27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਗੁਰਦੁਆਰਾ ਛੇਵੀਂ ਪਾਤਿਸ਼ਾਹੀ ਸ੍ਰੀਨਗਰ

ਅਜੀਤ ਡੈਸਕ 01-09-2025

ਜਦ ਵੀ ਵਿਦੇਸ਼ ਵਿਚ ਜਾਂ ਦੇਸ਼ ਦੇ ਕਿਸੇ ਹੋਰ ਪ੍ਰਾਂਤ ਵਿਚ ਜਾਓ ਤਾਂ ਹਮੇਸ਼ਾ ਮਨ ਵਿਚ ਉੱਥੋਂ ਦਾ ਧਾਰਮਿਕ ਇਤਿਹਾਸ ਜਾਣਨ ਦੀ ਤਾਂਘ ਜ਼ਰੂਰ ਬਣੀ ਰਹਿੰਦੀ ਹੈ ਤੇ ਜੇ ਇਹ ਇਤਿਹਾਸ ਸਿੱਖ ਇਤਿਹਾਸ ਜਾਂ ਗੁਰੂ ਸਾਹਿਬਾਨ ਦੀ ਯਾਤਰਾ ਨਾਲ ਜੁੜਿਆ ਹੋਵੇ ਤਾਂ ਉਸ ਧਾਰਮਿਕ ਸਥਾਨ 'ਤੇ ਬਿਨਾਂ ਨਤਮਸਤਕ ਹੋਏ ਉਹ ਇਲਾਕਾ ਛੱਡਣ ਨੂੰ ਮਨ ਨਹੀਂ ਕਰਦਾ।
ਗੁਰੂ ਹਰਿਗੋਬਿੰਦ ਸਾਹਿਬ ਜੀ, ਸਿੱਖਾਂ ਦੇ ਛੇਵੇਂ ਗੁਰੂ ਆਪਣੀਆਂ ਯਾਤਰਾਵਾਂ ਵੇਲੇ ਸਿੱਖ ਧਰਮ ਦੇ ਉਪਦੇਸ਼, ਸਿੱਖਿਆਵਾਂ ਦਾ ਹਰ ਪਾਸੇ ਪ੍ਰਚਾਰ-ਪ੍ਰਸਾਰ ਕਰਦੇ ਸਨ, ਕਸ਼ਮੀਰ ਵਿਚ ਗੁਰੂ ਜੀ ਦਾ ਦੌਰਾ ਸਿੱਖ ਇਤਿਹਾਸ ਵਿਚ ਇਕ ਬਦਲਾਅ ਦੀ ਲਹਿਰ ਵਜੋਂ ਉੱਭਰਿਆ ਸੀ।
ਗੁਰਦੁਆਰਾ ਛੇਵੀਂ ਪਾਤਿਸ਼ਾਹੀ ਜੋ ਕਿ ਕਸ਼ਮੀਰ ਦੇ ਸਭ ਤੋਂ ਮਹੱਤਵਪੂਰਨ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਚੋਂ ਇਕ ਹੈ। ਹਰੀ ਪਰਬਤ ਕਿਲ੍ਹੇ 'ਤੇ ਹੈ, ਜੋ ਕਿ ਸ੍ਰੀਨਗਰ ਦੇ ਰੇਣਾਵਾਰੀ (Ra}nawar}) ਇਲਾਕੇ ਵਿਚ ਸਥਿਤ ਹੈ। ਇਸ ਅਸਥਾਨ ਨੂੰ ਛੇਵੇਂ ਗੁਰੂ ਜੀ ਦੇ ਨਾਂਅ ਨਾਲ ਇਸ ਲਈ ਜਾਣਿਆ ਜਾਂਦਾ ਹੈ ਕਿਉਂਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 1620 ਈਸਵੀ ਵਿਚ ਇੱਥੇ ਆਏ ਸਨ। ਸ੍ਰੀਨਗਰ ਦੀਆਂ ਹੁਸੀਨ ਵਾਦੀਆਂ ਵਿਚ, ਸੁਹਾਵਣੇ ਮੌਸਮ ਵਿਚ ਦੂਰੋਂ ਗੁਰਦੁਆਰਾ ਸਾਹਿਬ ਦੇ ਗੁੰਬਦ ਦੀ ਝਲਕ ਪਾ ਕੇ ਮਨ ਨੂੰ ਜੋ ਸਕੂਨ ਮਿਲਦਾ ਹੈ, ਉਸ ਦਾ ਵਰਣਨ ਸ਼ਬਦਾਂ ਵਿਚ ਨਹੀਂ ਕੀਤਾ ਜਾ ਸਕਦਾ।
ਇਸ ਅਸਥਾਨ 'ਤੇ ਮਾਤਾ ਭਾਗਭਰੀ ਜੀ ਆਪਣੇ ਸਪੁੱਤਰ ਭਾਈ ਸੇਵਾ ਦਾਸ ਜੀ ਨਾਲ ਸਮੇਤ ਪਰਿਵਾਰ ਰਹਿੰਦੇ ਸਨ। ਭਾਈ ਸੇਵਾ ਦਾਸ ਜੀ ਕਾਸ਼ੀ, ਬਨਾਰਸ, ਹਰਿਦੁਆਰ ਵਰਗੇ ਸਿੱਖਿਆ ਕੇਂਦਰਾਂ ਤੋਂ ਬਾਅਦ ਜਦ ਅੰਮ੍ਰਿਤਸਰ ਆਏ ਤੇ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮਿਲੇ ਤਾਂ ਗੁਰੂ ਜੀ ਨੂੰ ਉਨ੍ਹਾਂ ਵਿਚ ਇਕ ਸੱਚਾ ਸੇਵਕ ਦਿਖਿਆ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਕਸ਼ਮੀਰ ਦਾ ਮੰਜੀਦਾਰ ਬਣਾਇਆ ਤੇ ਸਿੱਖੀ ਤੇ ਗੁਰੂ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਸੌਂਪੀ, ਜੋ ਕਿ ਭਾਈ ਜੀ ਨੇ ਬਾਖ਼ੂਬੀ ਨਿਭਾਈ ਤੇ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਬੇਟੇ ਮੋਤੀ ਰਾਮ ਤੇ ਦਯਾ ਰਾਮ ਨੇ ਇਹ ਪਰੰਪਰਾ ਅੱਗੇ ਤੋਰੀ।
ਭਾਈ ਸੇਵਾ ਦਾਸ ਜੀ ਇਕ ਵਿਦਵਾਨ ਪੰਡਿਤ ਸਨ ਅਤੇ ਗੋਇੰਦਵਾਲ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਮਿਲੇ ਸਨ। ਉਹ ਗੁਰੂ ਜੀ ਦੀਆਂ ਸਾਖੀਆਂ ਆਪਣੀ ਮਾਤਾ ਭਾਗਭਰੀ ਜੀ ਨੂੰ ਸੁਣਾਉਂਦੇ ਰਹਿੰਦੇ ਸਨ। ਮਾਤਾ ਭਾਗਭਰੀ ਜੀ ਗੁਰੂ ਜੀ ਤੋਂ ਬਹੁਤ ਪ੍ਰਭਾਵਿਤ ਸਨ ਤੇ ਗੁਰੂ ਜੀ ਦੇ ਦਰਸ਼ਨਾਂ ਲਈ ਬਹੁਤ ਉਤਾਵਲੇ ਸਨ।
