06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਊਰਜਾ ਵਧਾਉਂਦੀ ਹੈ ਨੀਂਦ

ਅਜੀਤ ਡੈਸਕ 05-12-2025

ਆਯੁਰਵੈਦ ਵਿਚ ਸਿਹਤ ਦੇ ਤਿੰਨ ਥੰਮ੍ਹ ਦੱਸੇ ਗਏ ਹਨ ਭੋਜਨ, ਨੀਂਦ ਅਤੇ ਬ੍ਰਹਮਚਾਰੀ ਜੀਵਨ। ਨੀਂਦ ਨਾਲ ਸਰੀਰ ਨੂੰ ਉਂਝ ਹੀ ਲਾਭ ਹੁੰਦੇ ਹਨ ਜਿਵੇਂ ਭਰਪੂਰ ਮਾਤਰਾ ਵਿਚ ਸੰਤੁਲਿਤ ਭੋਜਨ ਖਾਣ ਨਾਲ ਮਿਲਦੇ ਹਨ। ਸਪੱਸ਼ਟ ਹੈ ਕਿ ਸਰੀਰ ਲਈ ਨੀਂਦ ਓਨੀ ਹੀ ਜ਼ਰੂਰੀ ਹੈ ਜਿੰਨਾ ਭੋਜਨ।
ਸਰੀਰਕ ਅਤੇ ਮਾਨਸਿਕ ਸਿਹਤ ਲਈ ਸੌਣਾ ਜ਼ਰੂਰੀ ਹੈ। ਸੌਣ ਨੂੰ 'ਪੂਰਾ ਆਰਾਮ' ਕਿਹਾ ਗਿਆ ਹੈ ਕਿਉਂਕਿ ਨੀਂਦ ਵਿਚ ਅਸੀਂ ਸਭ ਤਰ੍ਹਾਂ ਦੀਆਂ ਚਿੰਤਾਵਾਂ ਅਤੇ ਦੁੱਖ-ਦਰਦਾਂ ਤੋਂ ਪਰ੍ਹੇ ਹੋ ਜਾਂਦੇ ਹਾਂ। ਮਨ ਦੀਆਂ ਸਰਗਰਮੀਆਂ ਰੁਕ ਜਾਂਦੀਆਂ ਹਨ।
ਨੀਂਦ ਕੁਦਰਤ ਦੀ ਅਨੋਖੀ ਦੇਣ ਹੈ। ਭੋਜਨ ਵਾਂਗ ਇਸ ਦਾ ਵੀ ਕੋਈ ਬਦਲ ਨਹੀਂ ਹੈ। ਸੌਣ ਨਾਲ ਸਰੀਰ ਨੂੰ ਗਵਾਚੀ ਹੋਈ ਊਰਜਾ ਦੁਬਾਰਾ ਹਾਸਿਲ ਹੋ ਜਾਂਦੀ ਹੈ। ਦਿਮਾਗ਼ ਤਰੋਤਾਜ਼ਾ ਹੋ ਜਾਂਦਾ ਹੈ। ਨੀਂਦ ਪ੍ਰਾਣੀਆਂ ਲਈ ਐਨਰਜੀ ਰੀਚਾਰਜਰ ਹੈ। ਜੇਕਰ ਕਿਸੇ ਵਿਅਕਤੀ ਨੂੰ ਕੁਝ ਦਿਨ ਸੌਣ ਨੂੰ ਸਮਾਂ ਨਾ ਮਿਲੇ ਤਾਂ ਉਹ ਅੱਧਮਰਿਆ ਜਿਹਾ ਹੋ ਜਾਵੇਗਾ। ਥੱਕੇ-ਹਾਰੇ ਵਿਅਕਤੀ ਲਈ ਨੀਂਦ ਸਵਰਗ ਬਰਾਬਰ ਸੁਖਦਾਈ ਹੈ। ਥੱਕਿਆ ਵਿਅਕਤੀ ਨੀਂਦ ਰਾਣੀ ਦੀ ਗੋਦ ਵਿਚ ਜਾ ਕੇ ਊਰਜਾ ਅਤੇ ਚੁਸਤੀ-ਫੁਰਤੀ ਲੈ ਕੇ ਆਉਂਦਾ ਹੈ। ਆਯੁਰਵੈਦ ਕਹਿੰਦਾ ਹੈ ਕਿ 