ਚੌਂਕੀਮਾਨ, 21 ਅਕਤੂਬਰ (ਤੇਜਿੰਦਰ ਸਿੰਘ ਚੱਢਾ)- ਸੇਵਾਮੁਕਤ ਮੁੱਖ ਅਧਿਆਪਕਾ ਨਸੀਬ ਕੌਰ ਪਤਨੀ ਸਵ: ਮਾਸਟਰ ਦਲਜੀਤ ਸਿੰਘ (ਫਰੀਡਮ ਫਾਈਟਰ ਗਿਆਨੀ ਬੀਰ ਸਿੰਘ ਪਰਿਵਾਰ) ਵਲੋਂ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿਚੋਂ ਦਸਵੰਧ ਕੱਢਦਿਆਂ ਹੋਇਆਂ ਮਨੁੱਖਤਾ ਦੀ ਸੇਵਾ ਲਈ ਪਿੰਡ ਸਵੱਦੀ ਪੱਛਮੀ/ਸਵੱਦੀ ਕਲਾਂ ਲਈ ਇਕ ਐਂਬੂਲੈਂਸ ਭੇਟ ਕੀਤੀ ਗਈ | ਨਸੀਬ ਕੌਰ ਦੀ ਬੇਟੀ ਪਿ੍ੰਸੀਪਲ ਅਮਰਦੀਪ ਕੌਰ ਤੇ ਉਨ੍ਹਾਂ ਦੇ ਪਤੀ ਲੈਕਚਰਾਰ ਚਰਨਜੀਤ ਸਿੰਘ ਗਿੱਲ ਵਿਸ਼ੇਸ਼ ਤੌਰ 'ਤੇ ਗੁਰਦੁਆਰਾ ਕਲਗੀਧਰ ਸਾਹਿਬ ਸਵੱਦੀ ਪੱਛਮੀ ਵਿਖੇ ਪਹੁੰਚੇ ਤੇ ਉਨ੍ਹਾਂ ਵਲੋਂ ਗੁਰਦੁਆਰਾ ਕਲਗੀਧਰ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਐਂਬੂਲੈਂਸ ਦੀਆਂ ਚਾਬੀਆਂ ਸੌਂਪੀਆਂ ਗਈਆਂ | ਇਹ ਐਂਬੂਲੈਂਸ ਕਿਸੇ ਵੀ ਐਮਰਜੈਂਸੀ ਹਾਲਾਤ ਵਿਚ ਵਰਤੀ ਜਾਇਆ ਕਰੇਗੀ ਤੇ ਗੁਰਦੁਆਰਾ ਕਲਗੀਧਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਹੇਠ ਇਹ ਸੇਵਾ ਨਿਭਾਈ ਜਾਵੇਗੀ | ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਿੰਡ ਵਾਸੀਆਂ ਵਲੋਂ ਪਰਿਵਾਰ ਨੂੰ ਸਿਰੋਪਾਓ ਦੇ ਕੇ ਉਨ੍ਹਾ ਦਾ ਸਤਿਕਾਰ ਕੀਤਾ ਗਿਆ |