ਰੁਲੀਆ ਸਿੰਘ ਸਰਾਭਾ ਦਾ ਜਨਮ ਪਿਤਾ ਸ. ਜਗਤ ਸਿੰਘ ਦੇ ਘਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ 19ਵੀਂ ਸਦੀ ਦੇ 9ਵੇਂ ਦਹਾਕੇ 'ਚ ਹੋਇਆ। ਪਿਤਾ ਬਚਪਨ ਵਿਚ ਹੀ ਵਿਛੋੜਾ ਦੇ ਗਏ। ਮਾਤਾ ਜੀ ਨੇ ਬੇਅੰਤ ਮੁਸ਼ਕਿਲਾਂ ਝਲਦਿਆਂ ਰੁਲੀਆ ਸਿੰਘ ਦਾ ਪਾਲਣ ਪੋਸ਼ਣ ਕੀਤਾ ਤੇ ਪੜ੍ਹਾਇਆ। ਬੜੇ ਚਾਵਾਂ ਨਾਲ ਉਨ੍ਹਾਂ ਦਾ ਵਿਆਹ ਕੀਤਾ, ਪਰ ਥੋੜ੍ਹੇ ਮਹੀਨਿਆਂ ਬਾਅਦ ਹੀ ਉਨ੍ਹਾਂ ਦੀ ਪਤਨੀ ਚੱਲ ਵਸੀ। ਬਿਰਧ ਮਾਤਾ ਨੇ ਆਪ ਨੂੰ ਕਮਾਈ ਲਈ ਅਮਰੀਕਾ ਭੇਜ ਦਿੱਤਾ।
ਉਨੀਂ ਦਿਨੀਂ ਅਮਰੀਕਨ ਨਸਲ ਪ੍ਰਸਤਾਂ ਵਲੋਂ ਹਿੰਦੀ ਮਜ਼ਦੂਰਾਂ 'ਤੇ ਕਈ ਹਮਲੇ ਕੀਤੇ ਗਏ। ਇਨ੍ਹਾਂ ਹਾਲਾਤ ਨੇ ਅਣਖੀ ਤੇ ਗ਼ੈਰਤਮੰਦ ਰੁਲੀਆ ਸਿੰਘ ਦੇ ਮਨ 'ਚ ਗੁੱਸਾ ਪ੍ਰਚੰਡ ਕਰ ਦਿੱਤਾ ਤੇ ਆਜ਼ਾਦੀ ਦੀ ਤੜਪ ਤੇ ਤਾਂਘ ਦੀ ਚੰਗਿਆੜੀ ਬਾਲ ਦਿੱਤੀ ਉਹ ਅੰਗਰੇਜ਼ ਸਾਮਰਾਜਵਾਦ ਤੋਂ ਹਿੰਦ ਦੀ ਮੁਕਤੀ ਤੇ ਬਰਾਬਰੀ ਵਾਲੇ ਨਵੇਂ ਦੇਸ਼ ਦੀ ਸਥਾਪਨਾ ਲਈ ਹੋਣ ਵਾਲੀਆਂ ਮੀਟਿੰਗਾਂ 'ਚ ਸਰਗਰਮੀ ਨਾਲ ਹਿੱਸਾ ਲੈਣ ਲੱਗੇ। ਕਰਤਾਰ ਸਿੰਘ ਸਰਾਭਾ ਬਰਕਲੇ ਯੂਨੀਵਰਸਿਟੀ 'ਚ ਕੁਝ ਛੁੱਟੀਆਂ ਹੋਣ ਕਾਰਨ ਰੁਲੀਆ ਸਿੰਘ ਕੋਲ ਆਇਆ ਹੋਇਆ ਸੀ। ਉਹ ਵੀ ਇਕ ਮੀਟਿੰਗ 'ਚ ਨਾਲ ਚਲਾ ਗਿਆ। ਰੁਲੀਆ ਸਿੰਘ ਗ਼ਦਰ ਪਾਰਟੀ ਦੇ ਫ਼ੈਸਲੇ ਅਨੁਸਾਰ ਤੋਸ਼ਾਮਾਰੂ ਜਹਾਜ਼ ਰਾਹੀਂ ਕਲਕੱਤੇ ਪੁੱਜੇ। ਗੋਰੀ ਸਰਕਾਰ ਨੇ ਰੁਲੀਆ ਸਿੰਘ ਸਰਾਭਾ ਤੇ ਅਰਜਨ ਸਿੰਘ ਸਮੇਤ ਸੈਂਕੜੇ ਗ਼ਦਰੀਆਂ ਨੂੰ ਫੜ ਕੇ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਪੁਲਿਸ ਦੀ ਨਿਗਰਾਨੀ 'ਚ ਪੰਜਾਬ ਲਈ ਰਵਾਨਾ ਕਰ ਦਿੱਤਾ। ਰੇਲ ਗੱਡੀ ਰਾਏਵਿੰਡ ਜੰਕਸ਼ਨ 'ਤੇ ਹੌਲੀ ਹੋਈ ਤੇ ਇਕ ਖ਼ੁਫ਼ੀਆ ਅਫਸਰ ਨਜ਼ਰਬੰਦੀ ਵਾਰੰਟ ਲੈ ਕੇ ਆਇਆ ਤਾਂ ਰੁਲੀਆ ਸਿੰਘ ਫੁਰਤੀ ਨਾਲ ਹੌਲੀ ਹੋਈ ਗੱਡੀ 'ਚੋਂ ਛਾਲ ਮਾਰ ਕੇ ਫ਼ਰਾਰ ਹੋ ਗਿਆ ਤੇ ਸਿੱਧਾ ਪੰਜਾਬ ਆ ਗਿਆ।
