ਬਰਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਸੂਬੇ ਵਿਚ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਸਿਆਸੀ ਪਾਰਟੀਆਂ ਵਲੋਂ ਆਪਣੇ ਚੋਣ ਨਿਸ਼ਾਨ ਉੱਪਰ ਲੜੀਆਂ ਜਾ ਰਹੀਆਂ ਹਨ ਤਾਂ ਜੋ ਪੇਂਡੂ ਖੇਤਰ ਨਾਲ ਸਬੰਧਿਤ ਇਨ੍ਹਾਂ ਚੋਣਾਂ ਵਿਚ ਉਨ੍ਹਾਂ ਦੀ ਪਕੜ ਅਤੇ ਲੋਕਾਂ ਵਿਚ ਆਧਾਰ ਦਾ ਪਤਾ ਲੱਗ ਸਕੇ | ਦੂਸਰਾ ਇਨ੍ਹਾਂ ਚੋਣਾਂ ਨੂੰ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਕਿ ਜਿਸ ਸਿਆਸੀ ਪਾਰਟੀ ਦੀ ਇਨ੍ਹਾਂ ਚੋਣਾਂ ਵਿਚ ਸਥਿਤੀ ਮਜ਼ਬੂਤ ਹੋਵੇਗੀ, ਉਸ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿਚ ਬਹੁਮਤ ਮਿਲ ਸਕਦਾ ਹੈ | ਇਸੇ ਕਾਰਨ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਇਹ ਚੋਣਾਂ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਕਾਫ਼ੀ ਜ਼ੋਰ ਲਾਇਆ ਜਾ ਰਿਹਾ ਹੈ | ਜ਼ਿਲ੍ਹਾ ਬਰਨਾਲਾ ਵਿਚ ਇਹ ਚੋਣਾਂ ਲੜ ਰਹੀਆਂ ਸਿਆਸੀ ਪਾਰਟੀਆਂ ਉੱਪਰ ਨਜ਼ਰ ਮਾਰੀ ਜਾਵੇ ਤਾਂ ਜ਼ਿਲ੍ਹੇ ਦੀਆਂ ਤਿੰਨੋਂ ਬਲਾਕ ਸੰਮਤੀਆਂ ਦੇ ਕੁੱਲ 65 ਜ਼ੋਨਾਂ ਵਿਚੋਂ ਜਿੱਥੇ ਸੱਤਾਧਾਰੀ ਆਮ ਆਦਮੀ ਪਾਰਟੀ ਵਲੋਂ ਇੱਕ ਜ਼ੋਨ ਨੂੰ ਛੱਡ ਕੇ ਲਗਭਗ ਸਾਰੇ ਹੀ ਜ਼ੋਨਾਂ ਉੱਪਰ ਆਪਣੇ ਉਮੀਦਵਾਰ ਖੜ੍ਹੇ ਕੀਤੇ ਗਏ ਹਨ ਉੱਥੇ ਕਾਂਗਰਸ ਵਲੋਂ ਵੀ 52 ਜ਼ੋਨਾਂ ਤੋਂ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰੇ ਗਏ ਹਨ | ਆਮ ਆਦਮੀ ਪਾਰਟੀ ਦੇ ਚਾਰ ਅਤੇ ਕਾਂਗਰਸ ਪਾਰਟੀ ਦਾ ਇੱਕ ਉਮੀਦਵਾਰ ਵੱਖ-ਵੱਖ ਬਲਾਕ ਸੰਮਤੀ ਜ਼ੋਨਾਂ ਤੋਂ ਨਿਰਵਿਰੋਧ ਜਿੱਤ ਵੀ ਹਾਸਲ ਕਰ ਚੁੱਕੇ ਹਨ | ਪਰ ਦੂਸਰੇ ਪਾਸੇ ਖੇਤਰੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਅਤੇ ਦੇਸ਼ ਵਿਚ ਰਾਜ ਕਰ ਰਹੀ ਭਾਰਤੀਆ ਜਨਤਾ ਪਾਰਟੀ ਨੂੰ ਸਾਰੇ ਜ਼ੋਨਾਂ ਵਿਚ ਚੋਣਾਂ ਲੜਨ ਲਈ ਉਮੀਦਵਾਰ ਹੀ ਨਹੀਂ ਮਿਲੇ | ਸ਼ੋ੍ਰਮਣੀ ਅਕਾਲੀ ਦਲ ਤਿੰਨੋਂ ਸੰਮਤੀਆਂ ਵਿਚ 35 ਉਮੀਦਵਾਰ ਜਦਕਿ ਭਾਰਤੀਆ ਜਨਤਾ ਪਾਰਟੀ ਸਿਰਫ਼ 10 ਉਮੀਦਵਾਰ ਹੀ ਮੈਦਾਨ ਵਿਚ ਉਤਾਰ ਸਕੀ ਹੈ | ਜਾਣਕਾਰੀ ਅਨੁਸਾਰ ਬਲਾਕ ਸੰਮਤੀ ਬਰਨਾਲਾ ਦੇ 15 ਜ਼ੋਨਾਂ ਵਿਚੋਂ ਸ਼ੋ੍ਰਮਣੀ ਅਕਾਲੀ ਦਲ 6 ਤੇ ਭਾਜਪਾ 3, ਬਲਾਕ ਸੰਮਤੀ ਮਹਿਲ ਕਲਾਂ ਦੇ 25 ਜ਼ੋਨਾਂ ਵਿਚੋਂ ਅਕਾਲੀ ਦਲ 13 ਤੇ ਭਾਜਪਾ 4 ਅਤੇ ਬਲਾਕ ਸੰਮਤੀ ਸ਼ਹਿਣਾ ਦੇ 25 ਜ਼ੋਨਾਂ ਵਿਚੋਂ ਅਕਾਲੀ ਦਲ 16 ਤੇ ਭਾਜਪਾ 3 ਜ਼ੋਨਾਂ 'ਤੇ ਹੀ ਚੋਣ ਲੜੀ ਰਹੀ ਹੈ | ਬੇਸ਼ੱਕ ਤਰਨਤਾਰਨ ਜ਼ਿਮਨੀ ਚੋਣ ਵਿਚ ਵਧੀਆ ਕਾਰਗੁਜ਼ਾਰੀ ਤੋਂ ਬਾਅਦ ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੇ ਹੌਸਲੇ ਕਾਫ਼ੀ ਬੁਲੰਦ ਹੋਏ ਹਨ ਪਰ ਜ਼ਿਲ੍ਹਾ ਬਰਨਾਲਾ ਵਿਚ ਇਨ੍ਹਾਂ ਚੋਣਾਂ 'ਚ ਪੂਰੇ ਉਮੀਦਵਾਰ ਖੜੇ ਨਾ ਕਰ ਪਾਉਣਾ ਇਸ ਗੱਲ ਵੱਲ ਵੀ ਸੰਕੇਤ ਕਰ ਰਿਹਾ ਹੈ ਕਿ ਜਿੱਥੇ ਪਿਛਲੇ ਦਿਨਾਂ ਦੌਰਾਨ ਜ਼ਿਲ੍ਹੇ ਦੇ ਅਕਾਲੀ ਆਗੂਆਂ ਵਿਚਕਾਰ ਕਾਫ਼ੀ ਫੁੱਟ ਪੈ ਗਈ ਹੈ ਉੱਥੇ ਪਾਰਟੀ ਦੇ ਆਗੂ ਤੇ ਵਰਕਰ ਜ਼ਿਲ੍ਹੇ ਦੇ ਮਸਲਿਆਂ ਤੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਦੂਰ ਹਨ | ਜੇਕਰ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਪਿਛਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਹਲਕਾ ਬਰਨਾਲਾ ਜ਼ਿਮਨੀ ਚੋਣਾਂ ਵਿਚ ਭਾਜਪਾ ਦਾ ਵੋਟ ਬੈਂਕ ਵਧਿਆ ਹੈ ਪਰ ਜ਼ਿਲ੍ਹੇ ਦੇ ਵੱਡੇ ਆਗੂਆਂ ਦਾ ਸਿਰਫ਼ ਪਾਰਟੀ ਪ੍ਰੋਗਰਾਮਾਂ ਤੱਕ ਸੀਮਤ ਰਹਿਣ ਅਤੇ ਆਮ ਲੋਕਾਂ ਖ਼ਾਸ ਤੌਰ 'ਤੇ ਪਿੰਡਾਂ ਦੇ ਲੋਕਾਂ ਨਾਲ ਕੋਈ ਬਹੁਤ ਜ਼ਿਆਦਾ ਰਾਬਤਾ ਨਾ ਹੋਣ ਕਾਰਨ ਪਾਰਟੀ ਨੂੰ ਸਾਰੇ ਜ਼ੋਨਾਂ ਤੋਂ ਉਮੀਦਵਾਰ ਨਹੀਂ ਮਿਲ ਸਕੇ | ਇਨ੍ਹਾਂ ਚੋਣਾਂ ਵਿਚ ਉਮੀਦਵਾਰ ਖੜੇ੍ਹ ਕਰਨ ਵਿਚ ਪੱਛੜ ਜਾਣ ਤੋਂ ਬਾਅਦ ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਥਾਨਕ ਆਗੂਆਂ ਲਈ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਵਿਚ ਪਾਰਟੀ ਦਾ ਆਧਾਰ ਮਜ਼ਬੂਤ ਕਰਨਾ ਵੱਡੀ ਚੁਨੌਤੀ ਹੋਵੇਗੀ |