06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸਾਵਧਾਨ! ਸਰਦ ਰੁੱਤ ਸ਼ੁਰੂ ਹੈ

ਅਜੀਤ ਡੈਸਕ 05-12-2025

ਅੱਜਕਲ੍ਹ ਠੰਢ ਨਾਲ ਸਰੀਰ ਕੰਬਣ ਲੱਗਾ ਹੈ। ਜੇਕਰ ਤੁਸੀਂ ਇਸ ਮੌਸਮ ਦਾ ਪੂਰਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਹੁਣੇ ਤੋਂ ਸਾਵਧਾਨ ਹੋ ਜਾਓ। ਇਸ ਮੌਸਮ ਵਿਚ ਤੁਹਾਡੀ ਜ਼ਰਾ ਜਿੰਨੀ ਲਾਪ੍ਰਵਾਹੀ ਤੁਹਾਨੂੰ ਰੋਗੀ ਬਣਾ ਸਕਦੀ ਹੈ। ਮੁੱਖ ਤੌਰ 'ਤੇ ਇਸ ਰੁੱਤ ਵਿਚ ਵਾਤ (ਗੈਸ) ਦੇ ਵਿਗੜਨ ਕਾਰਨ ਖੰਘ, ਜ਼ੁਕਾਮ, ਟਾਂਸਿਲ ਦਾ ਵਧਣਾ ਅਤੇ ਬੁਖਾਰ ਆਦਿ ਰੋਗ ਹੋਣ ਦੀ ਕਾਫ਼ੀ ਸੰਭਾਵਨਾ ਹੁੰਦੀ ਹੈ। ਤੁਸੀਂ ਹੇਠ ਲਿਖੇ ਸੁਝਾਵਾਂ ਨੂੰ ਆਪਣੀ ਰੋਜ਼ਮਰ੍ਹਾ ਦੇ ਜੀਵਨ 'ਚ ਥਾਂ ਦਿਓਗੇ ਤਾਂ ਕਾਫ਼ੀ ਹੱਦ ਤੱਕ ਠੰਢ ਦੇ ਮੌਸਮ ਦੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ।
ਠੰਢੀ ਤਾਸੀਰ ਦੀਆਂ ਚੀਜ਼ਾਂ ਤੋਂ ਪਰਹੇਜ਼ ਰੱਖੋ। ਜਿਵੇਂ ਮੌਸੰਮੀ ਅਤੇ ਗੰਨੇ ਦਾ ਰਸ। ਖ਼ਾਸ ਤੌਰ 'ਤੇ ਆਪਣੇ ਛੋਟੇ ਬੱਚਿਆਂ ਪ੍ਰਤੀ ਸਾਵਧਾਨ ਰਹੋ ਕਿਉਂਕਿ ਖੇਡ ਕੇ ਆਉਣ ਤੋਂ ਬਾਅਦ ਉਨ੍ਹਾਂ ਦੀ ਮਨਪਸੰਦ ਚੀਜ਼ ਠੰਢਾ ਪਾਣੀ ਹੁੰਦਾ ਹੈ।
ਘਰ ਤੋਂ ਬਾਹਰ ਜਾਂਦੇ ਸਮੇਂ ਚਮੜੀ ਦਾ ਠੰਢੀ ਹਵਾ ਤੋਂ ਬਚਾਅ ਜ਼ਰੂਰੀ ਹੈ। ਇਸ ਲਈ ਗਰਮ ਕੱਪੜੇ ਪਾਓ ਅਤੇ ਚਿਹਰੇ 'ਤੇ ਕੋਈ ਚੰਗੀ ਕ੍ਰੀਮ ਲਗਾਓ। ਜੇਕਰ ਸਕੂਟਰ ਜਾਂ ਮੋਟਰਸਾਈਟਲ 'ਤੇ ਜਾ ਰਹੇ ਹੋ ਤਾਂ ਸਿਰ ਨੂੰ ਹੈਲਟਮੇਟ ਜਾਂ ਟੋਪੀ ਨਾਲ ਢਕੋ।