ਪੁੱਤਰ ਭਾਈ ਸੇਵਾ ਦਾਸ ਜੀ ਨੇ ਪ੍ਰੇਰਨਾ ਕੀਤੀ ਕਿ ਗੁਰੂ ਜੀ ਪ੍ਰੇਮੀਆਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਦੇ ਹਨ ਤੇ ਆਪ ਚੱਲ ਕੇ ਘਰ ਆ ਕੇ ਦਰਸ਼ਨ ਦਿੰਦੇ ਹਨ, ਤੁਸੀਂ ਪ੍ਰੇਮ ਸਹਿਤ ਅਰਦਾਸ ਬੇਨਤੀ ਕਰੋ। ਮਾਤਾ ਜੀ ਦਰਸ਼ਨਾਂ ਦੀ ਅਰਦਾਸ ਕਰਕੇ ਹਰ ਸਮੇਂ ਗੁਰੂ ਜੀ ਨੂੰ ਯਾਦ ਕਰਦੇ ਰਹਿੰਦੇ ਤੇ ਘਰ ਆਉਣ 'ਤੇ ਭੇਂਟ ਕਰਨ ਲਈ ਗੁਰੂ ਜੀ ਵਾਸਤੇ ਇਕ ਚੋਲਾ ਤਿਆਰ ਕਰਨ ਲੱਗੇ। ਮਾਤਾ ਜੀ ਦੀਆਂ ਅੱਖਾਂ ਦੀ ਰੌਸ਼ਨੀ ਭਾਵੇਂ ਨਾਂਹ ਦੇ ਬਰਾਬਰ ਸੀ ਪਰ ਪਿਛਲੀ ਉਮਰ ਦੇ ਤਜਰਬੇ ਤੇ ਪ੍ਰੇਮ ਦੀ ਮਸਤੀ ਸਦਕਾ ਗੁਰੂ ਜੀ ਨੂੰ ਭੇਟ ਕਰਨ ਲਈ ਚੋਲਾ ਤਿਆਰ ਕਰ ਲਿਆ। ਦਿਨ-ਰਾਤ ਦੀਆਂ ਅਰਦਾਸਾਂ ਨੇ ਐਸੀ ਖਿੱਚ ਪਾਈ ਕਿ ਅਪ੍ਰੈਲ 1616 ਈ. ਨੂੰ ਗੁਰੂ ਜੀ ਆਪ ਅੰਮ੍ਰਿਤਸਰ ਤੋਂ ਔਖੀਆਂ ਘਾਟੀਆਂ ਪਾਰ ਕਰਕੇ ਮਾਤਾ ਜੀ ਦਾ ਪ੍ਰੇਮ ਪੂਰਾ ਕਰਨ ਲਈ ਇਸ ਅਸਥਾਨ 'ਤੇ ਆਏ ਤੇ ਕੁਝ ਸਮਾਂ ਠਹਿਰੇ।
ਗੁਰੂ ਜੀ ਦੇ ਆਉਣ 'ਤੇ ਮਾਤਾ ਜੀ ਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ। ਮਾਤਾ ਜੀ ਨੇ ਚੋਲਾ ਭੇਂਟ ਕੀਤਾ ਤੇ ਗੁਰੂ ਜੀ ਨੇ ਪ੍ਰੇਮ ਸਹਿਤ ਪਹਿਨਿਆ। ਗੁਰੂ ਜੀ ਨੇ ਮਾਤਾ ਜੀ ਦਾ ਸੀਸ ਆਪਣੀ ਝੋਲੀ ਵਿਚ ਰੱਖਿਆ ਤੇ ਕੁਝ ਮੰਗਣ ਲਈ ਕਿਹਾ। ਮਾਤਾ ਜੀ ਨੇ ਕਿਹਾ ਕਿ ਆਪ ਦੇ ਦਰਸ਼ਨਾਂ ਤੋਂ ਬਾਅਦ ਹੁਣ ਹੋਰ ਕੁਝ ਨਹੀਂ ਦੇਖਣਾ ਚਾਹੁੰਦੀ ਅਤੇ ਆਪਣੇ ਚਰਨਾਂ ਵਿਚ ਰੱਖੋ ਤੇ ਮੁਕਤ ਕਰੋ। ਗੁਰੂ ਜੀ ਦੀ ਝੋਲੀ ਵਿਚ ਹੀ ਮਾਤਾ ਜੀ ਸਰੀਰਕ ਚੋਲਾ ਤਿਆਗ ਗਏ, ਇੱਥੇ ਮੌਜੂਦ ਪਵਿੱਤਰ ਖੂਹ ਦੇ ਨੇੜੇ ਹੀ ਗੁਰੂ ਜੀ ਨੇ ਆਪਣੇ ਹੱਥੀਂ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ। ਪਵਿੱਤਰ ਖੂਹ ਅਤੇ ਮਾਤਾ ਜੀ ਦੀ ਸਮਾਧੀ ਦੋਵੇਂ ਅਸਥਾਨ ਗੁਰਦੁਆਰਾ ਸਾਹਿਬ 'ਚ ਸੁਸ਼ੋਭਿਤ ਹਨ।
ਇਤਿਹਾਸਕਾਰ ਲਿਖਦੇ ਹਨ ਕਿ ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਬਾਰਾਮੂਲਾ, ਸ਼ਾਦੀ ਮਰਗ, ਕਲਮਪੁਰਾ, ਉੜੀ ਅਤੇ ਮੁਜ਼ੱਫਰਾਬਾਦ ਵੀ ਠਹਿਰੇ ਸਨ। ਉਨ੍ਹਾਂ ਥਾਵਾਂ 'ਤੇ ਵੀ ਗੁਰੂ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਬਣੇ ਹੋਏ ਹਨ। ਭਾਈ ਸੇਵਾ ਦਾਸ ਦੇ ਪਰਿਵਾਰ ਨੇ ਅੱਠ ਪੀੜ੍ਹੀਆਂ ਤੱਕ ਇਸ ਗੁਰਦੁਆਰਾ ਸਾਹਿਬ ਦੀ ਸੇਵਾ-ਸੰਭਾਲ ਕੀਤੀ। ਅੱਠਵੀਂ ਪੀੜ੍ਹੀ ਵਿਚ ਮਹੰਤ ਭਾਈ ਜਗਦੀਸ਼ ਸਿੰਘ ਜੀ ਨੇ ਇਸ ਸੇਵਾ ਨੂੰ ਬੜੀ ਸ਼ਰਧਾ ਨਾਲ ਨਿਭਾਇਆ।
ਗੁਰਦੁਆਰਾ ਸਾਹਿਬ ਦੀ ਉਸਾਰੀ
ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਲੋਕ ਦੂਰੋਂ-ਦੂਰੋਂ ਆਉਂਦੇ ਹਨ। ਬਹੁਤ ਹੀ ਸ਼ਾਂਤ ਮਾਹੌਲ ਅਤੇ ਇਸ ਦੇ ਅਮੀਰ ਇਤਿਹਾਸ ਨੇ ਇਸ ਗੁਰਦੁਆਰਾ ਸਾਹਿਬ ਨੂੰ ਇਕ ਮਹੱਤਵਪੂਰਨ ਤੀਰਥ ਸਥਾਨ ਬਣਾਇਆ ਹੈ। ਕਸ਼ਮੀਰ ਦੇ ਸਿੱਖਾਂ ਲਈ ਇਹ ਵਿਸ਼ਵਾਸ, ਸ਼ਰਧਾ ਦਾ ਚਾਨਣ ਮੁਨਾਰਾ ਹੈ।
ਇਸ ਜਗ੍ਹਾ 'ਤੇ ਪਹਿਲਾਂ ਇਕ ਛੋਟਾ ਲੱਕੜੀ ਦਾ ਢਾਂਚਾ ਬਣਾਇਆ ਗਿਆ ਜਿਸ ਨੂੰ ਇਕ ਸੀਮਾ ਚਿੰਨ੍ਹ ਵਜੋਂ ਵਿਕਸਿਤ ਕੀਤਾ ਗਿਆ। 1819-1846 ਵਿਚ ਸਿੱਖ ਹਾਕਮਾਂ ਦੇ ਸਮੇਂ ਵੇਲੇ ਜਰਨੈਲ ਹਰੀ ਸਿੰਘ ਨਲੂਆ ਜੋ ਕਿ ਕਸ਼ਮੀਰ ਦੇ ਉਸ ਵੇਲੇ ਗਵਰਨਰ ਸਨ, ਦੇ ਯਤਨਾਂ ਸਦਕਾ ਇਸ ਸਥਾਨ ਨੂੰ ਗੁਰਦੁਆਰੇ ਦਾ ਰੂਪ ਦਿੱਤਾ ਗਿਆ ਤਾਂ ਕਿ ਆਉਣ ਵਾਲੇ ਯਾਤਰੂਆਂ ਲਈ ਸਹੂਲਤਾਂ ਦਾ ਪ੍ਰਬੰਧ ਹੋ ਸਕੇ।
