ਬਰਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਤੋਂ ਰਾਜ ਸਭਾ ਮੈਂਬਰ ਪਦਮ ਰਾਜਿੰਦਰ ਗੁਪਤਾ ਨੂੰ ਲੇਬਰ, ਟੈਕਸਟਾਈਲ ਅਤੇ ਸਕਿਲ ਡਿਵੈਲਪਮੈਂਟ ਨਾਲ ਸਬੰਧਿਤ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਲਈ ਨਾਮਜ਼ਦ ਕੀਤਾ ਗਿਆ ਹੈ | ਇਹ ਕਮੇਟੀ ਦੇਸ਼ ਦੇ ਮਹੱਤਵਪੂਰਨ ਆਰਥਿਕ ਖੇਤਰਾਂ ਨਾਲ ਜੁੜੇ ਨੀਤੀਗਤ ਮੁੱਦਿਆਂ ਅਤੇ ਸੁਧਾਰਾਂ ਦੀ ਸਮੀਖਿਆ ਕਰਨ ਵਾਲੀ ਪ੍ਰਮੁੱਖ ਸੰਸਦੀ ਇਕਾਈ ਹੈ | ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਚੇਅਰਮੈਨ ਐਮੇਰਿਟਸ ਸ੍ਰੀ ਰਾਜਿੰਦਰ ਗੁਪਤਾ ਇਕ ਪ੍ਰਸਿੱਧ ਉਦਯੋਗਪਤੀ ਅਤੇ ਸਮਾਜ ਸੇਵੀ ਵਜੋਂ ਜਾਣੇ ਜਾਂਦੇ ਹਨ | ਨਿਰਮਾਣ, ਗਲੋਬਲ ਟਰੇਡ ਅਤੇ ਵਰਕਫੋਰਸ ਡਿਵੈਲਪਮੈਂਟ ਵਰਗੇ ਖੇਤਰਾਂ ਵਿਚ ਉਨ੍ਹਾਂ ਦੇ ਦਹਾਕਿਆਂ ਦੇ ਤਜਰਬੇ ਤੋਂ ਕਮੇਟੀ ਨੂੰ ਮਹੱਤਵਪੂਰਨ ਉਦਯੋਗਿਕ ਦਿ੍ਸ਼ਟੀਕੋਣ ਪ੍ਰਾਪਤ ਹੋਣ ਦੀ ਉਮੀਦ ਹੈ | ਖ਼ਾਸਕਰ ਇਸ ਸਮੇਂ ਜਦੋਂ ਭਾਰਤ ਦਾ ਟੈਕਸਟਾਈਲ ਸੈਕਟਰ ਅਮਰੀਕੀ ਟੈਰਿਫ਼ ਦਬਾਅ ਅਤੇ ਕੁਸ਼ਲ-ਅਕੁਸ਼ਲ ਮਜ਼ਦੂਰਾਂ ਲਈ ਮਜ਼ਬੂਤ ਸਕਿਲ ਫਰੇਮਵਰਕ ਦੀ ਲੋੜ ਵਰਗੀਆਂ ਚੁਨੌਤੀਆਂ ਦਾ ਸਾਹਮਣਾ ਕਰ ਰਿਹਾ ਹੈ | 1980 ਦੇ ਦਹਾਕੇ ਦੇ ਮੱਧ ਵਿਚ ਸੀਮਿਤ ਸਰੋਤਾਂ ਨਾਲ ਸ਼ੁਰੂਆਤ ਕਰ ਕੇ ਸ੍ਰੀ ਗੁਪਤਾ ਨੇ ਟਰਾਈਡੈਂਟ ਗਰੁੱਪ ਨੂੰ ਇੱਕ ਵਿਸ਼ਵ-ਅਗੇਤੀ ਇਕੀਕਿ੍ਤ ਟੈਕਸਟਾਈਲ ਅਤੇ ਪੇਪਰ ਉਦਯੋਗ ਗਰੁੱਪ ਵਜੋਂ ਵਿਕਸਤ ਕੀਤਾ | ਅੱਜ ਇਹ ਸੰਸਥਾ 2 ਅਰਬ ਅਮਰੀਕੀ ਡਾਲਰ ਤੋਂ ਵੱਧ ਦੇ ਸਾਲਾਨਾ ਟਰਨਓਵਰ ਵਾਲਾ ਗਲੋਬਲ ਗਰੁੱਪ ਹੈ, ਜਿਸ ਵਿਚ 17,500 ਤੋਂ ਵੱਧ ਲੋਕ ਰੁਜ਼ਗਾਰ ਨਾਲ ਜੁੜੇ ਹੋਏ ਹਨ | ਉਦਯੋਗ ਵਿਚ ਆਪਣੀ ਅਗਵਾਈ ਦੇ ਨਾਲ-ਨਾਲ ਸ਼੍ਰੀ ਗੁਪਤਾ ਸਿੱਖਿਆ, ਖੇਡਾਂ ਅਤੇ ਸਿਹਤ ਵਰਗੀਆਂ ਸਮਾਜਿਕ ਪਹਿਲਕਦਮੀਆਂ ਵਿਚ ਵੀ ਸਰਗਰਮੀ ਨਾਲ ਯੋਗਦਾਨ ਪਾ ਰਹੇ ਹਨ, ਜਿਸ ਨਾਲ ਰਾਸ਼ਟਰ ਨਿਰਮਾਣ ਪ੍ਰਤੀ ਉਨ੍ਹਾਂ ਦੀ ਬਹੁਪੱਖੀ ਵਚਨਬੱਧਤਾ ਹੋਰ ਮਜ਼ਬੂਤ ਹੋਈ ਹੈ |