ਬੋਹਾ, 31 ਅਗਸਤ (ਰਮੇਸ਼ ਤਾਂਗੜੀ)- ਨਗਰ ਪੰਚਾਇਤ ਬੋਹਾ ਨਾਲ ਸਬੰਧਿਤ ਸਫ਼ਾਈ ਸੇਵਕਾਂ ਵਲੋਂ ਮੰਗਾਂ ਨੂੰ ਲੈ ਕੇ ਵਿੱਢਿਆ ਸੰਘਰਸ਼ ਅੱਜ 10ਵੇਂ ਦਿਨ 'ਚ ਸ਼ਾਮਿਲ ਹੋ ਗਿਆ ਹੈ | ਇਸ ਮੌਕੇ ਸਫ਼ਾਈ ਸੇਵਕਾਂ ਨੇ ਸਵੇਰੇ ਹੀ ਦਫ਼ਤਰ ਪਹੁੰਚ ਕੇ ਧਰਨਾ ਲਗਾਇਆ ਅਤੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਸੰਬੋਧਨ ਕਰਦਿਆਂ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਗੁਰਸੇਵਕ ਸਿੰਘ ਬੋਹਾ ਨੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ ਅਤੇ ਦੂਜੇ ਪਾਸੇ ਪਿਛਲੇ ਦਿਨੀਂ ਪਏ ਮੀਂਹ ਨਾਲ ਕਸਬੇ ਦੇ ਕਈ ਵਾਰਡਾਂ 'ਚ ਪਾਣੀ ਖੜ੍ਹ ਗਿਆ ਅਤੇ ਚੈਂਬਰ ਦੀਆਂ ਮੋਟਰਾਂ ਵੀ ਬੰਦ ਰਹੀਆਂ ਪਰ ਉਨ੍ਹਾਂ ਦੀ ਮਜਬੂਰੀ ਹੋਣ ਕਰਕੇ ਉਹ ਪਾਣੀ ਨਹੀਂ ਕੱਢ ਸਕੇ, ਜਿਸ ਕਰਕੇ ਕਸਬੇ ਦੇ ਲੋਕਾਂ ਵਿਚ ਰੋਹ ਪੈਦਾ ਹੋ ਗਿਆ | ਜੇਕਰ ਸਰਕਾਰ ਤੇ ਪ੍ਰਸ਼ਾਸਨ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਇਵੇਂ ਉਦਾਸੀਨ ਰਿਹਾ ਤਾਂ ਉਹ ਆਪਣੀ ਹੜਤਾਲ ਜਾਰੀ ਰੱਖਣਗੇ | ਉਨ੍ਹਾਂ ਮੰਡੀ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀਆਂ ਮੰਗਾਂ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਅਤੇ ਉਨ੍ਹਾਂ ਦਾ ਸਾਥ ਦੇਣ ਤਾਂ ਜੋ ਉਹ ਮੰਗਾਂ ਮੰਨਵਾ ਕੇ ਡਿਊਟੀ 'ਤੇ ਆ ਸਕਣ | ਮੋਹਨ ਸਿੰਘ ਖ਼ਜ਼ਾਨਚੀ, ਸਕੱਤਰ ਰਿੰਪੀ, ਰਣ ਕੌਰ, ਸੀਮਾ ਕੌਰ ਆਦਿ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਸੱਤਾ 'ਤੇ ਕਾਬਜ਼ ਹੁੰਦਿਆਂ ਪੱਕਾ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਚਿਤਾਵਨੀ ਦਿੱਤੀ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਜਾਰੀ ਰੱਖਿਆ ਜਾਵੇਗਾ | ਇਸ ਮੌਕੇ ਰਾਣਾ ਰਾਮ, ਧਰਮਪਾਲ, ਰਘੁਵੀਰ ਸਿੰਘ, ਬਬਲੀ ਕੌਰ, ਜੀਤ ਬਾਈ ਆਦਿ ਹਾਜ਼ਰ ਸਨ |