ਹੰਡਿਆਇਆ, 4 ਦਸੰਬਰ (ਗੁਰਜੀਤ ਸਿੰਘ ਖੱੁਡੀ)-ਨਗਰ ਪੰਚਾਇਤ ਹੰਡਿਆਇਆ ਵਿਖੇ ਕੰਮ ਕਰਦੇ ਸਫ਼ਾਈ ਸੇਵਕਾਂ ਵਲੋਂ ਅਣਮਿਥੇ ਸਮੇਂ ਦੀ ਹੜਤਾਲ ਕਰ ਕੇ ਨਾਅਰੇਬਾਜ਼ੀ ਕੀਤੀ ਗਈ | ਸਫ਼ਾਈ ਸੇਵਕ ਯੂਨੀਅਨ ਦੇ ਆਗੂ ਵਿਜੇ ਕੁਮਾਰ, ਸੰਜੇ ਕੁਮਾਰ, ਨਿਖਿਲ ਕੁਮਾਰ, ਰਵੀ ਕੁਮਾਰ, ਸੁਰੇਸ਼ ਕੁਮਾਰ ਆਦਿ ਨੇ ਕਿਹਾ ਕਿ ਹੱਕੀ ਮੰਗਾਂ ਲਈ ਅਣਮਿਥੇ ਸਮੇਂ ਦੀ ਹੜਤਾਲ ਸ਼ੁਰੂ ਕੀਤੀ ਗਈ ਹੈ ਕਿਉਂਕਿ ਨਗਰ ਪੰਚਾਇਤ ਦੇ ਪ੍ਰਧਾਨ ਤੇ ਐਮ.ਸੀਜ਼ ਵਲੋਂ ਪੱਕੇ ਸਫ਼ਾਈ ਸੇਵਕਾਂ ਦਾ 8 ਸਾਲਾਂ ਦਾ ਸੀ.ਪੀ.ਐਫ. ਖਾਤਿਆਂ ਵਿਚ ਜਮ੍ਹਾ ਨਹੀਂ ਕਰਵਾਇਆ ਜਾ ਰਿਹਾ | ਤਨਖ਼ਾਹਾਂ ਵਿਚੋਂ ਕੱਟਿਆ ਜਾ ਰਿਹਾ ਹੈ | 2 ਮੁਲਾਜ਼ਮਾਂ ਨੂੰ ਆਊਟਸੋਰਸ ਤੋਂ ਕੰਟਰੈਕਟਵੇਸ ਮਤਾ ਪਾਉਣ 'ਚ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ | ਵਧਦੀ ਆਬਾਦੀ ਕਰ ਕੇ ਨਵੇਂ ਸਫ਼ਾਈ ਸੇਵਕ ਭਰਤੀ ਕੀਤੇ ਜਾਣ ਅਤੇ ਸਫ਼ਾਈ ਸੇਵਕਾਂ ਦਾ ਸਿਹਤ ਬੀਮਾ ਕਰਵਾਇਆ ਜਾਵੇ | ਇਸ ਮੌਕੇ ਸਾਗਰ ਸਿੰਘ, ਸੁਨੀਤਾ, ਰਾਣੀ, ਪੂਜਾ, ਕਿਰਨਾ, ਵਿਸਾਲ ਸ਼ੇਖਰ ਤੇ ਕ੍ਰਿਸ਼ਨ ਸ਼ਾਮਿਲ ਸਨ |