ਮਹਿਲ ਕਲਾਂ, 4 ਦਸੰਬਰ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਆਮ ਚੋਣਾਂ ਨੂੰ ਸ਼ਾਂਤੀਪੂਰਨ, ਨਿਰਪੱਖ ਕਰਵਾਉਣ ਲਈ ਸਾਰੇ ਪ੍ਰਬੰਧ ਸਮੇਂ-ਸਿਰ ਮੁਕੰਮਲ ਕੀਤੇ ਗਏ ਹਨ | ਇਹ ਜਾਣਕਾਰੀ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਸ੍ਰੀ ਟੀ. ਬੈਨਿਥ ਨੇ ਅੱਜ ਸਬ-ਡਵੀਜ਼ਨ ਮਹਿਲ ਕਲਾਂ ਦੇ ਦੌਰੇ ਸਮੇਂ ਦਿੱਤੀ | ਉਨ੍ਹਾਂ ਬੀ.ਡੀ.ਪੀ.ਓ ਦਫ਼ਤਰ, ਸਬ-ਡਵੀਜ਼ਨਲ ਕੰਪਲੈਕਸ ਅਤੇ ਚੋਣ ਕੈਂਪਾਂ ਵਿਚ ਕੀਤੇ ਪ੍ਰਬੰਧਾਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ | ਉਨ੍ਹਾਂ ਕਿਹਾ ਕਿ ਸਬ-ਡਵੀਜ਼ਨ ਮਹਿਲ ਕਲਾਂ 'ਚ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਨੇ ਚੋਣ ਡਿਊਟੀ 'ਤੇ ਤਾਇਨਾਤ ਅਧਿਕਾਰੀਆਂ ਨੂੰ ਨਿਰਪੱਖਤਾ ਨਾਲ ਚੋਣ ਪ੍ਰਕਿਰਿਆ ਚਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਬਜ਼ੁਰਗਾਂ ਅਤੇ ਵਿਸ਼ੇਸ਼ ਜ਼ਰੂਰਤਾਂ ਵਾਲੇ ਵੋਟਰਾਂ ਲਈ ਹਰ ਪੋਲਿੰਗ ਬੂਥ 'ਤੇ ਵਹੀਲ ਚੇਅਰ, ਰੈਂਪ, ਪੀਣ ਵਾਲੇ ਪਾਣੀ ਅਤੇ ਹੋਰ ਸਹੂਲਤਾਂ ਦਾ ਪੂਰਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸੇ ਨੂੰ ਕੋਈ ਤਕਲੀਫ਼ ਨਾ ਹੋਵੇ | ਇਸ ਮੌਕੇ ਐੱਸ.ਐੱਸ.ਪੀ. ਮੁਹੰਮਦ ਸਰਫ਼ਰਾਜ਼ ਆਲਮ, ਡੀ.ਐੱਸ.ਪੀ. ਜਸਪਾਲ ਸਿੰਘ ਧਾਲੀਵਾਲ, ਐੱਸ.ਐੱਚ.ਓ ਸਰਬਜੀਤ ਸਿੰਘ ਰੰਗੀਆਂ ਆਦਿ ਹਾਜ਼ਰ ਸਨ |