ਲੁਟੇਰੀਆਂ ਜਮਾਤਾਂ ਆਪਣੇ ਨਾਂਅ ਬਦਲ ਕੇ ਆਉਂਦੀਆਂ ਰਹਿੰਦੀਆਂ ਹਨ ਪਰ ਕੁਦਰਤੀ ਵਰਤਾਰੇ ਦੇ ਆਸ਼ਕ ਕਦੀ ਸਮਝੌਤਾ ਨਹੀਂ ਕਰਦੇ। ਆਪਣੇ ਪੁਰਖਿਆਂ ਦੀ ਅਮੀਰ ਵਿਰਾਸਤ ਦਾ ਮਾਣ ਬਣਨ ਲਈ ਗ਼ਦਰੀ ਬਾਬਿਆਂ ਦੇ ਰੂਪ 'ਚ ਇਹ ਆਸ਼ਕ ਸ਼ਹੀਦੀਆਂ ਦੇ ਗਾਨੇ ਬੰਨ੍ਹਦੇ ਰਹੇ ਹਨ। ਗੁਰਦੁਆਰਾ ਸੁਧਾਰ ਲਹਿਰ ਦੇ ਰੂਪ ਵਿਚ ਨਨਕਾਣਾ ਸਾਹਿਬ ਜਿਹੇ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਸਾਕੇ ਮਨੁੱਖੀ ਹਿਰਦਿਆਂ ਨੂੰ ਝੰਜੋੜ ਦਿੰਦੇ ਹਨ। ਜਲ੍ਹਿਆਂਵਾਲਾ ਬਾਗ ਇਨ੍ਹਾਂ ਨੂੰ ਵੰਗਾਰ ਪਾਉਂਦਾ ਹੈ। ਬੱਬਰ ਅਕਾਲੀ ਪਹਿਲਾਂ-ਪਹਿਲ ਦੋ ਵੱਖ-ਵੱਖ ਜਥਿਆਂ 'ਚ ਵਿਚਰਦੇ ਹਨ। ਕੁਝ ਯੋਧੇ ਕਿਸ਼ਨ ਸਿੰਘ ਗੜਗੱਜ ਦੇ ਚੱਕਰਵਰਤੀ ਜਥੇ ਦਾ ਹਿੱਸਾ ਬਣ ਕੇ ਵਿਚਰ ਰਹੇ ਸਨ ਤੇ ਕੁਝ ਕੈਨੇਡਾ ਦੇ ਸੁੱਖ-ਆਰਾਮ ਨੂੰ ਲੱਤ ਮਾਰ ਗ਼ਦਰੀ ਬਾਬਿਆਂ ਦੀ ਸੰਗਤ 'ਚ ਪ੍ਰਵਾਨ ਚੜ੍ਹਦੇ ਰਹੇ ਸਨ। ਨੌਜਵਾਨ ਕਰਮ ਸਿੰਘ ਬੱਬਰ ਵਲੋਂ ਦੁਆਬੇ ਦੀ ਧਰਤੀ ਦੇ ਪਿੰਡ ਦੌਲਤਪੁਰ ਤੋਂ 'ਬੱਬਰ ਅਕਾਲੀ ਦੁਆਬਾ' ਅਖ਼ਬਾਰ ਕੱਢ ਕੇ ਲੋਕ ਚੇਤਨਾ ਪ੍ਰਚੰਡ ਕਰਨ ਦਾ ਪ੍ਰਵਾਹ ਚਲਾਇਆ ਜਾ ਰਿਹਾ ਸੀ। ਇਸ ਪਰਚੇ ਦੇ ਨਾਂਅ ਕਰਕੇ ਹੀ ਲਹਿਰ ਦਾ ਨਾਂਅ 'ਬੱਬਰ ਅਕਾਲੀ ਲਹਿਰ' ਹੋ ਨਿਬੜਿਆ। ਬੱਬਰ ਕਰਮ ਸਿੰਘ ਦੇ ਰੂਪ 'ਚ ਲਟ-ਲਟ ਬਲਦੀ ਦੇਸ਼ ਭਗਤੀ ਦੀ ਇਸ ਸ਼ਮਾ ਦੁਆਲੇ ਮਰ ਮਿਟਣ ਵਾਲੇ ਹੋਰ ਪਰਵਾਨੇ ਵੀ ਜੁੜਦੇ ਗਏ। ਆਸਾ ਸਿੰਘ ਭਕੜੁਦੀ (ਕਿਸ਼ਨਪੁਰਾ), ਬਿਸ਼ਨ ਸਿੰਘ ਮਾਂਗਟ, ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ, ਉਦੈ ਸਿੰਘ ਰਾਮਗੜ੍ਹ ਝੁੱਗੀਆਂ, ਕਰਮ ਸਿੰਘ ਮਾਣਕੋ, ਸੰਤ ਸਿੰਘ ਛੋਟੀ ਹਰਿਓਂ (ਲੁਧਿਆਣਾ) ਦਲੀਪ ਸਿੰਘ ਧਾਮੀਆਂ, ਧਰਮ ਸਿੰਘ ਹਿਆਤਪੁਰ ਰੁੜਕੀ (ਹੁਸ਼ਿਆਰਪੁਰ) ਧੰਨਾ ਸਿੰਘ ਬਹਿਲਪੁਰ, ਵਰਿਆਮ ਸਿੰਘ ਧੁੱਗਾ, ਰਤਨ ਸਿੰਘ ਰੱਕੜਾਂ ਬੇਟ ਅਤੇ ਉਜਾਗਰ ਸਿੰਘ ਪਨਿਆਲੀ ਦੇ ਰੂਪ 'ਚ ਪੂਰੀ ਸੰਸਥਾ/ਫ਼ੌਜੀ ਟੁਕੜੀ ਬਣ ਜੁੜਦੇ ਗਏ।
ਚੀਫ਼ ਖ਼ਾਲਸਾ ਦੀਵਾਨ ਦੀ ਹੁਸ਼ਿਆਰਪੁਰ ਵਿੱਦਿਅਕ ਕਾਨਫਰੰਸ 'ਚ ਲਿਆ ਸਖ਼ਤ ਰੁਖ਼ ਹੀ ਸੀ, ਜੋ ਮਈ 1922 (ਕੁਝ ਇਤਿਹਾਸਕਾਰਾਂ ਅਨੁਸਾਰ ਮਾਰਚ 1923) ਪਿੰਡ ਕੌਲਗੜ੍ਹ (ਬਲਾਚੌਰ) (ਬੱਬਰ ਕਰਮ ਸਿੰਘ ਦਾ ਨਾਨਕਾ ਪਿੰਡ) ਦੀ ਜੂਹ 'ਚ ਪੈਂਦੇ ਇਕ ਬਾਗ ਵਿਚ ਹੋਈ ਬੱਬਰਾਂ ਦੀ ਬੈਠਕ ਨੂੰ ਗੋਰੀ ਹਕੂਮਤ ਦੇ ਝੋਲੀ ਚੁੱਕਾਂ ਨੂੰ ਸੋਧਣ ਦਾ ਫ਼ੈਸਲਾ ਕਰਨ ਲਈ ਮਜਬੂਰ ਕਰ ਦਿੰਦਾ ਹੈ। ਕੌਲਗੜ੍ਹ ਦੀ ਇਕ ਇਤਿਹਾਸਕ ਬੈਠਕ ਵਿਚ ਹੀ ਤਿੰਨ ਨੌਜਵਾਨਾਂ ਨੇ ਉੱਭਰ ਕੇ ਸਾਹਮਣੇ ਆਉਂਦਿਆਂ ਹਰ ਘਟਨਾਕ੍ਰਮ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣ ਦਾ ਫ਼ੈਸਲਾ ਕਰ ਲਿਆ। ਇਹ ਤਿੰਨ ਨੌਜਵਾਨ ਸਨ ਬੱਬਰ ਕਰਮ ਸਿੰਘ ਦੌਲਤਪੁਰ, ਉਦੈ ਸਿੰਘ ਰਾਮਗੜ੍ਹ ਝੁੰਗੀਆਂ ਅਤੇ ਧੰਨਾ ਸਿੰਘ ਬਹਿਲਪੁਰ। ਲੋਕ ਹਿਤਾਂ ਨੂੰ ਪ੍ਰਣਾਈ ਇਸ ਲਹਿਰ ਨੂੰ ਅੱਗੇ ਵਧਾਉਣ ਲਈ ਹੀ ਇਨ੍ਹਾਂ ਯੋਧਿਆਂ ਨੇ ਲੋਕਾਂ ਦਾ ਖੂਨ ਪੀਣੀਆਂ ਜੋਕਾਂ ਦੇ ਪੇਟਾਂ 'ਚੋਂ ਕੁਝ ਹਿੱਸਾ ਜ਼ਬਰਦਸਤੀ ਆਪਣੇ ਲੋਕਾਂ ਦੀ ਖਾਤਰ ਕੱਢਣਾ ਸ਼ੁਰੂ ਕਰ ਦਿੱਤਾ। ਇਹ ਉਹੀ ਸਮਾਂ ਸੀ ਜਦੋਂ ਗੋਰੀ ਹਕੂਮਤ ਦੀ ਦੁਆਬੇ ਦੀ ਧਰਤੀ ਤੋਂ ਜੁੱਲੀ ਤਪੜੀ ਸਮੇਟ ਹੀ ਦਿੱਤੀ ਗਈ ਸਮਝੀ ਜਾਣ ਲੱਗ ਪਈ ਸੀ। ਦੁਆਬ ਬਿਸਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲਿਆਂ, ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਿਸਾਂ ਅਧੀਨ ਹੋਇਆ ਜਾਪਣ ਲੱਗਾ ਸੀ।
1923 ਦੇ ਸ਼ੁਰੂ 'ਚ ਗੋਰੀ ਹਕੂਮਤ ਜਿਹੜੀ ਗ਼ਦਰੀ ਬਾਬਿਆਂ ਦੀਆਂ ਮਾਰੀਆਂ ਸੱਟਾਂ ਨੂੰ ਹਾਲੇ ਭੁੱਲੀ ਨਹੀਂ ਸੀ, ਨੇ ਇਨ੍ਹਾਂ ਬੱਬਰਾਂ ਯੋਧਿਆਂ ਨੂੰ ਸੰਭਾਲਣ ਲਈ ਪੁਲਿਸ ਤੋਂ ਇਲਾਵਾ 200 ਘੋੜ ਸਵਾਰ ਅਤੇ 250 ਪੈਦਲ ਫ਼ੌਜੀਆਂ ਦਾ ਪ੍ਰਬੰਧ ਇਕੱਲੇ ਜ਼ਿਲ੍ਹਾ ਜਲੰਧਰ ਲਈ ਕਰ ਰੱਖਿਆ ਸੀ। ਦਰਜਣਾਂ ਲੋਕ ਦੋਖੀਆਂ ਨੂੰ ਸੋਧਣਾ, ਸਜ਼ਾਵਾਂ ਦੇਣੀਆਂ ਬੱਬਰ ਯੋਧਿਆਂ ਦਾ ਮਾਣ ਮੱਤਾ ਇਤਿਹਾਸ ਬਣਦਾ ਜਾ ਰਿਹਾ ਸੀ। ਪਹਿਲੀ ਸਤੰਬਰ 1923 ਨੂੰ ਬੱਬਰ ਕਰਮ ਸਿੰਘ ਦੌਲਤਪੁਰ, ਬੱਬਰ ਉਦੈ ਸਿੰਘ ਰਾਮਗੜ੍ਹ ਝੁੱਗੀਆਂ, ਬੱਬਰ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ, ਬੱਬਰ ਬਿਸ਼ਨ ਸਿੰਘ ਮਾਂਗਟ ਦਾ ਜਥਾ ਪਿੰਡ ਬੰਬੇਲੀ 'ਚ ਆਪਣੇ ਇਕ ਹਮਦਰਦ ਦੇ ਘਰ ਇਕ ਮੁਖ਼ਬਰ ਦੀ ਇਤਲਾਹ 'ਤੇ ਘਿਰ ਗਿਆ। ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਇਹ ਬੱਬਰ ਚੌਕੜੀ ਪੁਲਿਸ ਦਾ ਘੇਰਾ ਤੋੜ ਕੇ ਭਾਰੀ ਮੀਂਹ ਕਾਰਨ ਭਰ ਵਗਦੀ ਵੇਈਂ ਦੇ ਕਿਨਾਰੇ ਬਣੇ ਇਤਿਹਾਸਕ ਗੁਰਦੁਆਰਾ ਚੌਂਤਾ ਸਾਹਿਬ ਵੱਲ ਨੂੰ ਵਧਣ ਲੱਗੇ। ਪਰ ਸੈਂਕੜੇ ਪੁਲਸੀਆਂ ਨੇ ਉਨ੍ਹਾਂ ਨੂੰ ਅੱਜ ਦੇ ਦਿਨ ਵੇਈਂ ਕਿਨਾਰੇ ਇਕ-ਇਕ ਕਰਕੇ ਸ਼ਹੀਦ ਕਰ ਦਿੱਤਾ। 