ਤਪਾ ਮੰਡੀ, 25 ਨਵੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਇਲਾਕੇ 'ਚ ਚੋਰ ਗਰੋਹ ਪੂਰੀ ਤਰ੍ਹਾਂ ਸਰਗਰਮ ਹੈ, ਜਿਸ ਨੇ ਕਿਸਾਨਾਂ ਦੇ ਨੱਕ 'ਚ ਦਮ ਕਰ ਕੇ ਰੱਖ ਦਿੱਤਾ ਹੈ ਕਿਉਂਕਿ ਬੀਤੀ ਰਾਤ ਚੋਰਾਂ ਨੇ ਫਿਰ ਤਪਾ - ਘੁੰਨਸ ਲਿੰਕ ਰੋਡ 'ਤੇ ਸਥਿਤ ਖੇਤਾਂ 'ਚ ਧਾਵਾ ਬੋਲ ਦਿੱਤਾ ਅਤੇ ਕੇਬਲ ਤਾਰਾਂ ਚੋਰੀ ਕਰ ਕੇ ਲੈ ਗਏ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਖੀ ਹੋਏ ਕਿਸਾਨਾਂ ਜੱਸੀ ਸਿੰਘ ਚੱਠਾ ਪੁੱਤਰ ਭੋਲਾ ਸਿੰਘ ਵਾਸੀ ਤਪਾ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ 'ਚ ਪਹਿਲਾਂ ਵੀ ਚੋਰ ਕਈ ਵਾਰੀ ਕੇਬਲ ਤਾਰਾਂ ਵੱਢ ਕੇ ਲੈ ਗਏ ਹਨ, ਪ੍ਰੰਤੂ ਪੁਲਿਸ ਇਨ੍ਹਾਂ ਚੋਰਾਂ ਤੱਕ ਪਹੁੰਚਣ 'ਚ ਨਾਕਾਮ ਰਹੀ ਹੈ | ਜਦਕਿ ਬੀਤੀ ਰਾਤ ਚੋਰਾਂ ਨੇ ਉਸ ਦੇ ਖੇਤ 'ਚ ਬਣੇ ਕਮਰੇ 'ਤੇ ਲੱਗੇ ਲੱਕੜ ਦੇ ਦਰਵਾਜ਼ੇ ਅਤੇ ਕਮਰੇ ਅੰਦਰ ਬਣੀਆਂ ਅਲਮਾਰੀਆਂ ਦੀ ਭੰਨਤੋੜ ਕੀਤੀ ਤੇ ਕੁੱਝ ਲੋੜੀਂਦਾ ਸਮਾਨ ਚੋਰੀ ਕਰ ਕੇ ਲੈ ਗਏ | ਜਿਸ ਕਾਰਨ ਉਸ ਦਾ ਕਾਫੀ ਨੁਕਸਾਨ ਹੋ ਗਿਆ | ਇਸ ਤੋਂ ਇਲਾਵਾ ਕਿਸਾਨ ਬਾਦਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਢਿਲਵਾਂ ਨੇ ਦੱਸਿਆ ਕਿ ਉਨ੍ਹਾਂ ਪਾਸ ਜ਼ਮੀਨ ਠੇਕੇ 'ਤੇ ਹੈ | ਚੋਰ ਉਨ੍ਹਾਂ ਦੇ ਖੇਤ 'ਚ ਬਣੇ ਕੋਠੇ ਦੇ ਦਰਵਾਜ਼ੇ ਦਾ ਜਿੰਦਰਾ ਤੋੜ ਕੇ ਅੰਦਰ ਦਾਖਲ ਹੋਏ ਅਤੇ ਕੇਬਲ ਤਾਰਾਂ ਵੱਢ ਕੇ ਲੈ ਗਏ, ਜਿਸ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਗਿਆ | ਇਸ ਤੋਂ ਇਲਾਵਾ ਚੋਰ ਨਾਲ ਲੱਗਦੇ ਹੋਰ ਕਿਸਾਨਾਂ ਘੋਨਾ ਵਾਸੀ ਅਤੇ ਬਿੱਟਾ ਸ਼ਰਮਾ ਦੇ ਖੇਤਾਂ ਵਿਚੋਂ ਵੀ ਕੇਬਲਾਂ ਵੱਢ ਕੇ ਲੈ ਗਏ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਖੇਤਾਂ ਵਿਚੋਂ ਕਈ ਵਾਰ ਚੋਰੀਆਂ ਹੋ ਗਈਆਂ ਹਨ, ਪੁਲਿਸ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਲਾ ਸਕੀ, ਜਿਸ ਨਾਲ ਕਿਸਾਨਾਂ ਤੇ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ | ਕਿਸਾਨਾਂ ਨੇ ਪੁਲਿਸ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਛੇਤੀ ਤੋਂ ਛੇਤੀ ਫੜ ਕੇ ਕਿਸਾਨਾਂ ਨੂੰ ਦਹਿਸ਼ਤ ਦੇ ਮਾਹੌਲ ਤੋਂ ਨਿਜਾਤ ਦਿਵਾਈ ਜਾਵੇ |
ਤਪਾ-ਘੁੰਨਸ ਲਿੰਕ ਰੋਡ 'ਤੇ ਸਥਿਤ ਖੇਤਾਂ 'ਚ ਚੋਰਾਂ ਨੇ ਫੈਲਾਈ ਦਹਿਸ਼ਤ, ਕਿਸਾਨ ਪ੍ਰੇਸ਼ਾਨ <br/>
ਚੋਰਾਂ ਵਲੋਂ ਚੋਰੀ ਕੀਤੀਆਂ ਕੇਬਲ ਤਾਰਾਂ ਦਿਖਾਉਂਦੇ ਹੋਏ ਕਿਸਾਨ | ਤਸਵੀਰ : ਪ੍ਰਵੀਨ ਗਰਗ<br/>
26-11-2025