ਫਰਸ਼ 'ਤੇ ਦਰੀ ਜਾਂ ਕਾਲੀਨ ਵਿਛਾ ਕੇ ਰੱਖੋ। ਇਸ ਨਾਲ ਕਮਰਾ ਵੀ ਗਰਮ ਰਹੇਗਾ ਅਤੇ ਫਰਸ਼ ਦੀ ਠੰਢਕ ਤੋਂ ਤੁਹਾਡਾ ਬਚਾਅ ਰਹੇਗਾ। ਖ਼ਾਸ ਤੌਰ 'ਤੇ ਇਹ ਉਪਾਅ ਛੋਟੇ ਬੱਚਿਆਂ ਅਤੇ ਬਜ਼ੁਰਗ ਵਿਅਕਤੀਆਂ ਲਈ ਬਹੁਤ ਲਾਹੇਵੰਦ ਹੈ।
ਜੇਕਰ ਤੁਹਾਡੀ ਤਾਜ਼ੇ ਪਾਣੀ ਨਾਲ ਇਸ਼ਨਾਨ ਕਰਨ ਦੀ ਆਦਤ ਹੈ ਤਾਂ ਚੰਗਾ ਹੈ ਪਰ ਜਿਥੇ ਤੁਸੀਂ ਇਸ਼ਨਾਨ ਕਰੋ, ਉਹ ਥਾਂ ਚਾਰੇ ਪਾਸੇ ਤੋਂ ਬੰਦ ਹੋਣੀ ਚਾਹੀਦੀ ਹੈ। ਜ਼ਿਆਦਾ ਬਜ਼ੁਰਗ ਵਿਅਕਤੀ ਅਤੇ ਛੋਟੇ ਬੱਚੇ ਕੋਸੇ ਪਾਣੀ ਨਾਲ ਨਹਾਉਣ ਤਾਂ ਚੰਗਾ ਰਹੇਗਾ ਕਿਉਂਕਿ ਉਨ੍ਹਾਂ ਵਿਚ ਠੰਢ ਪ੍ਰਤੀਰੋਧਕ ਸ਼ਕਤੀ ਬਹੁਤ ਘੱਟ ਰਹਿੰਦੀ ਹੈ। ਨਹਾਉਣ ਤੋਂ ਤੁਰੰਤ ਬਾਅਦ ਸੁੱਕੇ ਤੌਲੀਏ ਨਾਲ ਸਰੀਰ ਨੂੰ ਚੰਗੀ ਤਰ੍ਹਾਂ ਪੂੰਝੋ।
ਸਰਦੀਆਂ ਵਿਚ ਸਾਬਣ ਦੀ ਵਰਤੋਂ ਬਹੁਤ ਘੱਟ ਕਰੋ। ਇਸ ਦੀ ਜ਼ਿਆਦਾ ਵਰਤੋਂ ਨਾਲ ਚਮੜੀ ਰੁੱਖੀ ਹੋ ਜਾਂਦੀ ਹੈ। ਦਿਨ ਵੇਲੇ ਸੌਣ ਤੋਂ ਪ੍ਰਹੇਜ਼ ਕਰੋ।
ਸਰਦ ਰੁੱਤ ਵਿਚ ਮੱਛਰਾਂ ਤੋਂ ਬਚਾਅ ਬਹੁਤ ਜ਼ਰੂਰੀ ਹੁੰਦਾ ਹੈ। ਰਾਤ ਵਿਚ ਮੱਛਰਦਾਨੀ ਲਗਾ ਕੇ ਸੌਂਵੋ। 'ਮਾਸਕਿਟੋ ਰਿਪੇਲੈਂਟ' ਦੀ ਵਰਤੋਂ ਜਿਥੋਂ ਤੱਕ ਸੰਭਵ ਹੋਵੇ ਨਾ ਕਰੋ। ਇਸ ਵਿਚ ਕੁਝ ਹਾਨੀਕਾਰਕ ਰਸਾਇਣਕ ਪਦਾਰਥਾਂ ਦਾ ਅਨੁਪਾਤ ਜ਼ਿਆਦਾ ਪਾਇਆ ਜਾਂਦਾ ਹੈ ਅਤੇ ਉਸ ਤੋਂ ਉੱਡਣ ਵਾਲਾ ਧੂੰਆਂ ਰਾਤ ਭਰ ਸਾਡੇ ਫੇਫੜਿਆਂ ਵਿਚ ਜਾਂਦਾ ਰਹਿੰਦਾ ਹੈ। ਇਸ ਦੇ ਅਗਾਊਂ ਨਤੀਜੇ ਹਾਨੀਕਾਰਕ ਹੁੰਦੇ ਹਨ।