ਨਿਰਮਾਣ ਸੰਬੰਧੀ ਗੁਣ
ਗੁਰਦੁਆਰਾ ਸਾਹਿਬ ਦਾ ਇਕ ਸਮਕੋਣ ਹਾਲ ਹੈ, ਜਿਸ ਦੇ ਵਿਚ ਪ੍ਰਕਾਸ਼ ਹੁੰਦਾ ਹੈ ਤੇ ਨਾਲ ਹੀ ਬਾਹਰ ਖੁੱਲ੍ਹਾ ਵਿਹੜਾ ਹੈ। ਗੁਰਦੁਆਰਾ ਰਵਾਇਤੀ ਸਿੱਖੀ ਤੇ ਕਸ਼ਮੀਰੀ ਭਵਨ ਨਿਰਮਾਣ ਕਲਾ ਦੇ ਮਿਸ਼ਰਨ ਦਾ ਪ੍ਰਤੀਕ ਹੈ। ਲੱਕੜ ਨਾਲ ਬਣਿਆ ਅੰਦਰਲਾ ਹਿੱਸਾ ਇਸ ਨੂੰ ਇਕ ਵੱਖਰੀ ਪਹਿਚਾਣ ਦਿੰਦਾ ਹੈ, ਜੋ ਕਸ਼ਮੀਰ ਦੀ ਸਥਾਨਕ ਕਾਰੀਗਰੀ ਨੂੰ ਵੀ ਦਰਸਾਉਂਦਾ ਹੈ।
ਮੁੱਖ ਹਾਲ ਵਿਚ ਪ੍ਰਵੇਸ਼ ਕਰਦਿਆਂ ਆਸ-ਪਾਸ ਲੱਕੜੀ ਦੀ ਕਾਰੀਗਰੀ ਨਾਲ ਸਜੀਆਂ ਦੀਵਾਰਾਂ ਸ਼ਾਂਤੀ, ਸ਼ਰਧਾ ਦੀ ਅੰਦਰਲੀ ਸੋਚ ਨੂੰ ਪੂਰੀ ਤਰ੍ਹਾਂ ਉਭਾਰਦੀਆਂ ਹਨ। ਮੱਥਾ ਟੇਕਦੇ ਹੋਏ ਇੰਝ ਮਹਿਸੂਸ ਹੁੰਦਾ ਹੈ ਕਿ ਤੁਸੀਂ ਜਿਵੇਂ ਕਿਸੇ ਵੱਖਰੀ ਦੁਨੀਆ ਵਿਚ ਪਹੁੰਚ ਗਏ ਹੋਵੋ।
ਅਹਿਮ ਗੁਣ
ਜਿਸ ਜਗ੍ਹਾ 'ਤੇ ਗੁਰੂ ਸਾਹਿਬ ਨੇ ਮਾਤਾ ਭਾਗਭਰੀ ਨੂੰ ਦਰਸ਼ਨ ਦਿੱਤੇ ਸਨ। ਉਹ ਥਾਂ ਖ਼ਾਸ ਤੌਰ 'ਤੇ ਦਰਸਾਈ ਗਈ ਹੈ। ਇਸ ਦੇ ਦਰਸ਼ਨ ਕਰਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਗੁਰਦੁਆਰਾ-ਸਮੂਹ ਵਿਚ ਇਕ ਖੂਹ ਵੀ ਹੈ, ਜਿਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਗੁਰੂ ਜੀ ਵਲੋਂ ਆਪ ਬਣਵਾਇਆ ਗਿਆ ਸੀ।