ਰੁਲੀਆ ਸਿੰਘ, ਕਰਤਾਰ ਸਿੰਘ ਨੂੰ ਢੁੱਡੀਕੇ ਦੀ ਇਤਿਹਾਸਕ ਮੀਟਿੰਗ 'ਚ ਮਿਲਿਆ। ਫ਼ੌਜੀ ਛਾਉਣੀਆਂ ਵਿਚ ਜਾ ਕੇ ਫ਼ੌਜੀਆਂ ਨੂੰ ਗ਼ਦਰ ਲਈ ਤਿਆਰ ਕਰਨ 'ਚ ਉਹ ਮੋਹਰੀ ਰੋਲ ਨਿਭਾਉਂਦੇ ਸਨ। ਇਕ ਵਾਰ ਬਿਮਾਰ ਹੋਣ ਕਰਕੇ ਰੁਲੀਆ ਸਿੰਘ ਪਿੰਡ ਸਿੱਧਵਾਂ ਵਿਖੇ ਜੀਵਾ ਸਿੰਘ ਦੇ ਘਰ ਠਹਿਰੇ ਹੋਏ ਸਨ। ਸੀ.ਆਈ.ਡੀ. ਵਾਲੇ ਇਕ ਬਦਨਾਮ ਟਾਊਟ ਨੂੰ ਲੈ ਕੇ ਜੀਵਾ ਸਿੰਘ ਦੇ ਘਰੇ ਮੱਝਾਂ ਦੇ ਵਪਾਰੀ ਬਣ ਕੇ ਪੁੱਜੇ। ਸ਼ੱਕ ਪੈਣ 'ਤੇ ਜੀਵਾ ਸਿੰਘ ਨੇ ਰੁਲੀਆ ਸਿੰਘ ਨੂੰ ਕਿਹਾ ਕਿ ਉਹ ਪਿਛਲੀ ਪੌੜੀ ਚੜ੍ਹ ਕੇ ਨਿਕਲ ਜਾਵੇ। ਰੁਲੀਆ ਸਿੰਘ ਨੇ ਸੋਚਿਆ ਕਿ ਮੇਰੇ ਭੱਜਣ ਪਿੱਛੋਂ ਜੀਵਾ ਸਿੰਘ ਫੜਿਆ ਜਾਵੇਗਾ (ਜੋ ਸਰਾਭੇ ਪਿੰਡ ਜਵਾਈ ਹੈ)। ਸੋ ਉਨ੍ਹਾਂ ਨੇ ਖ਼ੁਦ ਨੂੰ ਫੜਾਉਣ ਦਾ ਫ਼ੈਸਲਾ ਕੀਤਾ ਤੇ ਏਨੇ ਨੂੰ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਲਾਹੌਰ ਵਿਖੇ 'ਪਹਿਲਾ ਲਾਹੌਰ ਸਾਜਿਸ਼ ਕੇਸ' ਚਲਾ ਕੇ ਰੁਲੀਆ ਸਿੰਘ ਸਮੇਤ 24 ਗ਼ਦਰੀਆਂ ਨੂੰ ਫ਼ਾਂਸੀ ਦੀ ਸਜ਼ਾ ਹੋਈ, ਜਿਸ 'ਚੋਂ ਰੁਲੀਆ ਸਿੰਘ ਸਮੇਤ 17 ਦੀ ਸਜ਼ਾ ਵਾਇਸਰਾਏ ਨੇ ਬਦਲ ਕੇ ਕਾਲੇ ਪਾਣੀ ਦੀ ਉਮਰ ਕੈਦ ਵਿਚ ਬਦਲ ਦਿੱਤੀ। ਉਹ ਅੰਡੇਮਾਨ/ਨਿਕੋਬਾਰ ਦੇ ਕਾਲੇ ਪਾਣੀਆਂ 'ਚ ਅੰਗਰੇਜ਼ ਹਕੂਮਤ ਦੇ ਵਹਿਸ਼ੀਆਨਾ ਜਬਰ ਖ਼ਿਲਾਫ਼ ਹਰ ਭੁੱਖ ਹੜਤਾਲ 'ਚ ਡਟ ਕੇ ਹਿੱਸਾ ਲੈਂਦੇ ਰਹੇ। ਅਖੀਰ ਗੋਰੀ ਸਰਕਾਰ ਦੇ ਅਸਹਿ ਤੇ ਅਕਹਿ ਤਸੀਹੇ ਝਲਦੇ ਹੋਏ ਉਹ 1 ਸਤੰਬਰ, 1918 ਨੂੰ ਅੰਡੇਮਾਨ ਦੀ ਸੈਲੂਲਰ ਜੇਲ੍ਹ 'ਚ ਸ਼ਹੀਦੀ ਪਾ ਗਏ।
-ਮੋਬਾ: 96464-02470