ਰਾਏਕੋਟ, 21 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਪ੍ਰਭ ਆਸਰਾ ਨਿਆਸਰਿਆਂ ਦੇ ਘਰ ਪਿੰਡ ਫੇਰੂਰਾਈ ਵਿਖੇ ਵੱਡੀ ਗਿਣਤੀ 'ਚ ਲਵਾਰਿਸ ਲੋਕਾਂ ਨੂੰ ਰਹਿਣ ਲਈ ਛੱਤ ਤੇ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ | ਜਿਸ ਤਹਿਤ ਪਿੰਡ ਹਠੂਰ ਦੇ ਵਿਅਕਤੀ ਕੁਲਵਿੰਦਰ ਸਿੰਘ ਪੁੱਤਰ ਦੀਪਾ ਸਿੰਘ ਨੂੰ ਪ੍ਰਭ ਆਸਰਾ ਫੇਰੂਰਾਈ ਵਿਖੇ ਆਸਰਾ ਦਿੱਤਾ ਗਿਆ | ਇਸ ਮੌਕੇ ਪ੍ਰਭ ਆਸਰਾ ਦੇ ਪ੍ਰਬੰਧਕ ਹਰਜੀਤ ਸਿੰਘ ਰਾਏ ਕੈਨੇਡਾ ਨੇ ਦੱਸਿਆ ਕਿ ਪਿੰਡ ਹਠੂਰ ਦੇ ਸਰਪੰਚ ਜਸਕਮਲਪ੍ਰੀਤ ਸਿੰਘ ਤੇ ਬਾਬਾ ਜੀਵਨ ਸਿੰਘ ਕਲੱਬ ਦੇ ਮੈਂਬਰਾਂ ਨੇ ਪ੍ਰਭ ਆਸਰਾ ਫੇਰੂਰਾਈ ਵਿਖੇ ਆ ਕੇ ਕਮੇਟੀ ਮੈਂਬਰਾਂ ਨੂੰ ਦੱਸਿਆ ਕਿ ਕੁਲਵਿੰਦਰ ਸਿੰਘ ਪੁੱਤਰ ਦੀਪਾ ਸਿੰਘ ਪਿਛਲੇ ਕਈ ਸਾਲਾਂ ਤੋਂ ਤਰਸਯੋਗ ਹਾਲਤ ਵਿਚ ਪਿੰਡ ਹਠੂਰ ਵਿਖੇ ਰਹਿ ਰਿਹਾ ਹੈ | ਉਸ ਦੇ ਮਾਤਾ-ਪਿਤਾ ਬਜ਼ੁਰਗ ਹੋਣ ਕਾਰਨ ਉਹ ਮੰਦਬੁੱਧੀ ਕੁਲਵਿੰਦਰ ਸਿੰਘ ਨੂੰ ਸਾਂਭਣ ਦੇ ਯੋਗ ਨਹੀਂ ਹਨ | ਇਸ ਲਈ ਤਰਸਯੋਗ ਜ਼ਿੰਦਗੀ ਜੀਅ ਰਹੇ ਕੁਲਵਿੰਦਰ ਸਿੰਘ ਦੀ ਦੇਖਭਾਲ ਲਈ ਉਸ ਨੂੰ ਪ੍ਰਭ ਆਸਰਾ ਫੇਰੂਰਾਈ ਨਿਆਸਰਿਆਂ ਦੇ ਘਰ ਵਿਚ ਆਸਰਾ ਦਿੱਤਾ ਜਾਵੇ | ਪ੍ਰਭ ਆਸਰਾ ਦੇ ਕਮੇਟੀ ਮੈਂਬਰਾਂ ਨੇ ਪਹਿਲ ਦੇ ਅਧਾਰ 'ਤੇ ਤਰਸਯੋਗ ਹਾਲਤ ਵਿਚ ਰਹਿ ਰਹੇ ਕੁਲਵਿੰਦਰ ਸਿੰਘ ਨੂੰ ਆਸਰਾ ਦੇ ਕੇ ਸਮਾਜ ਭਲਾਈ ਦਾ ਕੰਮ ਕੀਤਾ | ਇਸ ਮੌਕੇ ਗੱਲਬਾਤ ਦੌਰਾਨ ਹਰਜੀਤ ਸਿੰਘ ਰਾਏ ਕੈਨੇਡਾ ਨੇ ਦੱਸਿਆ ਕਿ ਪਿੰਡ ਫੇਰੂਰਾਈ ਵਿਖੇ ਨਿਆਸਰਿਆਂ ਦੇ ਘਰ ਵਿਚ ਪੰਜਾਹ ਦੇ ਕਰੀਬ ਮੰਦਬੁੱਧੀ ਬੱਚੇ ਤੇ ਬਜ਼ੁਰਗ ਰਹਿ ਰਹੇ ਹਨ | ਉਨ੍ਹਾਂ ਦੀ ਸੇਵਾ ਤੇ ਸੰਭਾਲ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਜਾ ਰਹੀ ਹੈ | ਇਸ ਸਮੇਂ ਪਿੰਡ ਹਠੂਰ ਦੀ ਸਮੁੱਚੀ ਪੰਚਾਇਤ ਤੇ ਕਲੱਬ ਮੈਂਬਰਾਂ ਵਲੋਂ ਪ੍ਰਭ ਆਸਰਾ ਫੇਰੂਰਾਈ ਸੰਸਥਾ ਦਾ ਕੁਲਵਿੰਦਰ ਸਿੰਘ ਨੂੰ ਆਸਰਾ ਦੇਣ ਲਈ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਜਸਕਮਲਪੀਤ ਸਿੰਘ ਹਠੂਰ, ਪੰਚ ਪਾਲਾ ਸਿੰਘ, ਹਰਪ੍ਰੀਤ ਸਿੰਘ, ਪਰਮਿੰਦਰ ਸਿੰਘ, ਜਸਵੀਰ ਸਿੰਘ, ਸੁਖਵਿੰਦਰ ਸਿੰਘ, ਗੁਰਚਰਨ ਸਿੰਘ, ਕਮਲਜੀਤ ਕੌਰ, ਹਰਪਾਲ ਸਿੰਘ, ਬਾਬਾ ਜੀਵਨ ਸਿੰਘ ਕਲੱਬ ਮੈਂਬਰ, ਸੂਬੇਦਾਰ ਜਗਸੀਰ ਸਿੰਘ, ਗੁਰਚਰਨ ਸਿੰਘ ਨੰਬਰਦਾਰ, ਜੱਸੀ ਗਰੇਵਾਲ, ਨਿਰਮਲ ਸਿੰਘ ਰਾਏ ਆਦਿ ਹਾਜ਼ਰ ਸਨ |