ਬਠਿੰਡਾ, 4 ਦਸੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਦੇ ਗਰੀਨ ਸਿਟੀ ਕਾਲੋਨੀ 'ਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਭਾਈ ਅਮਨਦੀਪ ਸਿੰਘ ਖ਼ਾਲਸਾ ਅਤੇ ਬੀਬੀ ਮਨਦੀਪ ਕੌਰ ਵਾਸੀ ਪਿੰਡ ਕੋਠਾ ਗੁਰੂ ਦਾ ਅਨੰਦ ਕਾਰਜ ਸਿੱਖ ਰਹਿਤ ਮਰਿਆਦਾ ਅਨੁਸਾਰ ਹੋਇਆ | ਦੋਵਾਂ ਪਰਿਵਾਰਾਂ ਵਲੋਂ ਗੁਰਦੁਆਰਾ ਸਾਹਿਬ 'ਚ ਕਰਵਾਏ ਇਸ ਸਮਾਗਮ 'ਚ ਵਿਸ਼ੇਸ਼ ਗੱਲ ਇਹ ਦੇਖਣ ਨੂੰ ਮਿਲੀ ਕਿ ਬਰਾਤ ਸਮੇਤ ਆਏ ਸਾਰੀਆਂ ਸੰਗਤਾਂ ਵਲੋਂ ਪੰਗਤ 'ਚ ਬੈਠ ਕੇ ਲੰਗਰ ਛੱਕਿਆ ਗਿਆ | ਇਸ ਮੌਕੇ ਸਰਦਾਰ ਹਰੀ ਸਿੰਘ ਨਲੂਆ ਗੱਤਕਾ ਅਖਾੜਾ ਦੇ ਜੰਗਜੂਆਂ ਵਲੋਂ ਗੱਤਕੇ ਦੇ ਜੌਹਰ ਵਿਖਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਗਿਆ | ਇਸ ਮੌਕੇ ਭਾਈ ਜਸਕਰਨ ਸਿੰਘ ਖ਼ਾਲਸਾ ਭੁੱਚੋ ਖ਼ੁਰਦ ਨੇ ਦੱਸਿਆ ਕਿ ਅਜੋਕੇ ਸਮੇਂ 'ਚ ਜਿੱਥੇ ਲੋਕ ਆਪਣੇ ਪੁੱਤਰ-ਪੁੱਤਰੀ ਦੇ ਵਿਆਹ ਦਾ ਪ੍ਰੋਗਰਾਮ ਮਹਿੰਗੇ ਹੋਟਲਾਂ ਕਲੱਬਾਂ ਵਿਚ ਕਰਦੇ ਹਨ, ਜਿੱਥੇ ਲੱਖਾਂ-ਕਰੋੜਾਂ ਰੁਪਏ ਵੀ ਖ਼ਰਚ ਹੁੰਦੇ ਹਨ | ਪਰ ਭਾਈ ਅਮਨਦੀਪ ਸਿੰਘ ਖ਼ਾਲਸਾ ਵਾਸੀ ਜੁਝਾਰ ਸਿੰਘ ਨਗਰ ਨੇ ਆਪਣੇ ਅਨੰਦ ਕਾਰਜ ਸਿੱਖ ਰਹਿਤ ਮਰਿਆਦਾ ਅਨੁਸਾਰ ਕਰਕੇ ਸਮਾਜ ਵਿਚ ਇਕ ਅਨੋਖੀ ਪਹਿਲ ਕੀਤੀ ਗਈ ਹੈ | ਇਸ ਮੌਕੇ ਰਾਗੀ ਜਥਾ ਭਾਈ ਸੁਖਬਾਜ਼ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਭਾਈ ਵਜ਼ੀਰ ਸਿੰਘ ਫ਼ਿਰੋਜ਼ਪੁਰ ਵਲੋਂ ਲਾਵਾਂ ਪੜ੍ਹੀਆਂ ਅਤੇ ਅਰਦਾਸ ਬੇਨਤੀ ਕੀਤੀ ਗਈ | ਭਾਈ ਜਸਕਰਨ ਸਿੰਘ ਨੇ ਕਿਹਾ ਕਿ ਇਸ ਸਮਾਗਮ ਦੌਰਾਨ ਵਿਸ਼ੇਸ਼ ਗੱਲ ਇਹ ਦੇਖਣ ਨੂੰ ਮਿਲੀ ਕਿ ਜੋ ਸੰਗਤਾਂ ਲਈ ਖਾਣਪੀਣ ਦਾ ਸਮਾਨ ਤਿਆਰ ਕੀਤਾ ਗਿਆ ਸੀ, ਉਹ ਸਰਬਲੋਹ ਦੇ ਬਰਤਨ 'ਚ ਤਿਆਰ ਕੀਤਾ ਗਿਆ ਸੀ | ਇਸ ਖਾਣ-ਪੀਣ ਵਾਲੇ ਸਮਾਨ ਨੂੰ ਬਣਾਉਣ ਵਾਲੇ ਹਲਵਾਈ ਭਾਈ ਰਣਜੀਤ ਸਿੰਘ ਪਿੰਡ ਚੀਮਾ ਅਤੇ ਤੰਦੂਰੀਆਂ ਭਾਈ ਬਿਕਰਮਜੀਤ ਸਿੰਘ ਬਟਾਲਾ ਜੋ ਕਿ ਸਿੱਖੀ ਬਾਣੇ 'ਚ ਸਨ, ਵਲੋਂ ਸੇਵਾ ਨਿਭਾਈ ਗਈ ਹੈ | ਗੁਰੂ ਸਾਹਿਬ ਦੀ ਕਿਰਪਾ ਨਾਲ ਸਮੁੱਚੇ ਕਾਰਜ ਬਹੁਤ ਅਨੰਦਮਈ ਮਾਹੌਲ ਵਿਚ ਨੇਪਰੇ ਚੜ੍ਹੇ ਹਨ | ਇਸ ਮੌਕੇ ਭਾਈ ਅਮਰੀਕ ਸਿੰਘ, ਭਾਈ ਹਰਦੀਪਕ ਸਿੰਘ, ਹਾਕਮ ਸਿੰਘ, ਗੋਬਿੰਦ ਸਿੰਘ, ਪ੍ਰਭਲੀਨ ਸਿੰਘ, ਨਿਹਾਲ ਸਿੰਘ, ਅਜੀਤ ਸਿੰਘ, ਬੀਬੀ ਦਵਿੰਦਰ ਕੌਰ ਹਾਜ਼ਰ ਸਨ |