ਸੰਨ 1740 ਨੂੰ ਜ਼ਾਲਮ ਹੰਕਾਰੀ ਮੱਸਾ ਰੰਘੜ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 'ਤੇ ਕਬਜ਼ਾ ਕਰਕੇ ਅੰਦਰ ਪਲੰਘ ਡਾਹ ਕੇ ਬੈਠ ਗਿਆ ਤੇ ਮਨਮਾਨੀਆਂ ਕਰਨ ਲੱਗਾ। ਇਸ ਗੱਲ ਦਾ ਪਤਾ ਜਦ ਬੀਕਾਨੇਰ ਦੇ ਜੰਗਲਾਂ 'ਚ ਬੈਠੇ ਸਿੰਘਾਂ ਨੂੰ ਲੱਗਾ ਤਾਂ ਮੀਰਾਂਕੋਟ ਪਿੰਡ ਦੇ ਸੂਰਮੇ ਭਾਈ ਮਹਿਤਾਬ ਸਿੰਘ ਭੰਗੂ ਤੇ ਕੰਬੋਕੀ ਮਾੜੀ ਦੇ ਭਾਈ ਸੁੱਖਾ ਸਿੰਘ ਨੇ ਬੀਕਾਨੇਰ ਤੋਂ ਘੋੜਿਆਂ 'ਤੇ ਨੰਬਰਦਾਰਾਂ ਦੇ ਭੇਸ ਵਿਚ ਆ ਕੇ ਜ਼ਾਲਮ ਮੱਸੇ ਰੰਘੜ ਦਾ ਸਿਰ ਵੱਢ ਦਿੱਤਾ ਤੇ ਸਿਰ ਲੈ ਕੇ ਵਾਪਸ ਬੀਕਾਨੇਰ ਪਹੁੰਚ ਗਏ। ਸਿੰਘਾਂ ਦੇ ਇਸ ਬਹਾਦਰੀ ਭਰੇ ਕਾਰਨਾਮੇ ਨੇ ਮੁਗ਼ਲ ਸਲਤਨਤ ਨੂੰ ਹਿਲਾ ਕੇ ਰੱਖ ਦਿੱਤਾ। ਮੱਸੇ ਦੇ ਪਰਿਵਾਰ ਨੇ ਲਾਹੌਰ ਦਰਬਾਰ ਵਿਚ ਜਾ ਕੇ ਮੱਸੇ ਦੀ ਮੌਤ ਦਾ ਬਦਲਾ ਲੈਣ ਦਾ ਵਾਸਤਾ ਪਾਇਆ। ਚੁਗਲਖੋਰ ਹਰਭਗਤ ਨਿਰੰਜਨੀਏ ਜੰਡਿਆਲੇ ਵਾਲੇ ਨੇ ਭਾਈ ਮਹਿਤਾਬ ਸਿੰਘ ਦੇ ਪੁੱਤਰ ਰਾਏ ਸਿੰਘ ਬਾਰੇ ਦੱਸਿਆ, ਜੋ ਪਿੰਡ ਮੀਰਾਂਕੋਟ ਦੇ ਚੌਧਰੀ ਨੱਥੇ ਖਹਿਰੇ ਕੋਲ ਸੀ। ਮੱਸੇ ਦਾ ਪਰਿਵਾਰ ਤੇ ਭਾਈਚਾਰਾ ਲੈ ਕੇ ਨੂਰਦੀਨ ਫ਼ੌਜਦਾਰ ਦੀ ਅਗਵਾਈ 'ਚ ਫ਼ੌਜ ਲੈ ਕੇ ਮੀਰਾਂਕੋਟ ਪਹੁੰਚਿਆ। ਪਿੰਡ ਨੂੰ ਘੇਰਾ ਪਾ ਕੇ ਚੌਧਰੀ ਨੱਥੇ ਖਹਿਰੇ ਨੂੰ ਬੁਲਾਇਆ ਤੇ ਭਾਈ ਮਹਿਤਾਬ ਸਿੰਘ ਦੇ ਪੁੱਤਰ ਨੂੰ ਪੇਸ਼ ਕਰਨ ਲਈ ਹੁਕਮ ਚਾੜ੍ਹ ਦਿੱਤਾ। ਨੱਥੇ ਨੇ ਬਥੇਰੇ ਵਾਸਤੇ ਪਾਏ ਕਿ ਇਸ ਮਾਸੂਮ ਦਾ ਕੀ ਕਸੂਰ, ਪਰ ਜ਼ਾਲਮ ਬਾਜ਼ਿੱਦ ਸਨ ਕਿ ਮਾਸੂਮ ਰਾਏ ਸਿੰਘ ਨੂੰ ਮਾਰ ਕੇ ਮੱਸੇ ਦੀ ਮੌਤ ਦਾ ਬਦਲਾ ਲਿਆ ਜਾਵੇ। ਨੱਥੇ ਚੌਧਰੀ ਨੇ ਮਾਸੂਮ ਬਾਲਕ ਨੂੰ ਜ਼ਾਲਮਾਂ ਹਵਾਲੇ ਨਾ ਕਰਨ ਬਾਰੇ ਸੋਚਿਆ। ਉਨ੍ਹਾਂ ਆਪਣੇ ਪੁੱਤਰ, ਭਣੇਵੇਂ, ਬਰਵਾਲਾ ਸਿੱਖ, ਮਜ਼੍ਹਬੀ ਸਿੱਖ ਤੇ ਰਾਏ ਸਿੰਘ ਨੂੰ ਨਾਲ ਲੈ ਕੇ ਮੁਗ਼ਲ ਫ਼ੌਜ ਦਾ ਟਾਕਰਾ ਕੀਤਾ। ਘਮਸਾਣ ਜੰਗ ਹੋਈ, ਜਿਸ 'ਚ ਨੱਥਾ ਚੌਧਰੀ ਤੇ ਉਸ ਦੇ ਸਾਥੀ ਬਹਾਦਰੀ ਨਾਲ ਲੜਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ। ਜ਼ਾਲਮ ਮਾਸੂਮ ਰਾਏ ਸਿੰਘ ਨੂੰ ਵੀ ਮਰਿਆ ਸਮਝ ਕੇ ਚਲੇ ਗਏ। ਪਰ ਸਾਹ ਰਗ ਬਚਣ ਕਰਕੇ ਮਾਸੂਮ ਦੀ ਜਾਨ ਬਚ ਗਈ, ਜਿਸ ਜਗ੍ਹਾ 'ਤੇ ਇਹ ਜੰਗ ਹੋਈ ਤੇ ਜਿਸ ਮਲ੍ਹੇ ਦੀ ਓਟ 'ਚ ਚੌਧਰੀ ਨੱਥਾ ਖਹਿਰਾ ਤੇ ਸਾਥੀ ਸ਼ਹੀਦ ਹੋਏ, ਉਸ ਜਗ੍ਹਾ 'ਤੇ ਬਹੁਤ ਸੁੰਦਰ ਗੁਰਦੁਆਰਾ ਮਲ੍ਹਾ ਸਾਹਿਬ ਸਥਾਪਤ ਹੈ, ਜਿੱਥੇ ਹਰ ਸਾਲ ਇਲਾਕੇ ਦੀਆਂ ਸੰਗਤਾਂ ਵਲੋਂ 21-22 ਭਾਦਰੋਂ ਨੂੰ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ। ਇਸ ਵਾਰ ਵੀ ਇਹ ਸ਼ਹੀਦੀ ਜੋੜ ਮੇਲਾ 5-6 ਸਤੰਬਰ, 2025 ਨੂੰ ਬਹੁਤ ਹੀ ਸ਼ਰਧਾ-ਭਾਵਨਾ ਨਾਲ ਮਨਾਇਆ ਜਾ ਰਿਹਾ ਹੈ, ਜਿਸ ਵਿਚ ਦੋ ਦਿਨ ਦੇ ਦੀਵਾਨਾਂ 'ਚ ਕੌਮ ਦੇ ਮਹਾਨ ਰਾਗੀ, ਢਾਡੀ ਤੇ ਕਵੀਸ਼ਰ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ। ਮੇਲੇ ਦੇ ਦੂਜੇ ਦਿਨ 6 ਸਤੰਬਰ ਦੀ ਸ਼ਾਮ ਨੂੰ ਪ੍ਰਸਿੱਧ ਕਬੱਡੀ ਟੀਮਾਂ ਦੇ ਮੈਚ ਕਰਵਾਏ ਜਾਣਗੇ।
-ਪ੍ਰਤੀਨਿਧ ਰਾਜਾਸਾਂਸੀ।
ਮੋਬਾ: 9780153353