ਬਰੇਟਾ, 31 ਅਗਸਤ (ਪਾਲ ਸਿੰਘ ਮੰਡੇਰ/ ਜੀਵਨ ਸ਼ਰਮਾ)- ਪਿੰਡ ਜਲਵੇੜਾ ਵਿਖੇ ਬਰੇਟਾ ਡਰੇਨ ਦੇ ਓਵਰਫ਼ਲੋ ਹੋ ਜਾਣ ਕਾਰਨ 550 ਏਕੜ ਰਕਬੇ ਵਿਚ ਪਾਣੀ ਭਰ ਗਿਆ ਹੈ | ਸਾਬਕਾ ਸਰਪੰਚ ਸਤਗੁਰ ਸਿੰਘ ਅਤੇ ਗਮਦੂਰ ਸਿੰਘ ਨੇ ਦੱਸਿਆ ਕਿ ਪਾਣੀ ਦੀ ਵੱਡੀ ਮਾਰ ਪਈ ਹੈ ਅਤੇ ਥੋੜ੍ਹੇ ਰਕਬੇ ਨੂੰ ਛੱਡ ਕੇ ਤਕਰੀਬਨ ਸਾਰੇ ਪਿੰਡ ਦੀ ਫ਼ਸਲ ਪ੍ਰਭਾਵਿਤ ਹੋਈ ਹੈ | ਉਨ੍ਹਾਂ ਦੱਸਿਆ ਕਿ ਖੇਤਾਂ ਵਿਚ 8 ਤੋਂ 9 ਫੁੱਟ ਤੱਕ ਪਾਣੀ ਖੜ੍ਹ ਗਿਆ ਹੈ, ਜਿੱਥੇ ਕਣਕ ਦੀ ਬਿਜਾਈ ਵੀ ਮੁਸ਼ਕਿਲ ਨਾਲ ਹੋ ਸਕੇਗੀ | ਭਾਵੇਂ ਪਿੰਡ ਵਾਸੀਆਂ ਵਲੋਂ ਕੋਲੋਂ ਲੰਘਦੀ ਡਰੇਨ 'ਤੇ ਨਿਗ੍ਹਾ ਰੱਖੀ ਜਾ ਰਹੀ ਹੈ ਪਰ ਉਸ ਦੇ ਕਿਨਾਰੇ ਕਮਜ਼ੋਰ ਹਨ | ਜਿਸ ਹਿਸਾਬ ਨਾਲ ਡਰੇਨ ਵਿਚ ਪਾਣੀ ਆ ਰਿਹਾ ਹੈ, ਜੋ ਹੋਰ ਰਕਬੇ ਨੂੰ ਵੀ ਲਪੇਟ ਵਿਚ ਲੈ ਸਕਦਾ ਹੈ | ਕੁਝ ਲੋਕਾਂ ਦੇ ਘਰ ਵੀ ਪਾਣੀ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ ਕੁਝ ਘਰਾਂ ਦੀਆਂ ਚਾਰਦੀਵਾਰੀਆਂ ਵੀ ਡਿੱਗ ਗਈਆਂ ਹਨ | ਪਿੰਡ ਵਾਸੀਆਂ ਦੀ ਸਰਕਾਰ ਤੋਂ ਮੰਗ ਹੈ ਕਿ ਤੁਰੰਤ ਆਰਥਿਕ ਮਦਦ ਕੀਤੀ ਜਾਵੇ |