ਸਿੱਧਵਾਂ ਬੇਟ, 21 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਦਰਿਆ ਸਤਲੁਜ ਦੇ ਕੰਢੇ 'ਤੇ ਸਥਿਤ ਪਿੰਡ ਖੁਰਸ਼ੈਦਪੁਰਾ ਵਿਖੇ ਸਥਿਤ ਇਕ ਗੁਰਦੁਆਰਾ ਸਾਹਿਬ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪ ਰਾਤ ਨੂੰ ਕਮਰੇ ਦਾ ਜਿੰਦਾ ਤੋੜ ਕੇ ਨਗਰ ਦੇ ਦੂਜੇ ਗੁਰਦੁਆਰਾ ਸਾਹਿਬ ਵਿਖੇ ਲੈ ਜਾਣ ਦਾ ਮਾਮਲਾ ਪੁਲਿਸ ਪ੍ਰਸ਼ਾਸਨ ਤੋਂ ਇਲਾਵਾ ਕਈ ਹੋਰ ਸਿੱਖ ਜਥੇਬੰਦੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵੀ ਜਾ ਪੁੱਜਾ ਹੈ | ਇਸ ਸਬੰਧੀ ਜਦੋਂ ਪੱਤਰਕਾਰਾਂ ਦੀ ਟੀਮ ਨਗਰ ਵਿਚ ਸਥਿਤ ਉਸ ਗੁਰਦੁਆਰਾ ਸਾਹਿਬ ਵਿਖੇ ਪੁੱਜੀ ਤਾਂ ਮੌਕੇ 'ਤੇ ਮੌਜੂਦ ਅਤੇ ਪਿਛਲੇ ਲੰਬੇ ਸਮੇਂ ਤੋਂ ਇਸ ਗੁਰਦੁਆਰਾ ਦੀ ਸੇਵਾ ਸੰਭਾਲ ਕਰ ਰਹੇ ਭਾਈ ਮਹਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਆਪਣੇ ਭਰਾਵਾਂ ਨਾਲ ਪਿਛਲੇ ਲੰਬੇ ਤੋਂ ਘਰੇਲੂ ਵਿਵਾਦ ਹੈ | ਇਸੇ ਦੀ ਕੜੀ ਤਹਿਤ ਉਨ੍ਹਾਂ ਨੇ ਆਪਣੇ ਹਮਖਿਆਲੀ ਲੋਕਾਂ ਨਾਲ ਮਿਲ ਕੇ ਮੇਰੇ 'ਤੇ ਇਹ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪਾਂ ਵਿਚੋਂ ਦੋ ਸਰੂਪਾਂ ਨੂੰ ਦੂਜੇ ਗੁਰਦੁਆਰਾ ਸਾਹਿਬ ਵਿਖੇ ਲਿਜਾਣਾ ਹੈ | ਉਪਰੰਤ ਲੰਘੀ 19 ਅਕਤੂਬਰ ਦੀ ਸ਼ਾਮ ਨੂੰ ਉਹ ਮੇਰੇ ਕੋਲ ਗਏ ਅਤੇ ਕਹਿਣ ਲੱਗੇ ਕਿ ਅਸੀਂ ਗੁਰੂ ਸਾਹਿਬ ਜੀ ਦੇ ਸਰੂਪ ਲੈ ਕੇ ਜਾਣੇ ਹਨ | ਪਰ ਜਦੋਂ ਮੈਂ ਉਨ੍ਹਾਂ ਨੂੰ ਆਖਿਆ ਕਿ ਹੁਣ ਗੁਰੂ ਸਾਹਿਬ ਜੀ ਦੇ ਸਰੂਪ ਸੁੱਖਆਸਨ ਕੀਤੇ ਹੋਏ ਹਨ | ਤੁਸੀਂ ਸਵੇਰੇ ਆ ਕੇ ਦੋ ਸਰੂਪ ਲੈ ਜਾਣਾ | ਉਪਰੰਤ ਮੈਂ ਗੁਰੂ ਸਾਹਿਬ ਵਾਲੇ ਕਮਰੇ ਨੂੰ ਤਾਲਾ ਲਗਾ ਦਿੱਤਾ | ਪਰ ਉਹ ਉਸੇ ਰਾਤ ਨੂੰ ਹੀ ਕਮਰੇ ਦਾ ਜਿੰਦਰਾ ਤੋੜ ਕੇ ਚੁੱਪ-ਚੁਪੀਤੇ ਗੁਰੂ ਸਾਹਿਬ ਜੀ ਦੇ ਚਾਰੇ ਸਰੂਪ ਹੀ ਇਕ ਤਰ੍ਹਾਂ ਨਾਲ ਚੋਰੀ ਕਰਕੇ ਦੂਜੇ ਗੁਰਦੁਆਰਾ ਸਾਹਿਬ ਲੈ ਗਏ, ਜਿੱਥੇ ਗੁਰਦੁਆਰਾ ਸਾਹਿਬ ਦੀ ਕੋਈ ਚਾਰਦੀਵਾਰੀ ਵੀ ਨਹੀਂ ਹੈ | ਭਾਈ ਮਹਿੰਦਰ ਸਿੰਘ ਨੇ ਆਖਿਆ ਕਿ ਸਾਨੂੰ ਰਾਤ ਨੂੰ ਹੀ ਪਤਾ ਲੱਗਣ 'ਤੇ ਅਸੀਂ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਪਰ ਅਜੇ ਤੱਕ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਲੋਕਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ | ਜਦੋਂ ਇਸ ਸਬੰਧੀ ਦੂਜੀ ਧਿਰ ਦਾ ਪੱਖ ਸੁਨਣਾ ਚਾਹਿਆ ਤਾਂ ਉਨ੍ਹਾਂ ਵਲੋਂ 17 ਅਕਤੂਬਰ ਨੂੰ ਹੀ ਨਵੀਂ ਬਣਾਈ ਗਈ ਕਮੇਟੀ ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਅਤੇ ਪੰਚ ਹਰੀ ਸਿੰਘ ਨੇ ਉਲਟਾ ਭਾਈ ਮਹਿੰਦਰ ਸਿੰਘ 'ਤੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਦੋਸ਼ ਲਗਾਉਂਦੇ ਹੋਏ ਆਖਿਆ ਕਿ ਅਸੀਂ ਇਨ੍ਹਾਂ ਨੂੰ ਕਈ ਵਾਰ ਆਖ ਚੁੱਕੇ ਹਾਂ ਕਿ ਨਗਰ ਵਿਚ ਸਿਰਫ਼ ਇਕ ਹੀ ਗੁਰਦੁਆਰਾ ਰੱਖਣਾ ਹੈ ਪਰ ਇਹ ਸਾਡੀ ਗੱਲ ਨਹੀਂ ਮੰਨ ਰਿਹਾ ਸੀ | ਜਿਸ ਕਰਕੇ ਸਾਨੂੰ ਮਜ਼ਬੂਰਨ ਕਮਰੇ ਦਾ ਜਿੰਦਾ ਤੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੂਜੇ ਗੁਰਦੁਆਰਾ ਸਾਹਿਬ ਵਿਖੇ ਲਿਜਾਣੇ ਪਏ | ਪਰ ਉਨ੍ਹਾਂ ਆਖਿਆ ਕਿ ਅਸੀਂ ਗੁਰੂ ਸਾਹਿਬ ਜੀ ਦੇ ਸਰੂਪ ਲਿਜਾਣ ਸਮੇਂ ਕੋਈ ਬੇਅਦਬੀ ਨਹੀਂ ਕੀਤੀ | ਦੂਜੇ ਪਾਸੇ ਇਸ ਮੌਕੇ 'ਤੇ ਮੌਜੂਦ ਸਤਿਕਾਰ ਕਮੇਟੀ ਦੇ ਨੁਮਾਇੰਦੇ ਭਾਈ ਮੋਹਣ ਸਿੰਘ ਨੇ ਰਾਤ ਨੂੰ ਕਮਰੇ ਦਾ ਜਿੰਦਾ ਤੋੜ ਕੇ ਪਾਵਨ ਸਰੂਪ ਲੈ ਕੇ ਜਾਣ ਦੀ ਸਖ਼ਤ ਨਿੰਦਾ ਕਰਦੇ ਹੋਏ ਆਖਿਆ ਕਿ ਜਿਨ੍ਹਾਂ ਲੋਕਾਂ ਨੇ ਰਾਤ ਨੂੰ ਗੁਰੂ ਸਾਹਿਬ ਜੀ ਦੀ ਬੇਅਦਬੀ ਕੀਤੀ ਉਨ੍ਹਾਂ ਖ਼ਿਲਾਫ਼ ਕਰਵਾਈ ਜਾਵੇਗੀ | ਜਦੋਂ ਇਸ ਸਬੰਧੀ ਸਥਾਨਕ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਜਸਵੰਤ ਸਿੰਘ ਪੁੜੈਣ ਨਾਲ ਗੱਲ ਕੀਤੀ ਕਿ ਤਾਂ ਉਨ੍ਹਾਂ ਆਖਿਆ ਕਿ ਰਾਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੈ ਜਾਣ ਵਾਲਾ ਮਾਮਲਾ ਬਹੁਤ ਹੀ ਗੰਭੀਰ ਮਾਮਲਾ ਹੈ | ਇਸ ਸਬੰਧੀ ਪੂਰੀ ਜਾਣਕਾਰੀ ਹਾਸਲ ਕੀਤੀ ਜਾਵੇਗੀ | ਇਸ ਸਬੰਧੀ ਥਾਣਾ ਇੰਚਾਰਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਹ ਮਾਮਲਾ ਧਾਰਮਿਕ ਦੱਸਦੇ ਹੋਏ ਆਖਿਆ ਕਿ ਇਸ ਸਬੰਧੀ ਦੋਹਾਂ ਧਿਰਾਂ ਨੂੰ ਹੀ ਥਾਣੇ ਬੁਲਾ ਕੇ ਇਸ ਦਾ ਹੱਲ ਕੱਢਿਆ ਜਾਵੇਗਾ |