ਕਾਰਬੋਹਾਈਡ੍ਰੇਟਸ ਦੀ ਘੱਟ ਵਰਤੋਂ ਕਰਨਾ ਕਈ ਪੱਖਾਂ ਤੋਂ ਚੰਗਾ ਮੰਨਿਆ ਜਾਂਦਾ ਹੈ। ਇਕ ਨਵੀਂ ਖੋਜ ਵਿਚ ਮੋਟਾਪੇ ਤੋਂ ਗ੍ਰਸਤ 132 ਵਿਅਕਤੀਆਂ ਵਿਚੋਂ 66 ਵਿਅਕਤੀਆਂ ਨੂੰ ਕਾਰਬੋਹਾਈਡ੍ਰੇਟ ਦੀ 30 ਗ੍ਰਾਮ ਤੋਂ ਵੀ ਘੱਟ ਮਾਤਰਾ ਦੀ ਵਰਤੋਂ ਇਕ ਸਾਲ ਤੱਕ ਕਰਾਈ ਗਈ ਅਤੇ ਹੋਰ 66 ਵਿਅਕਤੀਆਂ ਨੂੰ ਹਰ ਰੋਜ਼ 500 ਕੈਲੋਰੀ ਘੱਟ ਦਿੱਤੀ ਗਈ ਅਤੇ ਚਰਬੀ ਦੀ ਮਾਤਰਾ ਦੀ ਵੀ ਘੱਟ ਵਰਤੋਂ ਕਰਾਈ ਗਈ। ਛੇ ਮਹੀਨੇ ਬਾਅਦ ਘੱਟ ਕਾਰੋਬਾਹਈਡ੍ਰੇਟ ਵਾਲੇ ਗਰੁੱਪ ਨੇ ਲਗਭਗ 13 ਪੌਂਡ ਵਜ਼ਨ ਘੱਟ ਕੀਤਾ ਅਤੇ ਦੂਜੇ ਨੇ ਲਗਭਗ ਚਾਰ ਪੌਂਡ। ਇਕ ਸਾਲ ਬਾਅਦ ਘੱਟ ਕਾਰਬੋਹਾਈਡ੍ਰੇਟ ਵਾਲੇ ਗਰੁੱਪ ਦੇ ਵਿਅਕਤੀਆਂ ਨੇ ਔਸਤਨ 11 ਪੌਂਡ ਵਜ਼ਨ ਘੱਟ ਕੀਤਾ ਅਤੇ ਦੂਜੇ ਗਰੁੱਪ ਨੇ ਲਗਭਗ ਅੱਠ ਪੌਂਡ। ਦੂਜੇ ਗਰੁੱਪ ਦੇ ਵਿਅਕਤੀ ਹਾਲੇ ਵੀ ਵਜ਼ਨ ਘੱਟ ਕਰ ਰਹੇ ਸਨ।
ਮਾਹਿਰਾਂ ਅਨੁਸਾਰ ਲੰਮੇ ਸਮੇਂ ਤੱਕ ਵਜ਼ਨ ਕੰਟਰੋਲ ਕਰਨ ਵਿਚ ਪਹਿਲੇ ਗਰੁੱਪ ਦੇ ਮੁਕਾਬਲੇ ਦੂਜਾ ਗਰੁੱਪ ਜ਼ਿਆਦਾ ਸਫਲ ਰਿਹਾ, ਪਰ ਘੱਟ ਕਾਰਬੋਹਾਈਡ੍ਰੇਟ ਵਾਲੇ ਗਰੁੱਪ ਦੇ ਵਿਅਕਤੀਆਂ ਨੇ ਹੋਰ ਬਹੁਤ ਸਾਰੇ ਸਿਹਤਮੰਦ ਲਾਭ ਹਾਸਿਲ ਕੀਤੇ ਜਿਵੇਂ ਉਨ੍ਹਾਂ ਦੇ ਟ੍ਰਿਗਲਿਸਰਾਈਡ ਦੇ ਪੱਧਰ ਵਿਚ ਕਮੀ ਆਈ ਅਤੇ ਇਨ੍ਹਾਂ ਵਿਚੋਂ ਜੋ ਵਿਅਕਤੀ ਸ਼ੂਗਰ ਦਾ ਸ਼ਿਕਾਰ ਸਨ, ਉਨ੍ਹਾਂ ਨੇ ਆਪਣੀ ਖੂਨ ਸ਼ੂਗਰ ਵਿਚ ਸੁਧਾਰ ਪਾਇਆ ਅਤੇ ਉਨ੍ਹਾਂ ਦੇ ਚੰਗੇ ਕੋਲੈਸਟ੍ਰੋਲ ਦੇ ਪੱਧਰ ਵਿਚ ਵੀ ਸੁਧਾਰ ਆਇਆ। ਇਕ ਹੋਰ ਖੋਜ ਵਿਚ ਇਹ ਵੀ ਪਾਇਆ ਗਿਆ ਕਿ 120 ਮੋਟੇ ਵਿਅਕਤੀਆਂ ਨੂੰ ਜਦੋਂ 6 ਮਹੀਨੇ ਤੱਕ ਘੱਟ ਕਾਰਬੋਹਾਈਡ੍ਰੇਟ ਵਾਲੇ ਭੋਜਨ ਦੀ ਵਰਤੋਂ ਕਰਾਈ ਗਈ ਤਾਂ ਉਨ੍ਹਾਂ ਨੇ ਆਪਣੇ ਵਜ਼ਨ ਵਿਚ ਔਸਤਨ 26 ਪੌਂਡ ਦੀ ਕਮੀ ਪਾਈ।
ਘੱਟ ਕਾਰਬੋਹਾਈਡ੍ਰੇਟ ਵਾਲਾ ਭੋਜਨ ਦਿੰਦਾ ਹੈ ਬਹੁਤ ਸਾਰੇ ਸਿਹਤਮੰਦ ਲਾਭ
ਅਜੀਤ ਡੈਸਕ
05-12-2025