27 ਫਰਵਰੀ 1926 ਹੋਲੀ ਵਾਲੇ ਦਿਨ ਲਹਿਰ ਦੇ ਬਾਨੀ ਕਿਸ਼ਨ ਸਿੰਘ ਗੜਗੱਜ (ਵੜਿੰਗ) ਕਰਮ ਸਿੰਘ ਮਾਣੋਕੇ, ਨੰਦ ਸਿੰਘ ਘੜਿਆਲ, ਬਾਬੂ ਸੰਤਾ ਸਿੰਘ ਛੋਟੀ ਹਰਿਓਂ (ਲੁਧਿਆਣਾ) ਦਲੀਪ ਸਿੰਘ ਧਾਮੀਆਂ ਕਲਾਂ ਅਤੇ ਧਰਮ ਸਿੰਘ ਹਿਆਤਪੁਰ (ਰੁੜਕੀ) ਨੇੜੇ ਬਲਾਚੌਰ ਨੂੰ ਲਾਹੌਰ ਜੇਲ੍ਹ 'ਚ ਫ਼ਾਂਸੀ ਦੇ ਦਿੱਤੀ ਗਈ।
ਬੱਬਰਾਂ ਦੀ ਮਾਣਮੱਤੀ ਇਸ ਵਿਰਾਸਤ ਨੂੰ ਸੰਭਾਲਣ ਲਈ ਬੱਬਰ ਕਰਮ ਸਿੰਘ ਦੌਲਤਪੁਰ ਦੇ ਵਾਰਿਸਾਂ ਵਲੋਂ ਕਮਾਂਡਰ ਬਚਨ ਸਿੰਘ ਥਾਂਦੀ ਦੀ ਅਗਵਾਈ 'ਚ ਪਿੰਡ ਵਿਚ ਉਨ੍ਹਾਂ ਦੇ ਨਾਂਅ 'ਤੇ ਟਰੱਸਟ ਬਣਾ ਕੇ ਇਸ ਜੋਤ ਨੂੰ ਜਗਦੀ ਰੱਖਣ ਦੇ ਸਾਰਥਕ ਯਤਨ ਕੀਤੇ ਗਏ ਹਨ। ਬੱਬਰਾਂ ਦੀ ਯਾਦ 'ਚ ਵੱਡਾ ਯਾਦਗਾਰੀ ਹਾਲ, ਬੱਬਰਾਂ ਦੀ ਸ਼ਹੀਦੀ ਲਾਟ, ਬੱਬਰ ਦੇ ਨਾਂਅ 'ਤੇ ਦੋ ਮੰਜ਼ਿਲਾਂ ਸੀਨ.ਸੈਕੰ. ਸਕੂਲ ਦੀ ਸ਼ਾਨਦਾਰ ਇਮਾਰਤ ਉਸਾਰੀ ਗਈ ਹੈ। ਸਕੂਲ ਵਿਚ ਜਿਹੜਾ ਵੀ ਕਮਰਾ ਸ਼ਹੀਦਾਂ ਦੇ ਨਾਂਅ 'ਤੇ ਹੈ, ਉਸ ਵਿਚ ਉਸ ਸ਼ਹੀਦ ਦੀ ਜੀਵਨੀ ਵੀ ਲਿਖ ਕੇ ਲਗਾਈ ਗਈ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਹਿਲੀ ਸਤੰਬਰ ਨੂੰ ਬੰਬੇਲੀ ਦੇ ਸ਼ਹੀਦ ਬੱਬਰਾਂ ਦੀ ਯਾਦ 'ਚ ਇੱਥੇ ਭਾਰੀ ਇਕੱਠ ਹੁੰਦਾ ਹੈ ਅਤੇ ਯਾਦਗਾਰੀ ਮੇਲਾ ਭਰਦਾ ਹੈ।
-ਉਪ ਦਫ਼ਤਰ, ਰੋਜ਼ਾਨਾ 'ਅਜੀਤ' ਨਵਾਂਸ਼ਹਿਰ।
ਮੋਬਾ: 9814922559