'ਜਦੋਂ ਕੰਮਕਾਰ ਕਰਦੇ-ਕਰਦੇ ਮਨ ਥੱਕ ਜਾਂਦਾ ਹੈ ਅਤੇ ਇੰਦਰੀਆਂ ਵੀ ਥਕਾਵਟ ਕਾਰਨ ਆਪਣੇ-ਆਪਣੇ ਵਿਸ਼ਿਆਂ ਤੋਂ ਪਰੇ ਹੋ ਜਾਂਦੀਆਂ ਹਨ, ਉਦੋਂ ਨੀਂਦ ਆਉਣ ਲਗਦੀ ਹੈ। ਨੀਂਦ ਆਉਣਾ ਸੁਭਾਵਿਕ ਹੈ। ਜੇਕਰ ਨੀਂਦ ਨਾ ਆਵੇ ਤਾਂ ਕੁਝ ਗੜਬੜੀ ਹੈ ਸਮਝਣਾ ਚਾਹੀਦਾ ਹੈ। ਤਣਾਅ, ਡੂੰਘੀ ਸੋਚ, ਚਿੰਤਾ, ਮਾਨਸਿਕ ਉਲਝਣ ਅਤੇ ਸਰੀਰਕ ਦਰਦ ਕਾਰਨ ਨੀਂਦ ਗ਼ਾਇਬ ਹੋ ਜਾਂਦੀ ਹੈ। ਸਹੀ ਸਮੇਂ ਤੱਕ ਨੀਂਦ ਨਾ ਲੈਣ ਕਰਕੇ ਸਰੀਰਕ ਵਾਧਾ ਰੁਕ ਜਾਂਦਾ ਹੈ। ਇੰਦਰੀਆਂ ਕਮਜ਼ੋਰ ਹੋ ਜਾਂਦੀਆਂ ਹਨ। ਆਲਸ ਅਤੇ ਥਕਾਵਟ ਆਉਂਦਾ ਹੈ। ਸਿਰ ਅਤੇ ਸਰੀਰ ਵਿਚ ਬਰਾਬਰ ਦਰਦ ਹੁੰਦਾ ਰਹਿੰਦਾ ਹੈ। ਮਿਜਾਜ਼ ਵਿਚ ਚਿੜਚਿੜਾਪਨ ਆ ਜਾਂਦਾ ਹੈ। ਅੱਖਾਂ ਧੱਸ ਜਾਂਦੀਆਂ ਹਨ। ਚਿਹਰੇ ਦੀ ਰੌਣਕ ਖ਼ਤਮ ਹੋ ਜਾਂਦੀ ਹੈ। ਘੱਟ ਉਮਰ ਵਿਚ ਬੁੱਢੇ ਹੋ ਕੇ ਮੌਤ ਦੇ ਮੂੰਹ ਵਿਚ ਜਾਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਸਹੀ ਸਮੇਂ ਤੱਕ ਸੌਣ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ। ਚਿਹਰੇ 'ਤੇ ਰੌਣਕ ਅਤੇ ਤਾਜ਼ਗੀ ਤੇ ਮਾਸੂਮੀਅਤ ਬਣੀ ਰਹਿੰਦੀ ਹੈ। ਸਿਹਤਮੰਦ ਰਹਿਣ ਲਈ ਸੱਤ-ਅੱਠ ਘੰਟੇ ਦੀ ਨੀਂਦ ਜ਼ਰੂਰੀ ਹੈ। ਕਮਜ਼ੋਰ ਵਿਅਕਤੀ ਨੂੰ ਇਸ ਤੋਂ ਜ਼ਿਆਦਾ ਸਮੇਂ ਤੱਕ ਸੌਣਾ ਚਾਹੀਦਾ ਹੈ। ਬੁਢਾਪੇ ਲਈ 6 ਘੰਟੇ ਦੀ ਨੀਂਦ ਸਹੀ ਹੈ।