ਰਾਤ ਨੂੰ ਪੂਰੀ ਬਾਂਹ ਦੇ ਕੱਪੜੇ ਜ਼ਰੂਰ ਪਾਓ। ਹਮੇਸ਼ਾ ਗੂੜ੍ਹੀ ਨੀਂਦ ਵਿਚ ਕੰਬਲ ਇਧਰ-ਉਧਰ ਹੋ ਜਾਣ ਦਾ ਪਤਾ ਨਹੀਂ ਲਗਦਾ ਅਤੇ ਠੰਢ ਲੱਗ ਜਾਂਦੀ ਹੈ।
ਜੇਕਰ ਹੱਥ-ਪੈਰ ਫਟ ਜਾਂਦੇ ਹਨ ਤਾਂ ਸੌਣ ਤੋਂ ਪਹਿਲਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਗਰਮ ਪਾਣੀ ਨਾਲ ਧੋ ਕੇ ਕ੍ਰੀਮ ਜਾਂ ਬਦਾਮ ਦੇ ਤੇਲ ਨਾਲ ਮਾਲਿਸ਼ ਕਰੋ ਅਤੇ ਉੱਪਰ ਤੋਂ ਦਸਤਾਨੇ ਪਾ ਲਓ।
ਸਵੇਰੇ ਘੱਟ ਤੋਂ ਘੱਟ ਅੱਧਾ ਘੰਟਾ ਕਸਰਤ ਜ਼ਰੂਰ ਕਰੋ। ਜੇਕਰ ਤੁਸੀਂ ਰੁੱਝੇ ਰਹਿੰਦੇ ਹੋ ਤਾਂ ਕਸਰਤ ਦੇ ਨਾਲ-ਨਾਲ ਇਸ ਸਮੇਂ ਦੀ ਵਰਤੋਂ ਸੰਗੀਤ ਜਾਂ ਸਮਾਚਾਰ ਸੁਣਨ ਵਿਚ ਵੀ ਕਰ ਸਕਦੇ ਹੋ। ਰੋਜ਼ ਕਸਰਤ ਨਾਲ ਖੂਨ ਦੇ ਵਹਾਅ 'ਚ ਤੇਜ਼ੀ ਹੁੰਦੀ ਹੈ ਅਤੇ ਚੁਸਤੀ ਆਉਂਦੀ ਹੈ।
ਬਜ਼ਰੁਗ ਵਿਅਕਤੀਆਂ ਨੂੰ ਅਕਸਰ ਇਸ ਮੌਸਮ ਵਿਚ ਗਠੀਏ ਦੀ ਸ਼ਿਕਾਇਤ ਹੋ ਜਾਂਦੀ ਹੈ। ਇਸ ਤੋਂ ਬਚਣ ਲਈ ਸਿਰਹਾਣੇ ਦੀ ਵਰਤੋਂ ਬੰਦ ਕਰ ਦਿਓ। ਹਲਕੀ ਕਸਰਤ ਕਰੋ। ਠੰਢ ਤੋਂ ਪੂਰੀ ਤਰ੍ਹਾਂ ਬਚੋ ਅਤੇ ਪ੍ਰੋਟੀਨ ਅਤੇ ਲੋਹ ਤੱਤ ਵਾਲੇ ਭੋਜਨ ਖਾਓ।
ਠੰਢ ਦਾ ਮੌਸਮ ਸਰੀਰ ਬਣਾਉਣ ਲਈ ਸਭ ਤੋਂ ਵਧੀਆ ਮੰਨਿਆ ਗਿਆ ਹੈ। ਆਯੁਰਵੇਦ ਅਨੁਸਾਰ ਠੰਢੀ ਰੁੱਤ ਵਿਚ ਹਾਜ਼ਮਾਤੰਤਰ ਮਜ਼ਬੂਤ ਹੁੰਦਾ ਹੈ, ਇਸ ਕਾਰਨ ਖਾਧਾ-ਪੀਤਾ ਛੇਤੀ ਹਜ਼ਮ ਹੋ ਜਾਂਦਾ ਹੈ। ਸਰਦ ਰੁੱਤ ਵਿਚ ਆਪਣੀ ਹਾਜ਼ਮਾ ਸ਼ਕਤੀ ਦੇ ਅਨੁਸਾਰ ਪੌਸ਼ਟਿਕ ਭੋਜਨ ਖਾਣਾ ਚਾਹੀਦਾ ਹੈ। ਇਸ ਮੌਸਮ ਵਿਚ ਵਿਟਾਮਿਨ 'ਏ' ਅਤੇ 'ਡੀ' ਦੀ ਵਿਸ਼ੇਸ਼ ਜ਼ਰੂਰਤ ਹੁੰਦੀ ਹੈ। ਇਸ ਦੀ ਪੂਰਤੀ ਦੁੱਧ, ਆਂਡੇ, ਹਰੀਆਂ ਸਬਜ਼ੀਆਂ, ਟਮਾਟਰ ਆਦਿ ਤੋਂ ਪੂਰੀ ਹੋ ਜਾਂਦੀ ਹੈ। ਵਿਟਾਮਿਨ 'ਡੀ' ਦੀ ਪੂਰਤੀ ਧੁੱਪ ਸੇਕਣ ਨਾਲ ਵੀ ਪੂਰੀ ਹੁੰਦੀ ਹੈ।
ਹੋਮਿਓਪੈਥੀ ਇਲਾਜ ਪ੍ਰਣਾਲੀ ਅਨੁਸਾਰ ਰੋਗਾਂ ਦਾ ਕਾਰਨ ਸਰੀਰ ਵਿਚ ਮੌਜੂਦ 12 ਤਰ੍ਹਾਂ ਦੇ ਲੂਣ ਦਾ ਅਸੰਤੁਲਿਤ ਅਨੁਪਾਤ ਹੁੰਦਾ ਹੈ। ਮੌਸਮਾਂ ਸਮੇਂ ਵੀ ਸਰੀਰ ਵਿਚ ਕੁਝ ਤਰ੍ਹਾਂ ਦੇ ਲੂਣ ਦੀ ਕਮੀ ਹੋ ਜਾਂਦੀ ਹੈ। ਜੇਕਰ ਵਿਸ਼ੇਸ਼ ਲੂਣ 'ਹੋਮਿਓਪੈਥਿਕ ਦਵਾਈ' ਦੀ ਵਰਤੋਂ ਡਾਕਟਰ ਦੀ ਸਲਾਹ ਨਾਲ ਪਹਿਲਾਂ ਕਰ ਲਈ ਜਾਂਦੀ ਹੈ ਤਾਂ ਰੋਗ ਹੋਣ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੁੰਦੀ ਹੈ। ਉਪਰੋਕਤ ਦਵਾਈ ਨੱਕ, ਗਲੇ ਅਤੇ ਫੇਫੜਿਆਂ ਆਦਿ ਦੇ ਰੋਗਾਂ ਤੋਂ ਸੁਰੱਖਿਆ ਰੱਖਦੀ ਹੈ।
ਮੈਨੂੰ ਪੂਰੀ ਉਮੀਦ ਹੈ ਕਿ ਉਪਰੋਕਤ ਛੋਟੇ-ਛੋਟੇ ਪਰ ਮਹੱਤਵਪੂਰਨ ਨੁਕਤਿਆਂ 'ਤੇ ਅਮਲ ਕਰਕੇ ਤੁਸੀਂ ਕੁਦਰਤ ਦੇ ਇਸ ਹੁਸੀਨ ਮੌਸਮ ਦਾ ਪੂਰਾ ਮਜ਼ਾ ਲੈ ਸਕੋਗੇ।

ਪਿਛਲੀ ਖ਼ਬਰ ਘੱਟ ਕਾਰਬੋਹਾਈਡ੍ਰੇਟ ਵਾਲਾ ਭੋਜਨ ਦਿੰਦਾ ਹੈ ਬਹੁਤ ਸਾਰੇ ਸਿਹਤਮੰਦ ਲਾਭ ਅਗਲੀ ਖ਼ਬਰ ਊਰਜਾ ਵਧਾਉਂਦੀ ਹੈ ਨੀਂਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।