ਬਰਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਕੁੱਲ 3,14,554 ਵੋਟਰ 14 ਦਸੰਬਰ ਨੂੰ ਆਪਣੀ ਵੋਟ 369 ਪੋਲਿੰਗ ਬੂਥਾਂ 'ਤੇ ਪਾਉਣਗੇ | ਇਨ੍ਹਾਂ ਵਿਚ 1,66,681 ਪੁਰਸ਼, 1,47,872 ਮਹਿਲਾ ਅਤੇ ਇੱਕ ਟਰਾਂਸਜੈਂਡਰ ਵੋਟਰ ਸ਼ਾਮਲ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ. ਬੈਨਿਥ ਨੇ ਦੱਸਿਆ ਕਿ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਵੋਟਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਬੈਲਟ ਪੇਪਰ ਰਾਹੀਂ ਵੋਟ ਪਾਉਣਗੇ | ਪਾਈਆਂ ਗਈਆਂ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਨਿਰਧਾਰਤ ਕੇਂਦਰਾਂ 'ਤੇ ਕੀਤੀ ਜਾਵੇਗੀ | ਬਰਨਾਲਾ ਅਤੇ ਸ਼ਹਿਣਾ ਜ਼ੋਨਾਂ ਦੀ ਗਿਣਤੀ ਐਸ.ਡੀ. ਕਾਲਜ ਬਰਨਾਲਾ ਵਿਚ ਅਤੇ ਮਹਿਲ ਕਲਾਂ ਦੀ ਗਿਣਤੀ ਐਸ.ਡੀ.ਐਮ. ਦਫ਼ਤਰ ਮਹਿਲ ਕਲਾਂ ਵਿਚ ਹੋਵੇਗੀ | ਸ਼੍ਰੀ ਬੈਨਿਥ ਨੇ ਦੱਸਿਆ ਕਿ ਸ਼ਹਿਣਾ ਵਿਚ ਕੁੱਲ 1,27,704 ਵੋਟਰ ਹਨ, ਜਿਨ੍ਹਾਂ ਵਿਚ 67,576 ਪੁਰਸ਼ ਅਤੇ 60,128 ਮਹਿਲਾ ਵੋਟਰ ਹਨ | ਇਸ ਵਿਚ ਕੁੱਲ 158 ਪੋਲਿੰਗ ਬੂਥ ਹਨ | ਇਸੇ ਤਰ੍ਹਾਂ ਬਰਨਾਲਾ ਵਿਚ ਕੁੱਲ 67,448 ਵੋਟਰ ਹਨ, ਜਿਨ੍ਹਾਂ ਵਿਚ 35,789 ਪੁਰਸ਼ ਅਤੇ 31,659 ਮਹਿਲਾਵਾਂ ਹਨ | ਇਸ ਵਿਚ 80 ਪੋਲਿੰਗ ਬੂਥ ਹਨ | ਮਹਿਲ ਕਲਾਂ ਵਿਚ ਕੁੱਲ 1,19,402 ਵੋਟਰ ਹਨ, ਜਿਨ੍ਹਾਂ ਵਿਚ 63,316 ਪੁਰਸ਼, 56,085 ਮਹਿਲਾਵਾਂ ਅਤੇ ਇੱਕ ਟਰਾਂਸਜੈਂਡਰ ਵੋਟਰ ਸ਼ਾਮਲ ਹੈ | ਇਸ ਵਿਚ 131 ਪੋਲਿੰਗ ਬੂਥ ਹਨ |