ਸਿੱਧਵਾਂ ਬੇਟ/ਹੰਬੜਾਂ, 21 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ, ਹਰਵਿੰਦਰ ਸਿੰਘ ਮੱਕੜ, ਮੇਜਰ ਹੰਬੜਾਂ)-ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਹੜ੍ਹ ਪ੍ਰਭਾਵਿਤ ਤਿੰਨ ਪਿੰਡਾਂ ਸਸਰਾਲੀ, ਵਲੀਪੁਰ ਖੁਰਦ ਅਤੇ ਖੁਰਸ਼ੈਦਪੁਰ ਦੇ 121 ਲਾਭਪਾਤਰੀਆਂ ਨੂੰ ਕੁੱਲ 38.15 ਲੱਖ ਰੁਪਏ ਦੀ ਹੜ੍ਹ ਰਾਹਤ ਰਾਸ਼ੀ ਵੰਡੀ | ਪੂਰੀ ਪਾਰਦਰਸ਼ਤਾ ਲਈ ਪੂਰੀ ਰਕਮ ਸਿੱਧੀ ਲਾਭ ਟਰਾਂਸਫਰ (ਡੀ.ਬੀ.ਟੀ) ਰਾਹੀਂ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਸਿੱਧੀ ਟਰਾਂਸਫਰ ਕਰ ਦਿੱਤੀ ਗਈ ਹੈ | ਇਹ ਰਾਸ਼ੀ ਸਰਟੀਫ਼ਿਕੇਟ ਵੰਡ ਸਮਾਗਮ ਪਿੰਡ ਮੁੰਡੀਆਂ ਵਿਚ ਆਯੋਜਿਤ ਕੀਤਾ ਗਿਆ, ਜਿੱਥੇ ਕੈਬਨਿਟ ਮੰਤਰੀ ਨੇ ਸਤਲੁਜ ਦਰਿਆ ਅਤੇ ਇਸ ਦੀਆਂ ਸਹਾਇਕ ਨਦੀਆਂ ਵਿਚ ਆਏ ਹੜ੍ਹ ਨਾਲ ਤਬਾਹ ਹੋਈਆਂ ਫ਼ਸਲਾਂ ਦੇ ਕਿਸਾਨਾਂ ਨੂੰ ਨਿੱਜੀ ਤੌਰ 'ਤੇ ਸਰਟੀਫ਼ਿਕੇਟ ਸੌਂਪੇ | ਕੈਬਨਿਟ ਮੰਤਰੀ ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਲਈ 24 ਘੰਟੇ ਕੰਮ ਕਰ ਰਹੀ ਹੈ ਜੋ ਕਿ ਪਿਛਲੀ ਕਿਸੇ ਸਰਕਾਰ ਨੇ ਕਦੇ ਨਹੀਂ ਕੀਤਾ | ਉਨ੍ਹਾਂ ਦੱਸਿਆ ਕਿ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਹਰ ਪ੍ਰਭਾਵਿਤ ਪਰਿਵਾਰਾਂ ਨੂੰ ਫ਼ਸਲਾਂ ਦੇ ਨੁਕਸਾਨ ਲਈ 20,000 ਰੁਪਏ ਪ੍ਰਤੀ ਏਕੜ, ਘਰਾਂ ਦੇ ਨੁਕਸਾਨ ਲਈ 1,20,000 ਰੁਪਏ ਅਤੇ ਪਸ਼ੂਆਂ ਦੀ ਸਹਾਇਤਾ ਲਈ ਰਾਸ਼ੀ ਸਿਰਫ਼ 45 ਦਿਨਾਂ ਦੇ ਅੰਦਰ-ਅੰਦਰ ਹੀ ਪੀੜਤਾਂ ਤੱਕ ਪਹੁੰਚਦੀ ਕੀਤੀ ਗਈ ਹੈ |