ਨਗਰਾਂ ਅਤੇ ਮਹਾਨਗਰਾਂ ਵਿਚ ਕੁਝ ਲੋਕ ਅੱਧੀ ਰਾਤ ਤੋਂ ਬਾਅਦ ਬਿਸਤਰ 'ਤੇ ਜਾਂਦੇ ਹਨ ਅਤੇ 8-9 ਵਜੇ ਦਿਨ ਤੱਕ ਸੌਂਦੇ ਰਹਿੰਦੇ ਹਨ। ਦੇਰ ਰਾਤ ਤੱਕ ਜਾਗਣ ਅਤੇ ਸਵੇਰੇ ਦੇਰ ਨਾਲ ਉੱਠਣ ਨਾਲ ਅਨੇਕ ਰੋਗ ਪੈਦਾ ਹੁੰਦੇ ਹਨ। ਵਿਧਾਤਾ ਨੇ ਦਿਨ ਕੰਮ ਲਈ ਅਤੇ ਰਾਤ ਸੌਣ ਲਈ ਬਣਾਈ ਹੈ, ਆਰਾਮ ਰਾਤ ਨੂੰ ਹੀ ਕਰਨਾ ਚਾਹੀਦਾ ਹੈ ਨਾ ਕਿ ਦਿਨ ਵਿਚ।
ਅੰਗਰੇਜ਼ੀ ਵਿਚ ਇਕ ਕਹਾਵਤ ਹੈ 'ਅਰਲੀ ਟੂ ਬੈੱਡ, ਅਰਲੀ ਟੂ ਰਾਈਜ਼, ਮੇਕਸ ਏ ਮੈਨ ਹੈਲਦੀ ਵੈਲਦੀ ਐਂਡ ਵਾਈਜ਼' ਭਾਵ ਰਾਤ ਨੂੰ ਛੇਤੀ ਸੌਣ ਵਾਲਾ ਅਤੇ ਸਵੇਰੇ ਛੇਤੀ ਉੱਠਣ ਵਾਲਾ ਵਿਅਕਤੀ ਸਿਹਤਮੰਦ, ਅਮੀਰ ਅਤੇ ਸਿਆਣਾ ਬਣਦਾ ਹੈ। ਇਸ ਦਾ ਭਾਵ ਇਹ ਹੈ ਕਿ ਛੇਤੀ ਸੌਣ ਅਤੇ ਜਾਗਣ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ। ਸਿਹਤਮੰਦ ਹੋਣਾ ਹੀ ਸਭ ਤੋਂ ਵੱਡਾ ਧਨ ਹੈ। ਸਿਹਤਮੰਦ ਸਰੀਰ ਵਿਚ ਹੀ ਸਿਹਤਮੰਦ ਦਿਮਾਗ਼ ਦਾ ਨਿਵਾਸ ਰਹਿੰਦਾ ਹੈ। ਤੰਦਰੁਸਤ ਵਿਅਕਤੀ ਹੀ ਅਮੀਰ ਅਤੇ ਸਿਆਣਾ ਬਣ ਸਕਦਾ ਹੈ, ਰੋਗੀ ਅਤੇ ਕਮਜ਼ੋਰ ਵਿਅਕਤੀ ਨਹੀਂ।
ਜੇਕਰ ਕਿਸੇ ਕਾਰਨ ਨਾਲ ਰਾਤ ਨੂੰ ਜਾਗਣਾ ਪਵੇ ਜਾਂ ਸਹੀ ਸਮੇਂ ਤੱਕ ਨਾ ਸੌਂ ਹੋ ਰਿਹਾ ਹੋਵੇ ਤਾਂ ਦਿਨ ਵਿਚ ਜ਼ਰੂਰ ਸੌਣਾ ਚਾਹੀਦਾ ਹੈ। ਰਾਤ ਨੂੰ ਡਿਊਟੀ ਕਰਨ ਵਾਲੇ ਦਿਨ ਨੂੰ ਹੀ ਰਾਤ ਸਮਝਣ।

ਪਿਛਲੀ ਖ਼ਬਰ ਸਾਵਧਾਨ! ਸਰਦ ਰੁੱਤ ਸ਼ੁਰੂ ਹੈ ਅਗਲੀ ਖ਼ਬਰ 05-12-2025

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।