ਮਹਿਲ ਕਲਾਂ, 9 ਦਸੰਬਰ (ਤਰਸੇਮ ਸਿੰਘ ਗਹਿਲ)-ਜ਼ਿਲ੍ਹਾ ਪ੍ਰੀਸ਼ਦ ਜੋਨ ਠੀਕਰੀਵਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਮਰਥਨ ਨਾਲ ਆਜ਼ਾਦ ਉਮੀਦਵਾਰ ਜਥੇਦਾਰ ਮਹਿੰਦਰ ਸਿੰਘ ਚੁਹਾਣਕੇ ਦੇ ਹੱਕ ਵਿਚ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਲੋਂ ਚੋਣ ਪ੍ਰਚਾਰ ਕੀਤਾ ਗਿਆ | ਇਸ ਸਮੇਂ ਪਰਮਿੰਦਰ ਸਿੰਘ ਢੀਂਡਸਾ ਨੇ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਵਿਰੁੱਧ ਭਾਰੀ ਨਾਰਾਜ਼ਗੀ ਦੀ ਲਹਿਰ ਚੱਲ ਰਹੀ ਹੈ ਕਿਉਂਕਿ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਹੀਂ ਹੋਏ | ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦਾ ਪ੍ਰਬੰਧ ਪੂਰੀ ਤਰ੍ਹਾਂ ਕੇਜਰੀਵਾਲ ਦੇ ਹਵਾਲੇ ਕਰ ਦਿੱਤਾ ਹੈ ਅਤੇ ਪੰਜਾਬ ਵਿਚ ਵੱਡੇ ਪ੍ਰੋਜੈਕਟਾਂ ਦੇ ਉਦਘਾਟਨ ਤੱਕ ਕੇਜਰੀਵਾਲ ਖ਼ੁਦ ਕਰ ਰਿਹਾ ਹੈ, ਜੋ ਸੂਬੇ ਦੀ ਸਿਆਸੀ ਸੰਪ੍ਰਭੂਤਾ ਲਈ ਖ਼ਤਰਨਾਕ ਹੈ | ਉਨ੍ਹਾਂ ਕਿਹਾ ਕਿ ਦਿੱਲੀ ਤੋਂ ਰਾਜ ਪ੍ਰਬੰਧ ਚਲਾਉਣ ਵਾਲੀਆਂ ਤਾਕਤਾਂ ਨੂੰ ਰੋਕਣ ਲਈ ਪੰਥਕ ਇਕੱਠ ਸਭ ਤੋਂ ਵੱਡੀ ਲੋੜ ਹੈ ਅਤੇ ਇਹ ਉਸੇ ਵੇਲੇ ਸੰਭਵ ਹੈ ਜਦੋਂ ਪੰਥਕ ਜਥੇਬੰਦੀਆਂ ਨੂੰ ਲੋਕ ਵੋਟ ਪਾ ਕੇ ਮਜ਼ਬੂਤ ਕਰਨ | ਭਾਈ ਮਹਿੰਦਰ ਸਿੰਘ ਚੁਹਾਣਕੇ ਦੀ ਚੋਣ ਮੁਹਿੰਮ ਨੂੰ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ, ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਅਤੇ ਹੋਰ ਪੰਥਕ ਜਥੇਬੰਦੀਆਂ ਵਲੋਂ ਵੀ ਵੱਡਾ ਹੁਲਾਰਾ ਮਿਲ ਰਿਹਾ ਹੈ, ਜਿਸ ਨਾਲ ਇਲਾਕੇ ਵਿਚ ਪੰਥਕ ਏਕਤਾ ਦੀ ਲਹਿਰ ਹੋਰ ਮਜ਼ਬੂਤ ਹੋ ਗਈ ਹੈ | ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਜੀਤ ਸਿੰਘ ਸੰਧੂ, ਜਗਤਾਰ ਸਿੰਘ ਕਲਾਲਾ ਸਰਕਲ ਮਹਿਲ ਕਲਾਂ ਪ੍ਰਧਾਨ, ਸਾਬਕਾ ਸਰਪੰਚ ਸੁਰਜੀਤ ਸਿੰਘ ਕੁਰੜ ਸਰਕਲ ਠੁੱਲੀਵਾਲ ਪ੍ਰਧਾਨ, ਗੁਰਜੀਤ ਸਿੰਘ ਖੰਨਾ ਸਰਕਲ ਟੱਲੇਵਾਲ ਪ੍ਰਧਾਨ, ਹਰਦੇਵ ਸਿੰਘ ਜਵੰਦਾ, ਸਾਬਕਾ ਸਰਪੰਚ ਜੋਗਿੰਦਰ ਸਿੰਘ ਚੁਹਾਣਕੇ, ਅੰਮਿ੍ਤ ਸਿੰਘ ਚੁਹਾਣਕੇ, ਜੋਰਾ ਸਿੰਘ ਆਦਿ ਵੱਡੀ ਗਿਣਤੀ ਵਿਚ ਮੌਜੂਦ ਸਨ |