ਮੁੱਲਾਂਪੁਰ-ਦਾਖਾ, 21 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਸਬੰਧ ਰੱਖਦਾ ਬੰਦੀ ਛੋੜ ਦਿਵਸ, ਦੀਵਾਲੀ ਅਥਾਹ ਸ਼ਰਧਾ ਨਾਲ ਮਨਾਇਆ ਗਿਆ | ਬੰਦੀ ਛੋੜ ਦਿਵਸ, ਦੀਵਾਲੀ ਦੇ ਦਿਨ ਸੰਗਤ ਦੀ ਭਾਰੀ ਇਕੱਤਰਤਾ ਜੁੜੀ | ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਜਸਪ੍ਰੀਤ ਸਿੰਘ ਖੁਸ਼ਦਿਲ, ਭਾਈ ਅਮਰੀਕ ਸਿੰਘ, ਭਾਈ ਹਰਜਿੰਦਰ ਸਿੰਘ ਦੇ ਜਥਿਆਂ ਵਲੋਂ ਰਸਭਿੰਨਾ ਕੀਰਤਨ ਅਤੇ ਭਾਈ ਸਿਮਰਨਜੀਤ ਸਿੰਘ ਵਲੋਂ ਗੁਰੂ ਸ਼ਬਦ ਕਥਾ ਦੀ ਵਿਚਾਰ ਕਰਦਿਆਂ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ 52 ਰਾਜਿਆਂ ਨਾਲ ਰਿਹਾਈ ਦਾ ਵਰਣਨ ਕੀਤਾ | ਭਾਈ ਸਾਹਿਬ ਵਲੋਂ ਬੰਦੀ ਛੋੜ ਦਿਵਸ ਦੀ ਵਧਾਈ ਦੇ ਨਾਲ ਸੰਗਤ ਨੂੰ ਦੱਸਿਆ ਗਿਆ ਕਿ ਇਨ੍ਹਾਂ ਹੀ ਦਿਨਾਂ 'ਚ ਦੀਵਾਲੀ ਨੇੜੇ ਨਾਦਰ ਸ਼ਾਹ ਅਤੇ ਜ਼ਕਰੀਆ ਖਾਨ ਦੇ ਕਹਿਣ 'ਤੇ ਭਾਈ ਮਨੀ ਸਿੰਘ ਦੀ ਸ਼ਹਾਦਤ ਹੋਈ | ਅਜਿਹੇ ਦਿਨ ਗਿਆਨ ਨੂੰ ਜਗਾਉਣ ਅਤੇ ਸਮਾਜ ਵਿਚ ਮਿਠਾਸ ਫੈਲਾਉਣ ਵਾਲੇ ਹੋਇਆ ਕਰਦੇ ਹਨ | ਗੁਰਦੁਆਰਾ ਸੰਤਪੁਰਾ ਪਿੰਡ ਜਾਂਗਪੁਰ ਤੋਂ ਪਹੁੰਚੇ ਬੱਚਿਆਂ ਦੇ ਰਾਗੀ ਜਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ | ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਦੇ ਪ੍ਰਬੰਧਕੀ ਪ੍ਰਧਾਨ ਮੇਜਰ ਸਿੰਘ ਵਲੋਂ ਸੰਗਤ ਨੂੰ ਬੰਦੀ ਛੋੜ ਦਿਹਾੜੇ ਦੀ ਵਧਾਈ ਦਿੰਦਿਆਂ ਹਮੇਸ਼ਾਂ ਚੜ੍ਹਦੀ ਕਲਾ ਲਈ ਤਤਪਰ ਰਹਿਣ ਦਾ ਸੰਦੇਸ਼ ਦਿੱਤਾ | ਇਸ ਮੌਕੇ ਮੀਤ ਪ੍ਰਧਾਨ ਦਵਿੰਦਰ ਸਿੰਘ, ਹੈੱਡ ਗ੍ਰੰਥੀ ਭਾਈ ਮਨਿੰਦਰ ਸਿੰਘ, ਖ਼ਜ਼ਾਨਚੀ ਬਖਸ਼ੀਸ਼ ਸਿੰਘ ਬਿੱਟੂ, ਸਾਬਕਾ ਪ੍ਰਧਾਨ ਮਨਜੀਤ ਸਿੰਘ ਤੇ ਸੁਰਜੀਤ ਸਿੰਘ, ਨਿਹੰਗ ਬਾਬਾ ਬਖਸ਼ੀਸ਼ ਸਿੰਘ ਮੁੱਲਾਂਪੁਰ, ਭਾਗ ਸਿੰਘ ਗਿੱਲ, ਅਮਰ ਸਿੰਘ ਖ਼ਾਲਸਾ, ਹਰਵਿੰਦਰ ਸਿੰਘ ਮਿੱਠਾ ਗਿਆਨੀ, ਪਰਮਜੀਤ ਸਿੰਘ ਪੰਮੀ, ਹੋਰ ਮੌਜੂਦ ਸਨ |