ਗੁਰਦੁਆਰਾ ਸਾਹਿਬ ਵਿਚ ਸਰਾਂ ਵੀ ਬਣਾਈ ਗਈ ਹੈ, ਜਿਥੇ ਲੋਕ ਆ ਕੇ ਆਰਾਮ ਕਰ ਸਕਦੇ ਹਨ। ਰੋਜ਼ਾਨਾ ਕੀਰਤਨ ਤੇ ਸਾਰਾ ਦਿਨ ਲੰਗਰ ਅਤੁੱਟ ਵਰਤਾਇਆ ਜਾਂਦਾ ਹੈ।
ਸਿਆਸੀ ਹਲਚਲ ਦੇ ਅਸਰ
ਇਸ ਇਲਾਕੇ ਵਿਚ ਹੁੰਦੀ ਗੜਬੜ ਤੇ ਅਸ਼ਾਂਤੀ ਵਾਲੇ ਹਾਲਾਤ ਕਰਕੇ ਗੁਰਦੁਆਰਾ ਸਾਹਿਬ ਦੇ ਸੰਭਾਲ ਦੇ ਯਤਨਾਂ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਲੇ ਸੈਲਾਨੀਆਂ ਦੀ ਪਹੁੰਚ ਕਈ ਵਾਰ ਚੁਣੌਤੀਆਂ ਭਰਪੂਰ ਬਣ ਜਾਂਦੀ ਹੈ। ਪਰ ਇਸ ਦੇ ਬਾਵਜੂਦ ਸਿੱਖ ਸਮਾਜ ਤੇ ਸਥਾਨਕ ਅਧਿਕਾਰੀਆਂ ਦੀ ਲਗਨ ਕਰਕੇ ਇਸ ਇਤਿਹਾਸਕ ਤੇ ਪਵਿੱਤਰ ਜਗ੍ਹਾ ਦੀ ਸੰਭਾਲ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾਂਦੀ।
ਸੰਭਾਲ ਕਰਨ ਦਾ ਅਰਥ ਸਿਰਫ਼ ਦਿੱਖ ਨੂੰ ਠੀਕ ਰੱਖਣਾ ਹੀ ਨਹੀਂ, ਸਗੋਂ ਇਸ ਦੀ ਰੂਹਾਨੀਅਤ ਨੂੰ ਬਣਾਈ ਰੱਖਣ ਦੀ ਇਕ ਵਡੇਰੀ ਜ਼ਿੰਮੇਵਾਰੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ ਦੇ ਅਮੀਰ ਇਤਿਹਾਸ ਤੋਂ ਪ੍ਰੇਰਣਾ ਲੈਂਦੀਆਂ ਰਹਿਣ।
ਕਸ਼ਮੀਰ ਦੀ ਵਾਦੀ ਵਿਚ ਵਸੀ ਇਸ ਅਨਮੋਲ ਸਿੱਖੀ ਦੇ ਧਰੋਹਰ ਨੂੰ ਅੱਖਾਂ, ਮਨ ਵਿਚ ਸਮਾ ਕੇ ਇਨਸਾਨ ਸੱਚਮੁੱਚ ਹੀ ਮਾਨਸਿਕ ਤੌਰ 'ਤੇ ਬੇਹੱਦ ਸੰਤੁਸ਼ਟ ਹੋਇਆ ਮਹਿਸੂਸ ਕਰਦਾ ਹੈ।

ਪਿਛਲੀ ਖ਼ਬਰ ਬੰਬੇਲੀ ਸਾਕੇ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਅਗਲੀ ਖ਼ਬਰ ਸੀਵਰੇਜ ਸਮੱਸਿਆ ਨੂੰ ਲੈ ਕੇ ਵਾਰਡ ਵਾਸੀਆਂ ਨੇ ਸੜਕ ’ਤੇ ਲਗਾਇਆ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।