ। ਜੇਕਰ ਤੁਸੀਂ 'ਓਵਰਈਟਿੰਗ' ਤੋਂ ਬਚਣਾ ਚਾਹੁੰਦੇ ਹੋ ਤਾਂ ਧਿਆਨ ਦਿਉ ਕੁਝ ਗੱਲਾਂ ਵੱਲ :-
ਸਿਹਤਮੰਦ ਬਦਲ 'ਤੇ ਜਾਓ : ਆਪਣੀ ਬਚਪਨ ਦੀ ਇਸ ਚੰਗੀ ਆਦਤ ਨੂੰ ਅੱਗੇ ਤੱਕ ਲੈ ਜਾਓ ਤੇ ਭੁੱਖ ਲੱਗਣ 'ਤੇ ਸਿਹਤਮੰਦ ਚੀਜ਼ਾਂ ਖਾਓ। ਬਸ ਘਟ ਖਾਓ। ਜਦੋਂ ਪੇਟ ਭਰ ਜਾਵੇ ਤਾਂ ਤੁਰੰਤ ਰੁਕ ਜਾਓ। ਇਸ ਤਰ੍ਹਾਂ ਕਰਨ ਨਾਲ 'ਓਵਰਈਟਿੰਗ' ਦੀ ਆਦਤ ਆਪਣੇ-ਆਪ ਹੀ ਘੱਟ ਹੋ ਜਾਵੇਗੀ। ਆਪਣੇ ਖਾਣੇ ਵਿਚ ਸਿਹਤਮੰਦ ਖਾਣ ਵਾਲੇ ਪਦਾਰਥਾਂ ਨੂੰ ਹੀ ਥਾਂ ਦਿਉ। ਸਵਾਦ ਦੇ ਚੱਕਰ ਵਿਚ ਤੁਸੀਂ ਓਵਰਈਟਿੰਗ ਕਰ ਸਕਦੇ ਹੋ। ਇਸ ਤਰ੍ਹਾਂ ਆਪਣੀ ਪਸੰਦ ਦੀ ਚੀਜ਼ ਨੂੰ ਥੋੜ੍ਹੀ ਮਾਤਰਾ ਵਿਚ ਪਲੇਟ ਵਿਚ ਰੱਖੋ ਅਤੇ ਉਸ ਤੋਂ ਦੂਰੀ ਬਣਾ ਲਓ ਤਾਂ ਕਿ ਹੋਰ ਲੈਣ ਦੀ ਇੱਛਾ 'ਤੇ ਕਾਬੂ ਪਾ ਸਕੋ।
ਖਾਓ ਹੌਲੀ-ਹੌਲੀ : ਜੋ ਵੀ ਖਾਓ, ਹੌਲੀ-ਹੌਲੀ ਚਬਾ-ਚਬਾ ਕੇ ਖਾਓ। ਇਸ ਨਾਲ ਤੁਹਾਡੀ ਖਾਣ ਦੀ ਸਪੀਡ ਘੱਟ ਹੋ ਜਾਵੇਗੀ। ਖੋਜ ਅਨੁਸਾਰ ਦਿਮਾਗ਼ ਤੱਕ ਪੇਟ ਭਰਨ ਦਾ ਇਸ਼ਾਰਾ ਵੀ ਛੇਤੀ ਪਹੁੰਚੇਗਾ ਜੇਕਰ ਤੁਸੀਂ ਹੌਲੀ-ਹੌਲੀ ਚਬਾ ਕੇ ਖਾਣਾ ਖਾਂਦੇ ਰਹੋ।
ਸਿਰਫ਼ ਖਾਂਦੇ ਸਮੇਂ ਖਾਓ : ਟੀ.ਵੀ. ਦੇਖਦੇ ਹੋਏ, ਕੰਪਿਊਟਰ 'ਤੇ ਕੰਮ ਕਰਦੇ ਸਮੇਂ, ਗੱਲ ਕਰਦੇ ਸਮੇਂ ਜਾਂ ਡ੍ਰਾਈਵ ਕਰਦੇ ਸਮੇਂ ਜੋ ਵੀ ਖਾਓਗੇ, ਉਹ ਸਰੀਰ ਨੂੰ ਕੈਲੋਰੀਜ਼ ਦੇਣ ਲਈ ਤਾਂ ਠੀਕ ਹੈ ਪਰ ਧਿਆਨ ਦੂਜੇ ਪਾਸੇ ਹੋਣ ਕਰਕੇ ਸਾਡੇ ਦਿਮਾਗ਼ ਨੂੰ ਪੇਟ ਭਰਨ ਦਾ ਇਸ਼ਾਰਾ ਨਹੀਂ ਮਿਲ ਸਕੇਗਾ। ਇਸ ਲਈ ਖਾਣ ਸਮੇਂ ਸਿਰਫ਼ ਖਾਣ ਵੱਲ ਹੀ ਧਿਆਨ ਦਿਓ, ਬਾਕੀ ਕੰਮ ਬਾਅਦ ਵਿਚ।
ਖਾਓ ਛੋਟੀ ਬੁਰਕੀ : ਜੇਕਰ ਤੁਸੀਂ ਛੋਟੀ ਪਲੇਟ ਵਿਚ ਥੋੜ੍ਹਾ ਖਾਣਾ ਰੱਖ ਕੇ ਛੋਟੇ-ਛੋਟੇ ਟੁਕੜਿਆਂ ਵਿਚ ਖਾਓਗੇ ਤਾਂ 'ਓਵਰਈਟਿੰਗ' ਤੋਂ ਖ਼ੁਦ ਨੂੰ ਬਚਾ ਸਕਦੇ ਹੋ। ਇਸ ਲਈ ਆਪਣੀ ਚੰਗੀ ਆਦਤ ਲਈ ਛੋਟੀ ਬੁਰਕੀ ਲੈ ਕੇ ਹੀ ਖਾਓ।
'ਓਵਰਈਟਿੰਗ' ਨੂੰ ਕਹੋ 'ਬਾਏ-ਬਾਏ'
ਅਜੀਤ ਡੈਸਕ
05-12-2025